ਕਲਾ ਕੋਈ ਵੀ ਹੋਵੇ, ਪ੍ਰਵਾਨ ਉਹੀ ਹੁੰਦੀ ਹੈ ਜਿਸ ’ਚ ਕੁਦਰਤ ਨਾਲ ਇਕਸਾਰ ਹੋਣ ਦਾ ਸੁਨੇਹਾ ਹੋਵੇ। ਸੁਚੱਜਾ ਸੰਗੀਤ ਹੱਥ-ਪੈਰ ਹੀ ਨਹੀਂ, ਰੂਹ ਨੂੰ ਵੀ ਨੱਚਣ ਲਾ ਦਿੰਦਾ। ਸੰਗੀਤ ਰੂਹ ਤੱਕ ਜਾਣ ਵਾਲਾ ਉਹ ਇਲਾਹੀ ਰਾਹ ਹੁੰਦਾ ਹੈ ਜਿਸ ਦਾ ਪੈਂਡਾ ਉਹੀ ਤੈਅ ਕਰ ਸਕਦੇ ਹਨ, ਜਿਨ੍ਹਾਂ ਦੀ ਸੋਚ ਦਾ ਮਿਆਰ ਉੱਚਾ ਹੁੰਦਾ ਹੈ ਤੇ ਜ਼ੁਬਾਨ ’ਚ ਰਸ ਹੁੰਦਾ ਹੈ। ਜਿਸ ਦਾ ਮਨ ਸ਼ਾਂਤ ਤੇ ਦਿਲ ਸੰਗੀਤ ’ਚ ਧੜਕਦਾ ਹੈ। ਅਜਿਹਾ ਹੀ ਨਾਂ ਹੈ ਆਸ਼ੂ ਸਿਮਰ। ਆਪਣੀ ਮੰਜ਼ਿਲ ਦੀਆਂ ਸਿਖ਼ਰਾਂ ਤੱਕ ਪਹੁੰਚਣ ਲਈ ਉਹ ਕਦਮ-ਬ-ਕਦਮ ਤੁਰਦਾ ਗਿਆ ਤੇ ਮਿਹਨਤ ਕਰਦਾ ਰਿਹਾ। ਹੁਣ ਉਸ ਦੀ ਮਿਹਨਤ ਨੂੰ ਬੂਰ ਪੈ ਵੀ ਰਿਹਾ।
ਮਖ਼ਸੂਸਪੁਰੀ ਦੇ ਆਸ਼ੀਰਵਾਦ ਨਾਲ ਲੱਗਿਆ ਲਿਖਣ
ਆਸ਼ੂ ਸਿਮਰ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਖੁਰਲਾ ਕਿੰਗਰਾ ’ਚ ਪਿਤਾ ਓਮ ਪ੍ਰਕਾਸ਼ ਤੇ ਮਾਤਾ ਕ੍ਸ਼ਰਿਨਾ ਦੇਵੀ ਦੇ ਘਰ ਹੋਇਆ। ਉਸ ਨੇ ਦੱਸਿਆ ਕਿ ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ। ਗੀਤ ਲਿਖਣ ਬਾਰੇ ਗੱਲ ਕਰਦਿਆਂ ਆਸ਼ੂ ਨੇ ਦੱਸਿਆ ਕਿ ਦੇਬੀ ਮਖ਼ਸੂਸਪੁਰੀ ਦੇ ਆਸ਼ੀਰਵਾਦ ਨਾਲ ਉਹ ਲਿਖਣ ਲੱਗਿਆ। ਦੇਬੀ ਨਾਲ ਜਦੋਂ ਉਸ ਦੀ ਪਹਿਲੀ ਮਿਲਣੀ ਹੋਈ ਤਾਂ ਉਸ ਨੇ ਡਰਦਿਆਂ-ਡਰਦਿਆਂ ਆਪਣਾ ਲਿਖਿਆ ਸ਼ਿਅਰ ‘ਉਂਜ ਭਾਵੇਂ ਕਈ ਸਾਲਾਂ ਤੋਂ ਤੇਰੇ ਨਾਲ ਪੜ੍ਹਦੇ ਰਹੇ ਪਰ ਦਿਲ ਵਾਲੀ ਗੱਲ ਕਹਿਣ ਤੋਂ ਖੌਰੇ ਕਿਉਂ ਡਰਦੇ ਰਹੇ’ ਸੁਣਾਇਆ ਤਾਂ ਉਨ੍ਹਾਂ ਨੇ ਉਸ ਨੂੰ ਹਮੇਸ਼ਾ ਲਿਖਦੇ ਰਹਿਣ ਦਾ ਆਸ਼ੀਰਵਾਦ ਦਿੱਤਾ।
ਰੰਗ ਲਿਆਉਣ ਲੱਗੀ ਕਲਮ
ਇਸ ਮਗਰੋਂ ਉਸ ਦੀ ਕਲਮ ਰੰਗ ਲਿਆਉਣ ਲੱਗੀ ਤੇ ਚੰਦਨ ਮਾਨ ਦੀ ਆਵਾਜ਼ ’ਚ ਉਸ ਦਾ ਲਿਖਿਆ ਪਹਿਲਾ ਧਾਰਮਿਕ ਗੀਤ ‘ਸਤਿਗੁਰੂ ਮੇਰੇ ਰਵਿਦਾਸ’ ਰਿਲੀਜ਼ ਹੋਇਆ। ਫਿਰ ਸਾਬੀ ਈਸਪੁਰੀ ਦੀ ਸੰਪਾਦਕੀ ਹੇਠ ਰਿਲੀਜ਼ ਹੋਈਆਂ ਦੋ ਕਿਤਾਬਾਂ ‘ਵੰਝਲੀ’ ਵਿਚ ਜਿੱਥੇ ਆਸ਼ੂ ਦੀਆਂ ਲਿਖੀਆਂ ਗ਼ਜ਼ਲਾਂ ਨੂੰ ਪਾਠਕਾਂ ਨੇ ਭਰਵਾਂ ਹੁੰਗਾਰਾ ਦਿੱਤਾ, ਉੱਥੇ ‘ਮਾਰੂਥਲ ਦੀ ਭਾਸ਼ਾ’ (ਹਾਇਕੂ) ’ਚ ਵੀ ਉਸ ਦੇ ਜਾਪਾਨੀ ਅਹਿਸਾਸਾਂ ਨੂੰ ਮਾਣ ਮਿਲਿਆ।
ਗਾਇਕੀ ਵੱਲ ਵਧਾਏ ਕਦਮ
ਗੀਤਕਾਰੀ ਮਗਰੋਂ ਉਸ ਨੇ ਗਾਇਕੀ ਵੱਲ ਕਦਮ ਵਧਾਏ। ਉਸ ਦਾ ਖ਼ੁਦ ਦੀ ਆਵਾਜ਼ ’ਚ ਪਹਿਲਾ ਸਿੰਗਲ ਟਰੈਕ ‘ਰੱਬ ਨਾਲ ਲੜ ਕੇ’ ਰਿਕਾਰਡ ਹੋਇਆ। ‘ਏ ਮਾਨ ਰਿਕਾਰਡਜ਼’ ਦੇ ਬੈਨਰ ਹੇਠ ਰਿਲੀਜ਼ ਹੋਏ ਉਸ ਦੇ ਨਵੇਂ ਗੀਤ ‘ਕਿਸਮਤ’ ਨੂੰ ਵੀ ਸਰੋਤਿਆ ਮਣਾਂਮੰੂਹੀ ਪਿਆਰ ਦਿੱਤਾ। ਉਸ ਦੇ ਗਾਏ ‘ਪਾਗਲਾ’ ਗੀਤ ਨੂੰ ਲਹਿੰਦੇ ਪੰਜਾਬ ’ਚ ਵੀ ਸਰੋਤਿਆਂ ਖ਼ੂਬ ਸਲਾਹਿਆ। ਇਸ ਤੋਂ ਇਲਾਵਾ ‘ਗੱਲਾਂ ਸੱਚੀਆਂ’, ‘ਮੰਨ ਜਾਣਾ ਸੀ’, ‘ਮੇਰੀ ਜ਼ਿੰਦਗੀ’ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ। ਹਾਲ ਹੀ ’ਚ ਉਸ ਦਾ ਲਿਖਿਆ ਤੇ ਖ਼ੁਦ ਦੀ ਆਵਾਜ਼ ’ਚ ਧਾਰਮਿਕ ਗੀਤ ‘ਅਰਜੋਈ ਨਾਨਕ ਨੂੰ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸੰਗੀਤਕ ਧੁਨਾਂ ਬੌਬੀ ਸ਼ਰਮਾ ਨੇ ਦਿੱਤੀਆਂ ਹਨ।
ਕਈ ਗਾਇਕਾਂ ਨੇ ਗਾਏ ਗੀਤ
ਦਵਿੰਦਰ ਸੋਨੀ ਦੀ ਐਲਬਮ ‘ਰੈੱਡ ਲਿਪਸ’ ’ਚ ਉਸ ਦਾ ਲਿਖਿਆ ਗੀਤ ‘ਕਾਲਜ ਜਦ ਪੜ੍ਹਦੇ ਸੀ’ ਰਿਲੀਜ਼ ਹੋਇਆ। ਇੰਦਰ ਹਰਜ਼ ਦੇ ਗੀਤ ‘ਸੱਜਣਾ ਆਜਾ’, ਆਰਬੀ ਸਿੰਘ ਦੇ ‘ਕਾਂਸ਼ੀ ’ਚ ਰਹਿਣ ਵਾਲਿਆ’, ਰਣਜੀਤ ਸੋਹਲ ਦੇ ‘ਜ਼ਿੰਮੇਵਾਰੀਆਂ’, ਯੁਵੀ ਸਿੰਘ ਦੇ ‘ਵਿਸਾਖੀ’, ਬੀਐੱਮ ਖ਼ਾਨ ਦੇ ‘ਜਲੰਧਰ’, ‘ਦਿਲ ’ਚੋਂ ਡਲੀਟ’, ਕਿੰਗਵਰੀ ਦੇ ‘ਮੁੰਡਾ ਬੈਂਗਕੌਕ ਦਾ’, ਵਿੱਕੀ ਮੋਰਾਂਵਾਲੀਆ ਦੇ ਧਾਰਮਿਕ ਗੀਤ ‘ਨੀਹਾਂ ’ਚ ਚਿਣਦੇ ਭਾਵੇਂ’ ਨੂੰ ਵੀ ਉਸ ਨੇ ਹੀ ਕਲਮਬੱਧ ਕੀਤਾ ਹੈ। ਇਸ ਤੋਂ ਇਲਾਵਾ ਕੇ ਕੁਲਦੀਪ, ਸਰਬਜੀਤ ਨਿੱਕਾ, ਗੁਰਮੁਖ ਹੰਸ ਨੇ ਵੀ ਉਸ ਦੇ ਲਿਖੇ ਗੀਤ ਗਾਏ ਹਨ।
ਪੰਜਾਬੀ ਗਾਇਕੀ ’ਚ ਰੱਖਦਾ ਨਵੇਂ ਮੋੜ ਦੀ ਇੱਛਾ
ਉਸ ਦਾ ਕਹਿਣਾ ਹੈ ਕਿ ਉਹ ਚੰਗੀ ਗਾਇਕੀ ਦਾ ਚਾਹਵਾਨ ਹੈ ਤੇ ਪੰਜਾਬੀ ਗਾਇਕੀ ’ਚ ਨਵੇਂ ਮੋੜ ਦੀ ਇੱਛਾ ਰੱਖਦਾ ਹੈ। ਉਸ ਦਾ ਮੰਨਣਾ ਕਿ ਅਜੋਕੀ ਗਾਇਕੀ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ। ਉਸ ਦੀ ਸੋਚ ਤਾਂ ਇਹੀ ਹੈ ਕਿ ਉਹ ਹਮੇਸ਼ਾ ਸਾਫ਼-ਸੁਥਰੀ ਗਾਇਕੀ ਤੇ ਗੀਤਕਾਰੀ ਨੂੰ ਤਰਜੀਹ ਦੇਵੇ। ਉਸ ਨੇ ਹਮੇਸ਼ਾ ਚੰਗਾ ਗਾਉਣ ਤੇ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਨਤੀਜਾ ਸਰੋਤਿਆਂ ਦੇ ਹੱਥ ਹੁੰਦਾ ਹੈ ਕਿ ਅੰਕ ਕਿੰਨੇ ਦੇਣੇ ਹਨ?
– ਸਤੀਸ਼ ਕੁਮਾਰ


