ਜੇਐੱਨਐੱਨ, ਨਵੀਂ ਦਿੱਲੀ : ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਸਰਗਰਮ ਹੋਣ ਸ਼ਨਿਚਰਵਾਰ ਨੂੰ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਮੌਸਮ ਇਕਦਮ ਬਦਲ ਗਿਆ। ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ’ਤੇ ਬਰਫ਼ਬਾਰੀ ਤੇ ਸੂਬੇ ਦੇ ਮੈਦਾਨੀ ਇਲਾਕਿਆਂ ’ਚ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ। ਅਗਲੇ 24 ਘੰਟਿਆਂ ਤੱਕ ਮੌਸਮ ਦਾ ਮਿਜ਼ਾਜ ਕੁਝ ਅਜਿਹਾ ਹੀ ਬਣਿਆ ਰਹੇਗਾ। ਬਾਰਿਸ਼ ਤੇ ਬਰਫ਼ਬਾਰੀ ਕਾਰਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਤਾਪਮਾਨ ਆਮ ਨਾਲੋਂ 10 ਡਿਗਰੀ ਸੈਲਸੀਅਸ ਹੇਠਾਂ ਚਲੇ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਜੰਮੂ-ਸ੍ਰੀਨਗਰ ਹਾਈਵੇ ’ਤੇ ਆਵਾਜਾਈ ਅਜੇ ਸੁਚਾਰੂ ਢੰਗ ਨਾਲ ਬਹਾਲ ਹੈ।

ਹਿਮਾਚਲ ਦੇ ਰੋਹਤਾਂਗ, ਸ਼ਿੰਕੁਲਾ, ਕੁੰਜਮ ਤੇ ਬਾਰਾਲਾਚਾ ਦੱਰਿਆਂ ’ਚ ਬਰਫ਼ ਦੀ ਚਿੱਟੀ ਚਾਦਰ ਵਿਛ ਗਈ। ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਵੀ ਹੋਈ। ਮੌਸਮ ਵਿਭਾਗ ਨੇ 15 ਅਕਤੂਬਰ ਨੂੰ ਕਿੰਨੌਰ ਨੂੰ ਛੱਡ ਕੇ ਬਾਰੀ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਊਨਾ, ਹਮੀਰਪੁਰ, ਮੰਡੀ, ਬਿਲਾਸਪੁਰ, ਸੋਲਨ ਤੇ ਸਿਰਮੌਰ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਜਦਕਿ ਪੰਜ ਜ਼ਿਲ੍ਹਿਆਂ ਲਈ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ।

ਭਾਰਤੀ ਮੌਸਮ ਵਿਭਾਗ ਨੇ ਸ਼ਨਿਚਰਵਾਰ ਨੂੰ ਜੰਮੂ-ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਲਈ ਆਰੈਂਜ ਅਲਰਟ ਜਾਰੀ ਕਰਦਿਆਂ ਉੱਥੋਂ ਦੇ ਕੁਝ ਇਲਾਕਿਆਂ ’ਚ ਅਗਲੇ ਦੋ ਦਿਨਾਂ ਤੱਕ ਭਾਰੀ ਬਾਰਿਸ਼ ਤੇ ਬਰਫ਼ਬਾਰੀ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਅਨੁਸਾਰ ਇਹ ਮੌਸਮ ਦੀ ਪਹਿਲੀ ਪੱਛਮੀ ਗੜਬੜੀ ਹੈ ਤੇ ਉੱਤਰ-ਪੱਛਮ ਤੇ ਮੱਧ ਭਾਰਤ ’ਚ 17 ਅਕਤੂਬਰ ਤੱਕ ਇਸ ਦਾ ਅਸਰ ਦੇਖਣ ਨੂੰ ਮਿਲੇਗਾ।

————-