ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਨੌਸਰਬਾਜ਼ਾਂ ਵੱਲੋਂ ਆਏ ਦਿਨ ਭੋਲੇ-ਭਾਲ਼ੇ ਵਿਅਕਤੀਆਂ ਨੂੰ ਠੱਗਣ ਦੇ ਨਵੇਂ-ਨਵੇਂ ਤਰੀਕੇ ਵਰਤੇ ਜਾ ਰਹੇ ਹਨ, ਜਿਸਦੀ ਉਦਾਹਰਨ ਲਾਗਲੇ ਪਿੰਡ ਮੁੱਲਾਂਪੁਰ ਦੀ ਰਹਿਣ ਵਾਲੀ ਇੱਕ ਵਿਧਵਾ ਨਾਲ ਏਟੀਐੱਮ ਬਦਲ ਕੇ 63 ਹਜ਼ਾਰ ਰੁਪਏ ਉਡਾਏ ਜਾਣ ਤੋਂ ਮਿਲਦੀ ਹੈ। ਇਸ ਸਬੰਧੀ ਪੀੜਤ ਅੌਰਤ ਕਰਮਜੀਤ ਕੌਰ ਪਤਨੀ ਸਵ. ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਇੱਕ ਦਸੰਬਰ ਦਿਨ ਸ਼ੁੱਕਰਵਾਰ ਦੁਪਹਿਰ ਵੇਲੇ ਮੁੱਲਾਂਪੁਰ ਸ਼ਹਿਰ ਸਥਿਤ ਐੱਸਬੀਆਈ ਦੇ ਏਟੀਐੱਮ ‘ਚੋਂ ਪੈਸੇ ਕਢਵਾਉਣ ਗਈ ਸੀ। ਜਦੋਂ ਉਸ ਨੇ ਆਪਣਾ ਏਟੀਐੱਮ ਕਾਰਡ ਮਸ਼ੀਨ ‘ਚ ਪਾਇਆ ਤਾਂ ਜਦੋਂ ਪੈਸੇ ਨਾ ਨਿਕਲੇ ਤਾਂ ਉਸ ਨੇ ਸਮਿਝਆ ਕਿ ਮਸ਼ੀਨ ‘ਚ ਪੈਸੇ ਨਹੀਂ ਹਨ ਪਰ ਉੱਥੇ ਪਹਿਲਾਂ ਤੋਂ ਹੀ ਮੌਜ਼ੂਦ ਇੱਕ ਨੌਜਵਾਨ ਜਿਹੜਾ ਕਿ ਪਰਵਾਸੀ ਮਜ਼ਦੂਰ ਲੱਗਦਾ ਸੀ ਤੇ ਹਿੰਦੀ ਬੋਲਦਾ ਸੀ, ਉਸ ਨੂੰ ਭਰਮਾ ਲਿਆ ਤੇ ਦੁਬਾਰਾ ਕਾਰਡ ਮਸ਼ੀਨ ‘ਚ ਪਾਉਣ ਲਈ ਕਿਹਾ। ਪਰ ਪੈਸੇ ਫਿਰ ਵੀ ਨਾ ਨਿਕਲੇ, ਤਾਂ ਨੌਜਵਾਨ ਨੇ ਚਾਰ ਅੰਕਾਂ ਦਾ ਪਾਸਵਰਡ ਨੋਟ ਕਰ ਕੇ ਚਲਾਕੀ ਨਾਲ ਏਟੀਐੱਮ ਕਾਰਡ ਵੀ ਬਦਲ ਲਿਆ। ਕੁੱਝ ਸਮੇਂ ਬਾਅਦ ਜਦੋਂ ਉਹ ਉੱਥੋਂ ਚਲੀ ਗਈ ਤਾਂ ਮੋਬਾਈਲ ‘ਤੇ ਚਾਰ ਮੈਸੇਜ ਵੱਖ-ਵੱਖ ਰਾਸ਼ੀ ਕੁੱਲ 63 ਹਜ਼ਾਰ ਖਾਤੇ ‘ਚੋਂ ਨਿਕਲ ਜਾਣ ਦੇ ਆਏ ਤਾਂ ਉਹ ਹੱਕੀ-ਬੱਕੀ ਰਹਿ ਗਈ। ਦੇਖਣ ਤੇ ਪਤਾ ਲੱਗਾ ਕਿ ਉਸਦਾ ਏਟੀਐੱਮ ਤਾਂ ਨੌਸਰਬਾਜ਼ ਨੌਜਵਾਨ ਲਿਜਾ ਚੁੱਕਾ ਹੈ। ਜਿਸਦੀ ਲਿਖਤੀ ਸ਼ਿਕਾਇਤ ਉਸ ਨੇ ਥਾਣਾ ਦਾਖਾ ਵਿਖੇ ਦਰਜ ਕਰਵਾ ਦਿੱਤੀ ਹੈ।