Ad-Time-For-Vacation.png

ਪੰਜਾਬ ਦੇ ਸਤਾਏ ਹੋਏ ਤੇ ਉਦਾਸ ਲੋਕਾਂ ਨੇ ਇਤਿਹਾਸ ਸਿਰਜ ਦਿੱਤਾ

ਬਠਿੰਡਾ ਵਿਚ ਆਮ ਆਦਮੀ ਪਾਰਟੀ ਦੇ ਬਾਗੀਆਂ ਵੱਲੋਂ ਕੱਲ੍ਹ ਕੀਤੀ ਗਈ ਰੈਲੀ ਨੇ ਇਤਿਹਾਸ ਸਿਰਜ ਦਿੱਤਾ। ਇਸ ਰੈਲੀ ਦੀਆਂ ਬਹੁਤ ਸਾਰੀਆਂ ਗੱਲਾਂ ਮੀਡੀਆ ਦੱਸ ਹੀ ਨਹੀਂ ਸਕਿਆ ਜਾਂ ਸਮਝ ਹੀ ਨਹੀਂ ਸਕਿਆ ਅਤੇ ਜਾਂ ਫਿਰ ਪੰਜਾਬੀਆਂ ਦੇ ਧੁਰ ਅੰਦਰ ਵਗ ਰਹੀ ਰਾਜਨੀਤਕ ਅਤੇ ਮਨੋਵਿਗਿਆਨਕ ਹਨੇਰੀ ਨੇ ਕਿਹੜਾ ਰੁਖ ਅਖਤਿਆਰ ਕਰਨਾ ਹੈ, ਮੀਡੀਆ ਨੂੰ ਇਹ ਜਾਨਣ ਵਿਚ ਕੋਈ ਦਿਲਚਸਪੀ ਹੀ ਨਹੀਂ ਜਾਪਦੀ। 2 ਅਗਸਤ ਨੂੰ ਇਕ ਲੰਮੇ ਅਰਸੇ ਤੋਂ ਬਾਅਦ ਮਾਲਵੇ ਦੀ ਧਰਤੀ ‘ਤੇ ਇਕ ਅਜਿਹੀ ਰੈਲੀ ਵੇਖੀ ਗਈ ਜਿਥੇ ਲੋਕ ਆਪ ਮੁਹਾਰੇ ਆਏ। ਜਿਹੜੀ ਗੱਲ ਨਾ ਤਾਂ ਸਰਕਾਰ ਨੂੰ ਪਤਾ ਲੱਗ ਰਹੀ ਹੈ, ਨਾ ਹੀ ਮੀਡੀਆ ਦੇ ਸਮਝ ਵਿਚ ਆਈ ਹੈ ਅਤੇ ਇਥੋਂ ਤੱਕ ਕਿ ਰੈਲੀ ਦੇ ਪ੍ਰਬੰਧਕਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ, ਉਹ ਅਸਲ ਵਿਚ ਅੰਦਰਲੀ ਗੱਲ ਇਹ ਸੀ ਕਿ ਇਹ ਪੰਜਾਬ ਦੇ ਰੁਲੇ ਖੁਲੇ ਉਦਾਸ ਲੋਕਾਂ ਦਾ ਇਕੱਠ ਸੀ ਜੋ ਇਕ ਉਮੀਦ ਦੀ ਕਿਰਨ ਲੈ ਕੇ ਇਥੇ ਆਏ ਸਨ। ਇਸਦਾ ਵੱਡਾ ਕਾਰਨ ਇਹ ਸੀ ਕਿ ਅਸਲ ਵਿਚ ਪੰਜਾਬ ਦੇ ਲੋਕ ਅਕਾਲੀ ਤੇ ਕਾਂਗਰਸੀ ਦੋਵਾਂ ਤੋਂ ਹੀ ਗੁੱਸੇ ਵਿਚ ਹਨ ਅਤੇ ਦੂਜਾ ਉਨ੍ਹਾਂ ਨੂੰ ਦਿੱਲੀ ਵਿਚ ਬੈਠੇ ਅਰਵਿੰਦ ਕੇਜਰੀਵਾਲ ਤੋਂ ਗੁੱਸਾ ਸੀ, ਜੋ ਪੰਜਾਬ ਦੇ ਅਣਖੀ ਤੇ ਗੈਰਤਮੰਦ ਲੋਕਾਂ ਉਤੇ ਹੁਕਮ ਚਾੜ੍ਹ ਰਿਹਾ ਸੀ ਜਿਨ੍ਹਾਂ ਨੇ ਅੱਜ ਤੱਕ ਕਦੇ ਵੀ ਕਿਸੇ ਦੀ ਟੈਂਅ ਨਹੀਂ ਮੰਨੀ। ਸੱਚ ਤਾਂ ਇਹ ਸੀ ਕਿ ਦਿੱਲੀ ਦੀ ਲੀਡਰਸ਼ਿਪ ਲੋਕਾਂ ਦੀ ਨਫਰਤ ਦਾ ਕੇਂਦਰ ਬਣ ਚੁੱਕੀ ਹੈ। ਇਥੋਂ ਤੱਕ ਗੁੱਸੇ ਦਾ ਗ੍ਰਾਫ ਪਹੁੰਚ ਗਿਆ ਹੈ ਕਿ ਸੁਖਪਾਲ ਖਹਿਰਾ ਨੇ ਵਿਸ਼ੇਸ਼ ਕਰਕੇ ਆਪਣੀ ਤਕਰੀਰ ਵਿਚ ਦੋ ਵਿਅਕਤੀਆਂ ਦਾ ਨਾਂਅ ਲਏ ਤੋਂ ਬਿਨਾਂ ਹੀ ਉਨ੍ਹਾਂ ਨੂੰ ਸੂਬੇਦਾਰ ਦੱਸਿਆ ਜਿਨ੍ਹਾਂ ਨੇ 2017 ਦੀਆਂ ਅਸੈਂਬਲੀ ਚੋਣਾਂ ਦੌਰਾਨ ਹਰ ਪੱਖ ਤੋਂ ਲੋਕਾਂ ਦਾ ਸ਼ੋਸ਼ਣ ਕੀਤਾ। ਸਾਫ ਇਸ਼ਾਰਾ ਦੁਰਗੇਸ਼ ਪਾਠਕ ਅਤੇ ਸੰਜੈ ਸਿੰਘ ਵੱਲ ਸੀ ਜੋ ਅਜੇ ਵੀ ਪਰਦੇ ਦੇ ਪਿੱਛੇ ਕੰਮ ਕਰਦੇ ਹਨ ਅਤੇ ਗਲਤ ਜਾਣਕਾਰੀਆਂ ਅਰਵਿੰਦ ਕੇਜਰੀਵਾਲ ਤੱਕ ਪਹੁੰਚਾਉਂਦੇ ਹਨ।
ਬਠਿੰਡਾ ਤੋਂ ਇਕ ਉਘੇ ਪੱਤਰਕਾਰ ਅਨਿਲ ਵਰਮਾ ਮੁਤਾਬਕ ਜਿਸ ਨੇ ਇਸ ਰੈਲੀ ਦੇ ਧੜਕਦੇ ਮਨਾਂ ਤੱਕ ਝਾਤ ਮਾਰੀ ਹੈ ਅਤੇ ਇਸ ਦੇ ਮਨੋਵਿਗਿਆਨਕ ਪਹਿਲੂਆਂ ਵਿਚ ਡੂੰਘਾ ਉਤਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਦੀਆਂ ਟਿੱਪਣੀਆਂ ਸੁਣਨ ਤੇ ਯਾਦ ਰੱਖਣ ਵਾਲੀਆਂ ਹਨ : ਇਹ ਰੈਲੀ ਅਸਾਧਾਰਣ ਕਿਸਮ ਦੀ ਰੈਲੀ ਸੀ। ਇਹ ਕੋਈ ਪੇਡ (ਫ194) ਇਕੱਠ ਨਹੀਂ ਸੀ। ਇਹ ਢੋਇਆ ਹੋਇਆ ਇਕੱਠ ਨਹੀਂ ਸੀ। ਇਹ ਲਿਆਂਦਾ ਹੋਇਆ ਇਕੱਠ ਨਹੀਂ ਸੀ। ਇਹ ਖਰੀਦਿਆ ਹੋਇਆ ਇਕੱਠ ਨਹੀਂ ਸੀ। ਇਹ ਘੁੰਮਣ ਅਤੇ ਸੈਰ ਕਰਨ ਆਏ ਲੋਕਾਂ ਦਾ ਇਕੱਠ ਨਹੀਂ ਸੀ। ਇਹ ਬੁਰੀ ਤਰ੍ਹਾਂ ਸਤਾਏ ਹੋਏ ਉਨ੍ਹਾਂ ਲੋਕਾਂ ਦਾ ਇਕੱਠ ਸੀ ਜੋ ਦਿੱਲੀ ਹਾਈ ਕਮਾਂਡ ਤੋਂ ਸਤਾਏ ਹੋਏ ਸਨ। ਇਹ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਤੋਂ ਵੀ ਸਤਾਏ ਹੋਏ ਲੋਕਾਂ ਦਾ ਇਕੱਠ ਸੀ ਅਤੇ ਉਨ੍ਹਾਂ ਲੋਕਾਂ ਦਾ ਵੀ ਇਕੱਠ ਸੀ ਜੋ ਸਟੇਜ ‘ਤੇ ਬੈਠੇ ਹੋਏ ਕੁਝ ਵਿਧਾਇਕਾਂ ਦੀ ਕਾਰਗੁਜ਼ਾਰੀ ਤੋਂ ਵੀ ਦੁਖੀ ਸਨ।
ਸੀਆਈਡੀ ਦੇ ਸੂਤਰਾਂ ਮੁਤਾਬਕ 27 ਹਜ਼ਾਰ ਲੋਕ ਰੈਲੀ ਵਿਚ ਪਹੁੰਚੇ ਹੋਏ ਸਨ ਜਦਕਿ ਆਈ.ਬੀ. ਨੇ ਵਧਾ ਚੜ੍ਹਾ ਕੇ ਇਹ ਗਿਣਤੀ 30 ਹਜ਼ਾਰ ਤੋਂ ਉਪਰ ਦੱਸੀ ਹੈ ਕਿਉਂਕਿ ਰੈਲੀ ਦੇ ਖਤਮ ਹੋਣ ਤੱਕ ਵੀ ਲੋਕ ਰੈਲੀ ਵੱਲ ਮਾਰਚ ਕਰ ਰਹੇ ਸਨ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਇਹ ਗਿਣਤੀ 15 ਹਜ਼ਾਰ ਦੇ ਕਰੀਬ ਸੀ ਜਦਕਿ ਪ੍ਰਬੰਧਕਾਂ ਨੂੰ ਉਮੀਦ ਸੀ ਕਿ ਇਸ ਰੈਲੀ ਵਿਚ 5 ਹਜ਼ਾਰ ਤੱਕ ਲੋਕ ਆ ਜਾਣਗੇ। ਅੱਜ ਚੰਡੀਗੜ੍ਹ ਤੋਂ ਛਪਣ ਵਾਲੇ ਰੋਜ਼ਾਨਾ ਅਖਬਾਰਾਂ ਹਿੰਦੁਸਤਾਨ ਟਾਈਮਸ, ਟਾਈਮਜ਼ ਆਫ ਇੰਡੀਆ, ਇੰਡੀਅਨ ਐਕਸਪ੍ਰੈਸ ਅਤੇ ਟ੍ਰਿਬਿਊਨ ਨੇ ਇਹ ਸਵੀਕਾਰ ਕੀਤਾ ਕਿ ਇਹ ਰੈਲੀ ਪ੍ਰਭਾਵਸ਼ੈਲੀ ਲੋਕਾਂ ਦਾ ਇਕੱਠ ਸੀ ਜਿਸ ਵਿਚ ਨਾ ਹੀ ਕੋਈ ਲੰਗਰ ਦਾ ਪ੍ਰਬੰਧ ਸੀ ਅਤੇ ਨਾ ਹੀ ਹੋਰ ਸਹੂਲਤਾਂ ਸਨ, ਪਰ ਫਿਰ ਵੀ ਲੋਕ ਅਰੰਭ ਤੋਂ ਲੈ ਕੇ ਅੰਤ ਤੱਕ ਰੈਲੀ ਵਿਚ ਬੈਠੇ ਰਹੇ ਅਤੇ ਬੁਲਾਰਿਆਂ ਨੂੰ ਸੁਣਦੇ ਰਹੇ। ਕੁਝ ਅੰਗਰੇਜ਼ੀ ਅਖਬਾਰਾਂ ਨੇ ਪੂਰਾ ਇਕ ਸਫਾ ਹੀ ਇਸ ਰੈਲੀ ਨੂੰ ਸਮਰਪਤ ਕੀਤਾ ਹੋਇਆ ਸੀ। ‘ਪਹਿਰੇਦਾਰ’ ਅਖਬਾਰ ਨੇ ਰੈਲੀ ਦੀਆਂ ਖਬਰਾਂ ਦੇ ਨਾਲ ਨਾਲ ਇਸ ਦੇ ਮੁਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਵਿਸ਼ੇਸ਼ ਸੰਪਾਦਕੀ ਵੀ ਲਿਖਿਆ। ਪੰਡਾਲ ਵਿਚ ਕੁਰਸੀਆਂ ਦੀ ਗਿਣਤੀ 9 ਹਜ਼ਾਰ ਤੋਂ ਉਪਰ ਦੱਸੀ ਜਾ ਰਹੀ ਹੈ। 80 ਫੀਸਦੀ ਤੋਂ ਵੱਧ ਨੌਜਵਾਨਾਂ ਦੀ ਗਿਣਤੀ ਸੀ ਜਦਕਿ ਸਟੇਜ ਉਤੇ ਬੈਠੇ ਅਤੇ ਸਟੇਜ ਦੇ ਇਰਦ ਗਿਰਦ ਖੜ੍ਹੇ ਲੋਕਾਂ ਦੀ ਗਿਣਤੀ 400 ਦੇ ਕਰੀਬ ਸੀ।
ਰੈਲੀ ਵਿਚ ਸ਼ਾਮਿਲ ਇਕ ਵਲੰਟੀਅਰ ਸੁਖਦੇਵ ਸਿੰਘ, ਜਿਸ ਨੇ ਹੁਣ ਤੱਕ 200 ਤੋਂ ਵੱਧ ਰੈਲੀਆਂ ਨੂੰ ਵੱਖ ਵੱਖ ਪੱਖਾਂ ਤੋਂ ਦੇਖਿਆ ਹੈ ਅਤੇ ਜਿਸਨੂੰ ਰੈਲੀ ਵਿਚ ਆਉਣ ਵਾਲੇ ‘ਆਪ ਮੁਹਾਰੇ ਲੋਕਾਂ’ ਅਤੇ ‘ਖਰੀਦ ਕੇ ਲਿਆਂਦੇ ਲੋਕਾਂ’ ਦਰਮਿਆਨ ਸਹੀ ਸਹੀ ਫਰਕ ਕਰਨ ਦਾ ਤਜਰਬਾ ਤੇ ਡੂੰਘਾ ਅਨੁਭਵ ਹੈ, ਉਸਦਾ ਕਹਿਣਾ ਸੀ ਕਿ ਜਦੋਂ ਤੱਕ ਤੁਸੀਂ ਸਟੇਡੀਅਮ ਦੇ ਆਲੇ ਦੁਆਲੇ ਦੀ ਹਾਲਤ ਤੇ ਸਥਿਤੀ ਦਾ ਨਕਸ਼ਾ ਆਪਣੇ ਧਿਆਨ ਵਿਚ ਨਹੀਂ ਰੱਖਦੇ ਉਦੋਂ ਤੱਕ ਤੁਸੀਂ ਰੈਲੀ ਵਿਚ ਆਏ ਲੋਕਾਂ ਦੀ ਗਿਣਤੀ ਦਾ ਪੂਰਾ ਅੰਦਾਜ਼ਾ ਨਹੀਂ ਲਗਾ ਸਕਦੇ। ਸੁਖਦੇਵ ਸਿੰਘ ਨੇ ਦੱਸਿਆ ਕਿ ਉਥੇ ਦਰੱਖਤਾਂ ਦੀ ਭਰਮਾਰ ਸੀ ਜਿਥੇ ਉਨ੍ਹਾਂ ਦੀ ਛਾਂ ਹੇਠ ਬੈਠੇ ਲੋਕਾਂ ਦੀ ਗਿਣਤੀ 8 ਤੋਂ 12 ਹਜ਼ਾਰ ਤੱਕ ਸੀ। ਬਹੁਤ ਘੱਟ ਬੰਦੇ ਪਿਸ਼ਾਬ ਕਰਨ ਜਾਂ ਪਾਣੀ ਪੀਣ ਵੱਲ ਗਏ। 3 ਘੰਟੇ ਚੱਲੀ ਰੈਲੀ ਨੂੰ ਲੋਕਾਂ ਨੇ ਬੜੇ ਧਿਆਨ ਨਾਲ ਸੁਣਿਆ। ਉਸਦਾ ਇਹ ਵੀ ਕਹਿਣਾ ਸੀ ਕਿ ਇਸ ਰੈਲੀ ਵਿਚ ਮਜ਼੍ਹਬੀ ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ।
ਇਕ ਦਲਿਤ ਐਮ ਐਲ ਏ ਬਲਦੇਵ ਸਿੰਘ ਨੇ ਸਵਾਲ ਕੀਤਾ ਕਿ ਦਿੱਲੀ ਦੀ ਲੀਡਰਸ਼ਿਪ ਖੁਦਮੁਖਤਿਆਰੀ ਲਈ ਆਪ ਤਾਂ ਧਰਨੇ ਦਿੰਦੀ ਹੈ ਪਰ ਸਾਨੂੰ ਖੁਦਮੁਖਤਿਆਰੀ ਨਹੀਂ ਦਿੰਦੀ। ਰੈਲੀ ਵਿਚ ਸ਼ਾਮਿਲ ਔਰਤਾਂ ਦੀ ਗਿਣਤੀ ਨਾਮਾਤਰ ਸੀ। ਸੁਖਪਾਲ ਸਿੰਘ ਖਹਿਰਾ 1 ਘੰਟਾ 5 ਮਿੰਟ ਤੱਕ ਬੋਲਿਆ। ਸਭ ਤੋਂ ਵਧੀਆ ਤੇ ਖਿੱਚ ਪਾਉਣ ਵਾਲੀ ਤਕਰੀਰ ਉਸੇ ਦੀ ਸੀ। ਨੰਬਰ 2 ‘ਤੇ ਕੰਵਰ ਸੰਧੂ ਅਤੇ ਉਸ ਤੋਂ ਬਾਅਦ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਨੰਬਰ ਆਉਂਦਾ ਹੈ। ਦਿਲਚਸਪ ਗੱਲ ਇਹ ਸੀ ਕਿ ਨਵਜੋਤ ਕੌਰ ਲੰਬੀ ਦੀ ਤਕਰੀਰ ਵਿਚਲੇ ਸ਼ਬਦਾਂ ਅਤੇ ਵਾਕਾਂ ਦੀ ਸੁੰਦਰ ਸਜਾਵਟ ਨੇ ਸਰੋਤਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ। 2017 ਦੀਆਂ ਅਸੈਂਬਲੀ ਚੋਣਾਂ ਵਿਚ ਇਸ ਕੁੜੀ ਦੇ ਕਈ ਭਾਸ਼ਣ ਅਜੇ ਤੱਕ ਵੀ ਲੋਕਾਂ ਦੀਆਂ ਯਾਦਾਂ ਵਿਚ ਵੱਸੇ ਹੋਏ ਹਨ। ਰੈਲੀ ਦੇ ਪ੍ਰਬੰਧਕਾਂ ਨੇ ਬੜੀ ਸੋਚੀ ਸਮਝੀ ਸਕੀਮ ਤਹਿਤ ‘ਪੰਜਾਬੀ ਏਕਤਾ’ ਦਾ ਨਾਹਰਾ ਘੜਿਆ ਜੋ ਅਸਲ ਵਿਚ ਕੇਜਰੀਵਾਲ ਵੱਲੋਂ ਦਲਿਤਾਂ ਨੂੰ ਖਿੱਚਣ ਲਈ ਘੜੇ ਗਏ ‘ਦਲਿਤ ਪੱਤੇ’ ਦਾ ਮੁਕਾਬਲਾ ਕਰਦਾ ਸੀ। ‘ਪੰਜਾਬੀ ਏਕਤਾ’ ਸ਼ਬਦ ਘੜਨ ਨਾਲ ਉਨ੍ਹਾਂ ਨੇ ਅਸਲ ਵਿਚ ਦਲਿਤਾਂ ਸਮੇਤ ਸਾਰੇ ਪੰਜਾਬੀਆਂ ਨੂੰ ਹੀ ਅਪਣੇ ਕਲਾਵੇ ਵਿਚ ਲੈ ਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਕੇਜਰੀਵਾਲ ਦੇ ਮੁਕਾਬਲੇ ਬਾਗੀ ਆਗੂਆਂ ਦੀ ਰਣਨੀਤੀ ਵੀ ਕੋਈ ਘੱਟ ਨਹੀਂ ਸੀ।
ਬਠਿੰਡੇ ਤੋਂ ਇਸ ਇਤਿਹਾਸਕ ਰੈਲੀ ਵਿਚ ਸ਼ਾਮਿਲ ਹੋਣ ਵਾਲੇ ਇਕ ਵਲੰਟੀਅਰ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਇਕ ਸਮਾਂ ਸੀ ਕਿ ਪੰਜਾਬ ਦੇ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਲਈ ਵੱਡਾ ਹੁੰਗਾਰਾ ਭਰਿਆ ਪਰ ਉਹ ਵੀ ਸਫਲ ਨਹੀਂ ਹੋ ਸਕੇ। ਇਸ ਤੋਂ ਪਿੱਛੋਂ ਮਨਪ੍ਰੀਤ ਬਾਦਲ ਨੂੰ ਵੀ ਲੋਕਾਂ ਨੇ ਹੁੰਗਾਰਾ ਦਿੱਤਾ ਪਰ ਉਸ ਨੇ ਵੀ ਨਿਰਾਸ਼ ਹੀ ਕੀਤਾ। ਫਿਰ 2016 ਵਿਚ ਉਭਰੀ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਨਾਲ ਵੀ ਲੋਕਾਂ ਨੇ ਸਾਂਝ ਪਾਈ ਪਰ ਉਸਨੇ ਵੀ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਪਰ ਜੇਕਰ 2 ਅਗਸਤ ਨੂੰ ਬਠਿੰਡਾ ਵਿਚ ਉਭਰੇ ਤੀਸਰੇ ਬਦਲ ਨੇ ਵੀ ਲੋਕਾਂ ਨੂੰ ਨਿਰਾਸ਼ ਕੀਤਾ ਤਾਂ ਇਨ੍ਹਾਂ ਦਾ ਹਸ਼ਰ ਵੀ ਉਸੇ ਤਰ੍ਹਾਂ ਹੋਵੇਗਾ ਜਿਵੇਂ ਹੋਰਨਾਂ ਦਾ ਹੁੰਦਾ ਰਿਹਾ ਹੈ। ਪਰ ਜੇ ਅਜਿਹਾ ਹੋ ਗਿਆ ਤਾਂ ਪੰਜਾਬ ਦੇ ਲੋਕਾਂ ਦੀ ਮਾਯੂਸੀ ਤੇ ਉਦਾਸੀ ਸਿਖਰ ‘ਤੇ ਪਹੁੰਚ ਜਾਵੇਗੀ। ਇਸ ਲਈ ਸੁਖਪਾਲ ਸਿੰਘ ਖਹਿਰਾ ਅਤੇ ਉਸ ਦੇ ਸਾਥੀਆਂ ਉਤੇ ਵੱਡੀ ਜ਼ਿੰਮੇਵਾਰੀ ਆ ਪਈ ਹੈ ਕਿ ਜਿਹੜੀਆਂ ਜਜ਼ਬਾਤੀ ਤਕਰੀਰਾਂ ਉਨ੍ਹਾਂ ਨੇ ਬਠਿੰਡਾ ਰੈਲੀ ਵਿਚ ਕੀਤੀਆਂ, ਜੇ ਉਨ੍ਹਾਂ ਆਦਰਸ਼ਾਂ ਨੂੰ ਅਮਲ ਵਿਚ ਨਾ ਉਤਾਰਿਆ ਗਿਆ ਤਾਂ ਇਤਿਹਾਸ ਇਨ੍ਹਾਂ ਨੂੰ ਵੀ ਕਟਿਹਰੇ ਵਿਚ ਖੜ੍ਹਾ ਕਰੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.