ਸਟਾਫ ਰਿਪੋਰਟਰ, ਖੰਨਾ : ਦਿਲ ਦੌਰਾ ਪੈਣ ਕਾਰਨ ਜਦੋਂ ਲੜਕੀ ਨੂੰ ਇਲਾਜ ਲਈ ਲਿਜਾਇਆ ਰਿਹਾ ਸੀ ਤਾਂ ਵਿਆਹ ਦਾ ਟੈਂਟ ਲੱਗਣ ਕਰਕੇ ਰਾਸਤਾ ਨਾ ਮਿਲਣ ਕਰਕੇ ਲੜਕੀ ਦੀ ਮੌਤ ਹੋ ਗਈ, ਜਿਸ ਕਰਕੇ ਇਲਾਕਾ ਵਾਸੀਆਂ ’ਚ ਵੀ ਰੋਸ ਪੈਦਾ ਹੋ ਗਿਆ। ਮ੍ਰਿਤਕ ਲੜਕੀ ਦਾ ਪਛਾਣ ਕਾਜਲ ਪੁੱਤਰੀ ਸਵ. ਬਲਦੇਵ ਸਿੰਘ ਵਾਸੀ ਗੁਰੂ ਨਾਨਕ ਨਗਰ ਖੰਨਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗਲੀ ਨੰਬਰ 4 ਗੁਰੂ ਨਾਨਕ ਨਗਰ ਦੀ ਰਹਿਣ ਵਾਲੀ ਨੌਜਵਾਨ ਲੜਕੀ ਕਾਜਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਇਲਾਜ ਵਾਸਤੇ ਹਸਪਤਾਲ ਲਿਜਾਇਆ ਜਾ ਰਿਹਾ ਸੀ। ਜਦੋਂ ਮਾਡਲ ਟਾਊਨ ਦੀ ਮੇਨ ਗਲੀ ’ਚ ਪਹੁੰਚੇ ਤਾਂ ਵਿਆਹ ਦਾ ਟੈਂਟ ਲੱਗਾ ਹੋਣ ਕਾਰਨ ਰਸਤਾ ਨਾ ਮਿਲਿਆ ਤੇ 15 ਤੋਂ 20 ਮਿੰਟ ਲੜਕੀ ਉਥੇ ਹੀ ਤੜਫਦੀ ਰਹੀ। ਜਦੋਂ ਤੱਕ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜ਼ਿਕਰਯੋਗ ਹੈ ਕਿ ਇਸ ਗਲੀ ਦੇ ਮੇਨ ਰਸਤੇ ਰਾਹੀਂ ਗੁਰੂ ਨਾਨਕ ਨਗਰ, ਗੁਰੂ ਗੋਬਿੰਦ ਸਿੰਘ ਨਗਰ ਆਦਿ ਮੁਹੱਲਿਆਂ ਨੂੰ ਰਸਤਾ ਜਾਂਦਾ ਹੈ। ਇੱਕੋ ਹੀ ਮੇਨ ਰਸਤਾ ਹੈ ਤੇ ਇਸ ਗਲੀ ’ਚ ਰੋਜ਼ਾਨਾ ਹੀ ਵਿਆਹ ਪਾਰਟੀਆਂ ਦੇ ਟੈਂਟ ਲੱਗੇ ਹੋਣ ਕਾਰਨ ਮਹਲਾ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਟੈਂਟ ਲੱਗਾ ਸੀ ਉਹ ਟੈਂਟ ਪ੍ਰਦੀਪ ਕੁਮਾਰ ਵਾਸੀ ਨਿਊ ਮਾਡਲ ਟਾਊਨ ਨੇ ਲਾਇਆ ਹੋਇਆ ਸੀ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਇਕੱਠੇ ਹੋ ਕੇ ਪ੍ਰਦੀਪ ਕੁਮਾਰ ਨੂੰ ਟੈਂਟ ਗਲੀ ’ਚ ਨਾ ਲਾਉਣ ਜਾਂ ਫਿਰ ਲਾਗੇ ਬਣੇ ਪਾਰਕ ’ਚ ਲਾਉਣ ਦੀ ਅਪੀਲ ਕੀਤੀ ਸੀ ਪਰ ਪ੍ਰਦੀਪ ਕੁਮਾਰ ਨੇ ਉਨ੍ਹਾਂ ਦੀ ਨਹੀਂ ਸੁਣੀ। ਮੁੱਹਲਾ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਿਹੜੀਆਂ ਨਾਲ ਛੋਟੀਆਂ ਗਲੀਆਂ ਹਨ ਉਨ੍ਹਾਂ ’ਚ ਰੇਹੜੀਆਂ ਤੇ ਗੱਡੀਆਂ ਲੱਗੀਆਂ ਹੋਣ ਕਾਰਨ ਰਾਤ ਵੇਲੇ ਲੰਘਣਾ ਬਹੁਤ ਔਖਾ ਹੋ ਜਾਂਦਾ ਹੈ। ਰਾਤ ਵੇਲੇ ਟੈਂਟ ਲੱਗਾ ਹੋਣ ਕਾਰਨ ਬਾਹਰੋਂ ਆਏ ਮਹਿਮਾਨਾਂ ਨੂੰ ਘਰ ਪਹੁੰਚਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਮੁਹੱਲਾ ਵਾਸੀਆਂ ਨੇ ਪ੍ਰਸਾਸ਼ਨ ਨੂੰ ਇਸ ਮਸਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਰਿਆੜ, ਜਗਦੀਸ਼ ਸਿੰਘ ਵਾਲੀਆ, ਬਹਾਦਰ ਸਿੰਘ, ਸੁਦਾਗਰ ਸਿੰਘ, ਕਾਮਰੇਡ ਜੋਗਿੰਦਰ ਸਿੰਘ, ਥਾਣੇਦਾਰ ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਦਰਬਾਰਾ ਸਿੰਘ, ਨਛੱਤਰ ਸਿੰਘ, ਜਗਤਾਰ ਸਿੰਘ, ਗੁਰਿੰਦਰ ਪਾਲ ਸਿੰਘ, ਪੰਡਿਤ ਰਾਮ ਨਰਾਇਣ ਆਦਿ ਹਾਜ਼ਰ ਸਨ।