ਸਟੇਟ ਬਿਊੁਰੋ, ਮੁੰਬਈ : ‘ਕਾਰਵਾਂ’, ‘ਹਾਥੀ ਮੇਰੇ ਸਾਥੀ’ ਤੇ ‘ਮੇਰਾ ਨਾਮ ਜੋਕਰ’ ਜਿਹੀਆਂ ਫਿਲਮਾਂ ਦੇ ਅਦਾਕਾਰ ਜੂਨੀਅਰ ਮਹਿਮੂਦ ਪੇਟ ਦੇ ਕੈਂਸਰ ਤੋਂ ਪੀੜਤ ਹਨ। ਉਨ੍ਹਾਂ ਦਾ ਕੈਂਸਰ ਚੌਥੀ ਸਟੇਜ ’ਚ ਪਹੁੰਚ ਗਿਆ ਹੈ। ਇਹ ਜਾਣਕਾਰੀ ਐਤਵਾਰ ਨੂੰ ਹਾਸਰਸੀ ਅਦਾਕਾਰ ਜਾਨੀ ਲੀਵਰ ਨੇ ਦਿੱਤੀ। ਉਨ੍ਹਾਂ ਨੂੰ ਹਾਲ ਹੀ ’ਚ ਉਨ੍ਹਾਂ ਦੀ ਵਿਗੜਦੀ ਸਿਹਤ ਬਾਰੇ ਪਤਾ ਲੱਗਿਆ ਤੇ ਉਹ ਉਨ੍ਹਾਂ ਨੂੰ ਮਿਲਣ ਵੀ ਗਏ ਸਨ।
ਜਾਨੀ ਲੀਵਰ ਨੇ ਕਿਹਾ ਕਿ ਉਹ ਪੇਟ ਦੇ ਕੈਂਸਰ ਤੋਂ ਪੀੜਤ ਹਨ। ਉਹ ਉਨ੍ਹਾਂ ਨਾਲ ਰੈਗੂਲਰ ਤੌਰ ’ਤੇ ਸੰਪਰਕ ’ਚ ਸਨ ਪਰ ਉਨ੍ਹਾਂ ਨੇ ਪਹਿਲਾਂ ਕਦੇ ਇਸ ਬਾਰੇ ਨਹੀਂ ਦੱਸਿਆ। ਉਹ ਕਰੀਬ ਡੇਢ ਮਹੀਨੇ ਪਹਿਲਾਂ ਵੀ ਉਨ੍ਹਾਂ ਨੂੰ ਮਿਲੇ ਸਨ। ਉਨ੍ਹਾਂ ਦੇ ਇਕ ਨੇੜਲੇ ਸਹਿਯੋਗੀ ਨੇ ਉਨ੍ਹਾਂ ਦੀ ਸਿਹਤ ਬਾਰੇ ਦੱਸਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਮਿਲੇ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਚੌਥੇ ਸਟੇਜ ਦਾ ਪੇਟ ਦਾ ਕੈਂਸਰ ਹੈ। ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ’ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫ਼ਿਲਹਾਲ ਉਹ ਹਾਲੇ ਘਰ ’ਚ ਹੀ ਇਸ ਬਿਮਾਰੀ ਨਾਲ ਲੜ ਰਹੇ ਹਨ।
ਜੂਨੀਅਰ ਮਹਿਮੂਦ ਦਾ ਅਸਲ ਨਾਂ ਨਈਮ ਸਈਅਦ ਹੈ। ਉਨ੍ਹਾਂ ਨੇ 1966 ’ਚ ਫਿਲਮ ‘ਮੁਹੱਬਤ ਜ਼ਿੰਦਗੀ ਹੈ’ ’ਚ ਬਤੌਰ ਬਾਲ ਕਲਾਕਾਰ ਅਦਾਕਾਰੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। 1968 ’ਚ ਫਿਲਮ ‘ਸੁਹਾਗ ਰਾਤ’ ’ਚ ਇਕੱਠਿਆਂ ਕੰਮ ਕਰਨ ਤੋਂ ਬਾਅਦ ਉੱਘੇ ਕਾਮੇਡੀ ਅਦਾਕਾਰ ਮਹਿਮੂਦ ਨੇ ਉਨ੍ਹਾਂ ਨੂੰ ਜੂਨੀਅਰ ਮਹਿਮੂਦ ਦਾ ਨਾਂ ਦਿੱਤਾ ਸੀ। ਆਪਣੇ ਕਰੀਬ ਚਾਰ ਦਹਾਕਿਆਂ ਤੋਂ ਵੱਧ ਦੇ ਫਿਲਮੀ ਸਫ਼ਰ ’ਚ ਉਨ੍ਹਾਂ ਨੇ ਸੱਤ ਭਾਸ਼ਾਵਾਂ ’ਚ 250 ਤੋਂ ਜ਼ਿਆਦਾ ਫਿਲਮਾਂ ’ਚ ਕੰਮ ਕੀਤਾ। ‘ਬ੍ਰਹਮਚਾਰੀ’, ਕਟੀ ਪਤੰਗ’, ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਤੇ ‘ਬਾਪ ਨੰਬਰੀ ਬੇਟਾ ਦਸ ਨੰਬਰੀ’ ਉਨ੍ਹਾਂ ਦੀਆਂ ਕੁਝ ਮਕਬੂਲ ਫਿਲਮਾਂ ਹਨ।


