ਬੀਜਿੰਗ : ਭਾਰਤ ਅਤੇ ਚੀਨ ਵਿਚਾਲੇ ਜਾਰੀ ਤਣਾਅ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਵਿਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚ ਪੰਜ ਸੂਤਰੀ ਸਹਿਮਤੀ ਹੋਣ ਤੋਂ ਬਾਅਦ ਵੀ ਚੀਨ ਦਾ ਅਧਿਕਾਰਤ ਪ੍ਰਚਾਰਕ ਮੀਡੀਆ ਭਾਰਤ ਨੂੰ ਧਮਕਾਉਣ ਅਤੇ ਮਨੋਵਿਗਿਆਨਿਕ ਦਬਾਅ ਬਣਾਉਣ ਵਿਚ ਜੁਟਿਆ ਹੋਇਆ ਹੈ। ਚੀਨੀ ਅਖ਼ਬਾਰ ਗਲੋਬਲ ਟਾਈਮਜ਼ ਨੇ ਚੀਨੀ ਵਿਸ਼ਲੇਸ਼ਕ ਝਾਂਗ ਸ਼ੇਂਗ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਭਾਰਤ ਪੰਡਿਤ ਜਵਾਹਰ ਲਾਲ ਨਹਿਰੂ ਦੀ ਗ਼ਲਤੀ ਨੂੰ ਦੁਹਰਾ ਰਿਹਾ ਹੈ। ਉਸ ਨੇ ਕਿਹਾ ਕਿ ਭਾਰਤ ਦਾ ਵਰਤਮਾਨ ਪ੍ਰਸ਼ਾਸਨ ਸਰਹੱਦ ‘ਤੇ ਹਮਲਾਵਰ ਰਵਈਆ ਦਿਖਾ ਰਿਹਾ ਹੈ।
ਝਾਂਗ ਨੇ ਕਿਹਾ ਕਿ ਵਰਤਮਾਨ ਸਥਿਤੀ ਸਾਲ 1962 ਦੀ ਤਰ੍ਹਾਂ ਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ ਅਪਣੇ ਹਿੱਤਾਂ ਦੇ ਲਈ ਅੰਤਰਰਾਸ਼ਟਰੀ ਭਾਈਚਾਰੇ ਦੀ ਮਦਦ ਨਾਲ ਚੀਨ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਲ 1962 ਵਿਚ ਚੀਨ ਸੱਭ ਤੋਂ ਅਲੱਗ-ਥਲੱਗ ਸੀ। ਉਸ ਸਮੇਂ ਚੀਨ ਅਮਰੀਕਾ ਨਾਲ ਮੁਕਾਬਲਾ ਕਰ ਰਿਹਾ ਸੀ ਅਤੇ ਉਹ ਰੂਸ ਨਾਲੋਂ ਵੀ ਵਖਰੇ ਰਾਹ ‘ਤੇ ਚੱਲ ਰਿਹਾ ਸੀ ਜਦਕਿ ਭਾਰਤ ਉਸ ਸਮੇਂ ਗੁੱਟ ਨਿਰਪੇਖ ਅੰਦੋਲਨ ਦੀ ਅਗਵਾਈ ਕਰ ਰਿਹਾ ਸੀ। ਚੀਨੀ ਵਿਸ਼ਲੇਸ਼ਕ ਨੇ ਦੋਸ਼ ਲਗਾਇਆ ਕਿ ਸਾਲ 1962 ਵਿਚ ਭਾਰਤ ਨੇ ਅੰਤਰਰਾਸ਼ਟਰੀ ਮਾਹੌਲ ਦਾ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਭਾਰਤ ਨੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਆਗੂ ਵਜੋਂ ਖ਼ਿਤਾਬ ਨੂੰ ਵੀ ਗਵਾ ਦਿਤਾ।ਝਾਂਗ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਵੀ ਨਹਿਰੂ ਦੀ ਰਣਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਚੀਨ-ਅਮਰੀਕਾ ਤਣਾਅ ਦਾ ਫ਼ਾਇਦਾ ਚੁਕਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਰੱਖਿਆ ਮੰਤਰੀ ਅਤੀ ਆਤਮਵਿਸ਼ਵਾਸ ਦਿਖਾ ਰਹੇ ਹਨ। ਉਥੇ ਇਕ ਹੋਰ ਚੀਨੀ ਵਿਸ਼ਲੇਸ਼ਕ ਕਿਆਂਗ ਫੇਂਗ ਨੇ ਕਿਹਾ ਕਿ ਜੈਸ਼ੰਕਰ ਅਤੇ ਵਾਂਗ ਯੀ ਨਾਲ ਮੁਲਾਕਾਤ ਦੇ ਬਾਅਦ ਹੁਣ ਇਹ ਦੇਖਣਾ ਹੈ ਕਿ ਭਾਰਤ ਕਿਵੇ ਪੰਜ ਸੂਤਰੀ ਸਹਿਮਤੀ ਨੂੰ ਲਾਗੂ ਕਰਦਾ ਹੈ।ਕਿਆਂਗ ਨੇ ਦਾਅਵਾ ਕੀਤਾ ਕਿ ਚੀਨ ਭਾਰਤ ਨੂੰ ਅਪਣਾ ਦੁਸ਼ਮਣ ਨਹੀਂ ਮੰਨਦਾ ਹੈ ਅਤੇ ਉਸ ਦੇ ਇਸ ਰਵਈਏ ਵਿਚ ਤਬਦੀਲੀ ਨਹੀਂ ਆਈ ਹੈ। ਇਸ ਦੇ ਇਲਾਵਾ ਚੀਨ ਭਾਰਤ ਦੇ ਨਾਲ ਸਬੰਧਾਂ ਨੂੰ ਸਥਿਰ ਬਣਾਉਣ ਲਈ ਵਿਹਾਰਕ ਸਹਿਯੋਗ ਦਾ ਚਾਹਵਾਨ ਹੈ। ਚੀਨ ਭਾਰਤ ਦੇ ਨਾਲ ਸ਼ਾਂਤੀ ਦੇ ਨਾਲ ਸਰਹੱਦ ‘ਤੇ ਵਿਵਾਦਾਂ ਨੂੰ ਹੱਲ ਕਰਨਾ ਚਾਹੁੰਦਾ ਹੈ ਪਰ ਅਪਣੇ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਕਰੇਗਾ।