ਹਰਪ੍ਰਰੀਤ ਸਿੰਘ ਲਾਡੀ, ਰਾਏਕੋਟ : ਸਥਾਨਕ ਪਾਵਰਕਾਮ ਮੰਡਲ ਦੇ ਮੁੱਖ ਗੇਟ ਤੇ ਪੀਐੱਸਈਬੀ ਜੁਆਇੰਟ ਫੋਰਸ ਦੇ ਸੱਦੇ ਤੇ ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੁਆਰਾ ਪਿਛਲੇ ਦਿਨੀ ਲਾਗੂ ਕੀਤੇ ਐਸਮਾ ਐਕਟ ਦੇ ਵਿਰੋਧ ‘ਚ ਗੇਟ ਰੈਲੀ ਕਰਕੇ ਇਸ ਮੁਲਾਜ਼ਮ ਮਾਰੂ ਫ਼ੈਸਲੇ ਦੇ ਵਿਰੁੱਧ ਰੋਸ ਵਿਖਾਵਾ ਕਰ ਕੇ ਐਸਮਾ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ।

ਇਸ ਰੋਸ ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਡਵੀਜ਼ਨ ਪ੍ਰਧਾਨ ਤਰਲੋਚਨ ਸਿੰਘ ਹਠੂਰ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਜੋ ਇਹ ਐਸਮਾ ਐਕਟ ਪੰਜਾਬ ‘ਚ ਲਾਗੂ ਕੀਤਾ ਗਿਆ ਹੈ। ਇਹ ਬਹੁਤ ਮੁਲਾਜ਼ਮ ਮਾਰੂ ਫੈਸਲਾ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮੁਲਾਜ਼ਮ ਮਾਰੂ ਐਸਮਾ ਐਕਟ ਨੂੰ ਵਾਪਸ ਲਿਆ ਜਾਵੇ ਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ।

ਉਨ੍ਹਾਂ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਪੰਜਾਬ ਸਰਕਾਰ ਵੱਲੋਂ ਇਹ ਐਕਟ ਵਾਪਸ ਨਹੀਂ ਲਿਆ ਗਿਆ ਤਾਂ ਮੁਲਾਜ਼ਮ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਅਵਤਾਰ ਸਿੰਘ ਬੱਸੀਆਂ, ਹਰਪ੍ਰਰੀਤ ਸਿੰਘ ਲੰਮਾ, ਹਰਦੀਪ ਸਿੰਘ, ਪ੍ਰਭਜੋਤ ਕੌਰ, ਜਸਪਾਲ ਕੌਰ, ਸਤਵੰਤ ਕੌਰ, ਸਤਪਾਲ ਸਿੰਘ ਖੇੜੀ ਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।