ਜ.ਸ. ਸਿਰਸਾ: ਸਿਰਸਾ ਦੇ ਚੌਪਾਟਾ ਜਮਾਲ ਰੋਡ ‘ਤੇ ਰਾਏਪੁਰ-ਰੂਪਵਾਸ ਨੇੜੇ ਹੁੱਕ ਨਿਕਲਣ ਕਾਰਨ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਗੋਗਾਮੇੜੀ ਜਾ ਰਹੇ ਪੰਜਾਬ ਦੇ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ। ਇਹ ਹਾਦਸਾ 8 ਵਜੇ ਦੇ ਕਰੀਬ ਵਾਪਰਿਆ। ਮਰਨ ਵਾਲਿਆਂ ਵਿਚ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਾਤੜਾ ਨਿਵਾਸੀ 60 ਸਾਲਾ ਕਰਨੈਲ ਸਿੰਘ, ਦੇਗਨਾ ਨਿਵਾਸੀ 8 ਸਾਲਾ ਗੁਰਿੰਦਰ ਸਿੰਘ ਭੋਲਾ ਸਿੰਘ ਦੇ ਪੁੱਤਰ 17 ਸਾਲਾ ਗੁਰਦੀਪ ਸਿੰਘ ਤੇ ਪਾਤੜਾਂ ਨਿਵਾਸੀ ਗੁਰਮੀਤ ਸਿੰਘ ਦੇ ੧੪ ਸਾਲਾ ਪੁੱਤਰ ਆਕਾਸ਼ਦੀਪ ਸ਼ਾਮਲ ਹਨ। ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹਾਦਸੇ ‘ਚ 3 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਟਰਾਲੀ ਵਿੱਚ ਕਰੀਬ 35 ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਦੇ ਕੈਥਲ ਅਤੇ ਕੁਰੂਕਸ਼ੇਤਰ ਦੇ ਲੋਕ ਵੀ ਸ਼ਾਮਲ ਸਨ। ਪਟਿਆਲਾ ਜ਼ਿਲ੍ਹੇ ਦੀ ਪਾਤੜਾ ਤਹਿਸੀਲ ਤੋਂ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਤੋਂ ਸ਼ਰਧਾਲੂ ਟਰੈਕਟਰ ਟਰਾਲੀ ਅਤੇ ਕੈਂਟਰ ‘ਤੇ ਸਵਾਰ ਹੋ ਕੇ ਰਾਜਸਥਾਨ ਦੇ ਗੋਗਾਮੇੜੀ ਢੋਕ ਨੂੰ ਜਾਂਦੇ ਹਨ। ਰਾਏਪੁਰ- ਰੂਪਾਵਾਸ ਨੇੜੇ ਟਰੈਕਟਰ ਦੇ ਪਿੱਛੇ ਲੱਗੀ ਟਰਾਲੀ ਦੀ ਹੁੱਕ ਨਿਕਲ ਗਈ, ਜਿਸ ਕਾਰਨ ਟਰਾਲੀ ਪਲਟ ਗਈ।

ਟਰਾਲੀ ਵਿੱਚ ਸਵਾਰ ਬੱਚੇ, ਬਜ਼ੁਰਗ ਅਤੇ ਔਰਤਾਂ ਹੇਠਾਂ ਦੱਬ ਗਏ। ਟਰਾਲੀ ਹੇਠਾਂ ਕੁਚਲੇ ਜਾਣ ਕਾਰਨ ਚਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਈ ਔਰਤਾਂ ਦੇ ਮੱਥੇ ਅਤੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਮੌਕੇ ‘ਤੇ ਪਹੁੰਚ ਕੇ ਟਰਾਲੀ ਹੇਠੋਂ ਲੋਕਾਂ ਨੂੰ ਬਾਹਰ ਕੱਢਿਆ।

ਇਸ ਤੋਂ ਬਾਅਦ ਜ਼ਖਮੀਆਂ ਨੂੰ ਐਂਬੂਲੈਂਸ ਅਤੇ ਡਾਇਲ 112 ਰਾਹੀਂ ਚੌਪਾਟਾ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ। ਫਸਟ ਏਡ ਤੋਂ ਬਾਅਦ ਜ਼ਖਮੀਆਂ ਨੂੰ ਸਿਰਸਾ ਰੈਫਰ ਕਰ ਦਿੱਤਾ ਗਿਆ। ਸਿਰਸਾ ਦੇ ਸਿਵਲ ਹਸਪਤਾਲ ਤੋਂ ਕਈ ਐਂਬੂਲੈਂਸਾਂ ਚੌਪਾਟਾ ਲਈ ਭੇਜੀਆਂ ਗਈਆਂ। ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਸਿਰਸਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।