ਅਸ਼ਵਿੰਦਰ ਸਿੰਘ, ਬਨੂੜ
ਪਿੰਡ ਮਨੌਲੀ ਸੂਰਤ ਦੇ ਵਸਨੀਕਾਂ ਨੇ ਪਿੰਡ ਦੇ ਸਰਕਾਰੀ ਹਾਈ ਤੇ ਪ੍ਰਰਾਇਮਰੀ ਸਕੂਲ ਦੀ ਕਾਇਆ ਕਲਪ ਕੀਤੀ ਹੈ। ਸਕੂਲ ਦੇ ਗਰਾਊਂਡ ‘ਚ ਮਿੱਟੀ ਦਾ ਭਰਤ ਪਾ ਕੇ ਪੱਧਰਾ ਕੀਤਾ ਹੈ ਅਤੇ ਗੇਟ ਤੋਂ ਸਕੂਲ ਦਫ਼ਤਰ ਤੱਕ ਰਸਤੇ ‘ਚ ਟਾਈਲਾਂ ਲਗਾਈਆਂ ਗਈਆਂ ਹਨ।
ਸੇਵਾਮੁਕਤ ਪੁਲਿਸ ਅਫ਼ਸਰ ਅਤੇ ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ, ਗੁਰਦੁਆਰਾ ਕਮੇਟੀ ਅਤੇ ਸਾਬਕਾ ਆਰਮੀ ਵੈੱਲਫੇਅਰ ਦੇ ਸਹਿਯੋਗ ਨਾਲ ਦਰਜਨਾਂ ਟਿੱਪਰ ਮਿੱਟੀ ਦਾ ਭਰਤ ਪਾਇਆ ਗਿਆ ਤੇ ਰਸਤੇ ‘ਚ ਟਾਈਲਾਂ ਲਗਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸਕੂਲ ਦੇ ਕਮਰਿਆਂ ਮੂਹਰੇ ਸਥਿਤ ਗਰਾਊਂਡ ਡੂੰਘਾ ਹੋਣ ਕਾਰਨ ਬਰਸਾਤ ‘ਚ ਘਾਹ-ਫੂਸ ਉੱਗ ਗਿਆ ਸੀ। ਜਿਸ ‘ਚ ਪੈਦਾ ਹੋਣ ਵਾਲੇ ਕੀੜੇ ਕਮਰਿਆਂ ‘ਚ ਦਾਖ਼ਲ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਸਕੂਲ ਅੰਦਰ ਜਾਣ ਲਈ ਬਣਾਇਆ ਗਿਆ ਰਸਤਾ ਵੀ ਬਾਰਸ਼ਾਂ ‘ਚ ਧੱਸ ਗਿਆ ਸੀ, ਜਿਸ ਕਾਰਨ ਅਧਿਆਪਕਾਂ ਤੇ ਬੱਚਿਆਂ ਦਾ ਸਕੂਲ ਅੰਦਰ ਜਾਣਾ ਜ਼ੋਖ਼ਮ ਭਰਿਆ ਕੰਮ ਸੀ। ਇਸ ਸਮੱਸਿਆਂ ਦੇ ਹੱਲ ਲਈ ਮਹਿੰਦਰ ਸਿੰਘ ਤੋਂ ਇਲਾਵਾ ਹੀਰਾ ਸਿੰਘ ਫ਼ੌਜੀ, ਪਾਲ ਰਾਮ, ਹਰੀ ਸਿੰਘ, ਸਨਵੀਰ ਸਿੰਘ, ਬਹਾਦਰ ਸਿੰਘ, ਭਗਤ ਸਿੰਘ, ਤਰਸੇਮ ਸਿੰਘ, ਜਸਵਿੰਦਰ ਕਾਲਾ, ਗੁਰਨਾਮ ਸਿੰਘ ਆਦਿ ਪਿੰਡ ਵਸਨੀਕਾਂ ਨੇ ਇਕੱਠੇ ਹੋ ਕੇ ਇਸੇ ਕਾਰਜ ਨੂੰ ਨੇਪਰੇ ਚਾੜਿ੍ਹਆ। ਜਿਸ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਨੂੰ ਰੰਗ ਰੋਗਨ ਵੀ ਕੀਤਾ ਜਾਵੇਗਾ।
ਦੱਸਣਯੋਗ ਹੈ, ਕਿ ਉਕਤ ਕਮੇਟੀ ਵੱਲੋਂ 40-50 ਪਿੰਡਾਂ ਨੂੰ ਬਨੂੜ-ਲਾਲੜੂ ਸ਼ਹਿਰਾਂ ਨਾਲ ਜੋੜਦੀ ਬੰਦ ਪਈ ਸੜਕ ਦੀ ਲੋਕ ਨਿਰਮਾਣ ਵਿਭਾਗ ਦੇ ਸਹਿਯੋਗ ਨਾਲ ਮੁਰੰਮਤ ਕੀਤੀ ਸੀ। ਬਨੂੜ-ਲਾਲੜੂ ਰਾਜ ਮਾਰਗ ਪਿਛਲੇ ਦਿਨੀਂ ਆਏ ਹੜ੍ਹਾਂ ਦੌਰਾਨ 50 ਫੁੱਟ ਤੋਂ ਵਧੇਰੇ ਪਾਣੀ ‘ਚ ਰੁੜ੍ਹ ਗਿਆ ਸੀ। ਜਿਸ ਕਾਰਨ ਦੋ ਮਹੀਨੇ ਬੰਦ ਰਹਿਣ ਤੋਂ ਬਾਅਦ ਪਾੜ ਨੂੰ ਪੂਰਿਆ ਗਿਆ। ਇਸ ਤੋਂ ਪਹਿਲਾਂ ਇਸੇ ਕਮੇਟੀ ਵੱਲੋਂ ਸੜਕ ‘ਤੇ ਆਮ ਲੋਕਾਂ ਦੇ ਲੰਘਣ ਲਈ ਆਰਜੀ ਰਸਤਾ ਬਣਾਇਆ ਗਿਆ ਸੀ।


