ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ
ਦੇਰ ਰਾਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰ ਪਰਤ ਰਹੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਛੇ ਬਦਮਾਸ਼ਾਂ ਨੇ ਉਸ ਕੋਲੋਂ ਮੋਟਰਸਾਈਕਲ, ਨਕਦੀ, ਮੋਬਾਈਲ ਫੋਨ ਤੇ ਕੁਝ ਜਰੂਰੀ ਦਸਤਾਵੇਜ਼ ਲੁੱਟ ਲਏ। ਤੇਜ਼ ਤਰਾਰ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ‘ਚ ਥਾਣਾ ਡਿਵੀਜ਼ਨ-7 ਦੀ ਪੁਲਿਸ ਨੇ ਸਰਪੰਚ ਕਾਲੋਨੀ ਜਮਾਲਪੁਰ ਦੇ ਰਹਿਣ ਵਾਲੇ ਵਿਜੇ ਮਿਸ਼ਰਾ ਦੀ ਸ਼ਿਕਾਇਤ ‘ਤੇ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਵਿਜੇ ਮਿਸ਼ਰਾ ਨੇ ਦੱਸਿਆ ਕਿ ਰਾਤ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਸੈਕਟਰ 32 ਦੇ ਲਾਗੇ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ ਤੇ ਆਏ ਛੇ ਨੌਜਵਾਨਾਂ ਨੇ ਉਸਨੂੰ ਘੇਰ ਲਿਆ। ਬਦਮਾਸ਼ਾਂ ਨੇ ਵਿਜੇ ਮਿਸ਼ਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਕੋਲੋਂ ਮੋਟਰਸਾਈਕਲ, ਨਕਦੀ, ਦੋ ਮੋਬਾਈਲ ਫੋਨ ਤੇ ਕੁਝ ਜ਼ਰੂਰੀ ਦਸਤਾਵੇਜ਼ ਲੁੱਟ ਲਏ। ਵਾਰਦਾਤ ਦੀ ਸੂਚਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਮੌਕੇ ਤੇ ਪਹੁੰਚੀਏ ਤੇ ਕੇਸ ਦੀ ਪੜਤਾਲ ਸ਼ੁਰੂ ਕੀਤੀ। ਇਸ ਮਾਮਲੇ ‘ਚ ਜਾਂਚ ਅਧਿਕਾਰੀ ਜਗਦੀਸ਼ ਰਾਜ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ’ਚ ਰੁੱਝ ਗਈ ਹੈ।


