15 ਨਵੰਬਰ, 2022 ਨੂੰ ਨਵੀਂ ਦਿੱਲੀ ’ਚ ਦਿਨ ਆਮ ਵਾਂਗ ਚੜ੍ਹਿਆ ਪਰ ਦੁਪਿਹਰ ਵੇਲੇ ਜਦੋਂ ਦਿੱਲੀ ਪੁਲਿਸ ਨੇ ਇਕ ਕਤਲ ਦੇ ਸਿਲਸਿਲੇ ’ਚ ਐੱਫਆਈਆਰ ਲਿਖੀ ਤਾਂ ਅਜਿਹੀ ਕਹਾਣੀ ਨਿਕਲ ਕੇ ਸਾਹਮਣੇ ਆਈ, ਜਿਸ ਨੇ ਪੁਲਿਸ ਦੇ ਨਾਲ-ਨਾਲ ਮਨੋਰੰਜਨ ਇੰਡਸਟਰੀ, ਸਮਾਜਿਕ ਚੇਤਨਾ, ਸਰਕਾਰੀ ਇੰਤਜ਼ਾਮੀਆ ਅਤੇ ਮਾਨਵੀ ਸੰਵੇਦਨਾ ’ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ। ਇਸ ਘਟਨਾ ਵਿਚ ਸ਼ਰਧਾ ਵਾਕਰ ਨਾਂ ਦੀ ਕੁੜੀ ਜਿਹੜੀ ਕਿ ਆਫ਼ਤਾਬ ਪੂਨੇਵਾਲਾ ਨਾਂ ਦੇ ਸ਼ਖਸ਼ ਨਾਲ ਲਿਵ-ਇਨ ਵਿਚ ਰਹਿੰਦੀ ਸੀ, ਨੂੰ ਆਫ਼ਤਾਬ ਨੇ ਮਾਰ ਦਿੱਤਾ ਤੇ ਫਿਰ ਕਤਲ ਦੇ ਸਬੂਤ ਮਿਟਾਉਣ ਲਈ ਉਸ ਦੀ ਲਾਸ਼ ਨੂੰ 37 ਟੁਕੜਿਆਂ ਵਿਚ ਕੱਟ ਕੇ ਕਾਲੇ ਰੰਗ ਦੇ ਲਿਫਾਫਿਆਂ ’ਚ ਪੈਕ ਕਰ ਕੇ ਫਰਿੱਜ ’ਚ ਲਗਾ ਦਿੱਤਾ। ਇਸ ਤੋਂ ਬਾਅਦ ਉਸ ਨੇ ਲਹੂ ਦੇ ਨਿਸ਼ਾਨ, ਕਤਲ ਦਾ ਹਥਿਆਰ ਆਦਿ ਖੁਰਦ-ਬੁਰਦ ਕੀਤਾ। ਇਸ ਕਤਲ ਦੀ ਇੰਨੀ ਤਫ਼ਸੀਲ ਲਿਖਣ ਦਾ ਮਕਸਦ ਇਹ ਦੱਸਣਾ ਹੈ ਕਿ ਉਸ ਨੇ ਇਹ ਸਾਰਾ ਕੁਝ ਆਪਣੇ ਪਸੰਦੀਦਾ ਕਿਰਦਾਰ ‘ਡੈਕਸਟਰ’ (ਅਮਰੀਕਨ ਕ੍ਰਾਈਮ ਸ਼ੀਰੀਜ਼) ਤੋਂ ਸਿੱਖ ਕੇ ਕੀਤਾ। ਜੇਕਰ ਅਖ਼ਬਾਰੀ ਕਾਤਰਾਂ ’ਤੇ ਨਿਗਾਹ ਮਾਰੀ ਜਾਵੇ ਤਾਂ ਅਜਿਹੇ ਅਨੇਕਾਂ ਹੈਰਾਨੀਜਨਕ ਜੁਰਮ ਤੇ ਕਤਲ ਦੇ ਮੁਕੱਦਮੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿਚ ਕਾਤਲ ਨੇ ਕਤਲ ਕਰਨ ਦਾ ਢੰਗ, ਮਿ੍ਰਤਕ ਸਰੀਰ ਨੂੰ ਖੁਰਦ-ਬੁਰਦ ਕਰਨ ਦਾ ਤਰੀਕਾ ਤੇ ਜੁਰਮ ਦਾ ਨਾਮੋਂ-ਨਿਸ਼ਾਨ ਮਟਾਉਣ ਦਾ ਤਰੀਕਾ ਕਿਸੇ ਨਾ ਕਿਸੇ ਸੀਰੀਜ਼, ਫਿਲਮ ਜਾਂ ਟੀਵੀ ਸ਼ੋਅਜ਼ ਤੋਂ ਸਿੱਖਿਆ ਹੁੰਦਾ ਹੈ। ਆਫ਼ਤਾਬ ਦੀ ਇਹ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੋਈ ਸਗੋਂ ਇਕ ਚੈਨਲ ਨੇ ਇਸ ਕਹਾਣੀ ’ਚ ਕਤਲ ਦੇ ਤਰੀਕਿਆਂ ਤੇ ਪੂਰੇ ਘਟਨਾਕ੍ਰਮ ਨੂੰ ਹੂਬਹੂ ਦਿਖਾਉਣ ਲਈ ਇਸ ਦਾ ਫਿਲਮਾਂਕਣ ਕਰ ਕੇ
ਇਸ ਦਰਦਨਾਕ ਤ੍ਰਾਸਦੀ ਦਾ ਲਾਹਾ ਖੱਟਣ ਦੀ ਕੋਸ਼ਿਸ਼ ਕੀਤੀ। ਤਿੱਖੇ ਵਿਰੋਧ ਤੋਂ ਬਾਅਦ ਚੈਨਲ ਨੂੰ ਇਸ ਦਾ ਪ੍ਰਸਾਰਣ ਬੰਦ ਕਰਨਾ ਪਿਆ।

ਭਾਰਤ ਵਿਚ ਪਿਛਲੇ ਦੋ ਦਹਾਕਿਆਂ ’ਚ ਅਨੇਕ ਅਜਿਹੀਆਂ ‘ਰੇਅਰ ਆਫ ਦਿ ਰੈਅਰਿਸਟ’ ਕਤਲ, ਬਲਾਤਕਾਰ ਤੇ ਸਮੂਹਿਕ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਮੁਲਕ ਦੀ ਸਮੂਹਿਕ ਚੇਤਨਾ ਨੂੰ ਝੰਜੋੜਿਆ ਹੈ। ਇਸ ਦੇ ਬਾਵਜੂਦ ਮਨੋਰੰਜਨ ਜਗਤ ਦੀ ਮੁਨਾਫਾਖ਼ੋਰ ਪ੍ਰਵਿਰਤੀ ਅਤੇ ਜੁਰਮ, ਕਤਲ ਤੇ ਸੈਕਸ ਆਧਾਰਿਤ ਫਾਰਮੂਲਿਆਂ ਦੇ ਰੁਝਾਨ ਨੂੰ ਠੱਲ ਨਹੀਂ ਪਈ। ਇਸੇ ਸਾਲ ਬੰਗਲੌਰ ਦੇ ਇਕ ਨੌਜਵਾਨ ਵਪਾਰੀ ਨੇ ਬੀਮਾ ਕੰਪਨੀ ਨੂੰ ਬੁੱਧੂ ਬਣਾਉਣ ਲਈ ਆਪਣੀ ਹੀ ਦੁਕਾਨ ’ਚ 2 ਕਰੋੜ ਦੀ ਚੋਰੀ ਕਰਵਾਈ, ਜਿਸ ਦਾ ਸਾਰਾ ਪਲਾਨ ਉਸ ਨੇ ਇਕ ਵੈੱਬ ਸੀਰੀਜ਼ ਤੋਂ ਸਿੱਖਿਆ। ਇਸੇ ਤਰ੍ਹਾਂ ਬਹੁ-ਚਰਚਿਤ ਸੀਰੀਜ਼ ‘ਮਨੀ ਹੇਸਟ’ ਤੋਂ ਪ੍ਰਭਾਵਿਤ ਹੋ ਕੇ ਲਖਨਊ ਦੇ ਗੋਮਤੀਨਗਰ ’ਚ ਡਕੈਤੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਪਿਛਲੇ ਕੁਝ ਸਾਲਾਂ ਵਿਚ ਵੱਖ-ਵੱਖ ਓਟੀਟੀ ਪਲੇਟਫਾਰਮਾਂ ਨੇ ਦਿ੍ਰਸ਼-ਸੰਸਾਰ ਦੀ ਸੰਰਚਨਾ ਅਤੇ ਫਿਲਮ ਦੇਖਣ ਦੀ ਪ੍ਰੀਕਿ੍ਰਆ ਨੂੰ ਅਣਗਿਣਤ ਢੰਗਾਂ ਨਾਲ ਪੁਨਰ-ਪ੍ਰਭਾਸ਼ਿਤ ਕੀਤਾ ਹੈ। ਨਵੀਂ ਤਰ੍ਹਾਂ ਦੇ ਤਕਨੀਕੀ ਹੁਨਰ ਨਾਲ ਭਰਪੂਰ ਫਿਲਮਸਾਜ਼ੀ, ਵੀਐੱਫਐਕਸ ਅਤੇ ਸਪੈਸ਼ਲ ਇਫੈਕਟ, ਕੰਪਿਊਟਰ ਨਾਲ ਬਣਾਈਆਂ ਤਸਵੀਰਾਂ ਤੇ ਦਿ੍ਰਸ਼ਾਂ ਦੀ ਖੁੱਲ੍ਹੀ ਵਰਤੋਂ, ਹਿੰਸਾ, ਸੈਕਸ, ਜੁਰਮ ਤੇ ਸਿਆਸਤ ਵਿਚ ਗੁੰਨੀਆਂ ਪਟਕਥਾਵਾਂ ਅਤੇ ਹਰੇ, ਨੀਲੇ ਤੇ ਭੂੁਰੇ-ਰੰਗੇ ਕੈਨਵਸਾਂ ’ਤੇ ਫਿਲਮਾਏ ਬਿਰਤਾਂਤ ਓਟੀਟੀ ਪਲੇਟਫਾਰਮਾਂ ਨੂੰ ਬਾਲੀਵੱੁਡ ਸਿਨੇਮਾ, ਭਾਰਤ ਦੇ ਪਬਲਿਕ ਬਰਾਡਕਾਸਟਿੰਗ ਸਿਸਟਮ ਆਦਿ ਉੱਪਰ ਦਹਾਕਿਆਂ ਤੋਂ ਪ੍ਰਸਾਰਿਤ ਹੋ ਰਹੇ ਸੀਰੀਅਲਾਂ ਤੇ ਸ਼ੋਆਂ ਤੋਂ ਵੱਖਰਾ ਕਰਦਾ ਹੈ। ਇਸ ਦੇ ਨਾਲ ਹੀ ਇਹ ਵੀ ਸ਼ਪੱਸ਼ਟ ਹੈ ਕਿ ਇਨ੍ਹਾਂ ਦਾ ਖਾਕਾ ਸਾਊਥ ਕੋਰੀਆ ਦੇ ਸਸਪੈਂਸ-ਥਿ੍ਰਲਰਜ਼, ਹਾਲੀਵੱੁਡ ਦੇ ਫਿਲਮ ਬਣਾਉਣ ਦੇ ਸਟਾਈਲ ਅਤੇ ਸਾਊਥ ਇੰਡੀਅਨ ਫਿਲਮਾਂ ਦੇ ਫਿਲਮਾਂਕਣ ਨਾਲ ਵੱਧ ਮਿਲਦਾ-ਜੁਲਦਾ ਹੈ। ਇਨ੍ਹਾਂ ਸੀਰੀਜ਼ ਦੀ ਗਿਣਤੀ ਹੁਣ ਹਜ਼ਾਰਾਂ ਵਿਚ ਹੈ, ਜਿਨ੍ਹਾਂ ਵਿਚੋਂ ਪ੍ਰਮੁੱਖ ਹਨ ‘ਸੈਕਰਡ ਗੇਮਜ਼’, ‘ਦਿੱਲੀ ਕ੍ਰਾਈਮ’, ‘ਚੂਨਾ’, ‘ਦਿ ਹੰਟ ਫਾਰ ਵੀਰੱਪਨ’, ‘ਕੈਟ’, ‘ਸ਼ੀ’, ‘ਕੋਟਾ ਫੈਕਟਰੀ’, ‘ਸਕੂਪ’, ‘ਮਿਸਮੈਚਿਡ’, ‘ਤਾਜ ਮਹੱਲ’, ‘ਕਲਾਸ’, ‘ਖਾਕੀ’, ‘ਲੈਲਾ’, ‘ਸ਼ੋਸ਼ਲ ਕਨੈਕਟ’, ‘ਟਰਾਇਲ ਵਾਏ ਫਾਇਰ’, ‘ਹਿੱਟ : ਦਿ ਫਸਟ ਕੇਸ’ ਅਤੇ ‘ਕਲਾ’।
ਸਿਆਸੀ-ਆਰਥਿਕਤਾ ਦੇ ਪਹਿਲੂ
ਓਟੀਟੀ ਪਲੇਟਫਾਰਮਾਂ ’ਤੇ ਪ੍ਰਸਾਰਿਤ ਇਨ੍ਹਾਂ ਸੀਰੀਜ਼ ਤੇ ਸ਼ੋਅਜ਼ ਦੇ ਨਿਰਮਾਣ ਤੇ ਨਿਰਦੇਸ਼ਨ ਦੀ ਸਿਆਸੀ-ਆਰਥਿਕਤਾ ਦੇ ਕਈ ਪਹਿਲੂ ਹਨ। ਇੱਥੇ ਗਲੋਬਲ ਪੱਧਰ ’ਤੇ ਮਨੋਰੰਜਨ ਜਗਤ ਵਿਚ ਨਿਵੇਸ਼ ਦੇ ਵਰਤਾਰੇ ਨੂੰ ਸਮਝਣਾ ਅਤੇ ਪੱਛਮੀ ਸੱਭਿਆਚਾਰਕ ਮਾਧਿਅਮਾਂ ਵੱਲੋਂ ਅਮਰੀਕਾ-ਰੂਸ ਦਰਮਿਆਨ ਚੱਲਦੀ ਰਹੀ ਠੰਢੀ ਜੰਗ ਦੌਰਾਨ ਸਿਰਜੇ ਬਿਰਤਾਤਾਂ ਦੀ ਲਗਾਤਾਰਤਾ ਬਣੀ ਰਹਿਣ ਦੇ ਮਹੱਤਵਪੂਰਨ ਨੁਕਤਿਆਂ ’ਤੇ ਚਰਚਾ ਕਰਨੀ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਦਾ ਝਲਕਾਰਾ ਲਗਾਤਾਰ ਓਟੀਟੀ ਪਲੇਟਫਾਰਮਾਂ ਵੱਲੋਂ ਤੀਜੀ ਦੁਨੀਆ ਦੇ ਦਰਸ਼ਕਾਂ ਅੱਗੇ ਪਰੋਸੀ ਮਨੋਰੰਜਕ ਸਮੱਗਰੀ ਵਿੱਚੋਂ ਵਾਰ-ਵਾਰ ਝਲਕਦਾ ਹੈ। ਇਨ੍ਹਾਂ ਸੀਰੀਜ਼ ਤੇ ਸ਼ੋਅਜ਼ ਰਾਹੀਂ ਸਿਰਜਿਆ ਬਿਰਤਾਂਤ, ਇਸ ਸਬੰਧ ਵਿਚ ਘੜ੍ਹੀਆਂ ਗਈਆਂ ਸਿਆਸੀ ਤਹਿਰੀਰਾਂ, ਤੀਜੀ ਦੁਨੀਆਂ ਦੇ ਮੁਲਕਾਂ ਉੱਪਰ ਆਰਥਿਕ ਦਾਬੇ ਅਤੇ ਪਹਿਲੀ ਦੁਨੀਆ ਦੇ ਮੁਲਕਾਂ ਦੀ ਉੱਚ-ਸੱਭਿਅਤਾ ਦੀ ਮਿੱਥ ਨਾਲੋਂ ਕਿਸੇ ਤਰ੍ਹਾਂ ਵੀ ਵੱਖਰਾ ਨਹੀਂ। ਪ੍ਰਸਿੱਧ ਵਿੱਤੀ ਸੰਸਥਾ ਫੋਰਬਸ ਦੇ ਅਧਿਐਨਾਂ ਮੁਤਾਬਕ ਕਰੋਨਾ ਮਹਾਮਾਰੀ ਦੌਰਾਨ ਨਾ ਸਿਰਫ਼ ਫਿਲਮ ਸਨਅਤ ਬਲਕਿ ਮਿਊਜ਼ਿਕ ਸ਼ੋਅ ਅਤੇ ਥੀਏਟਰ ਕਲਾ ਵੀ ਮਹਿਸੂਸ ਕਰਨ ਦੀ ਥਾਂ ਵਿਯੂਅਲ ਪੇਸ਼ਕਾਰੀ ਮਾਧਿਅਮਾਂ ਦਾ ਹਿੱਸਾ ਹੋ ਗਈ। ਅੱਜ ਦੇ ਦੌਰ ਵਿਚ ਇਹ ਹੋਰ ਵੀ ਗੁੰਝਲਦਾਰ ਮਸਲਾ ਬਣ ਚੱੁਕਿਆ ਹੈ ਜਦਕਿ ਆਰਟੀਫਿਸ਼ਲ ਇੰਟੈਲੀਜੈਂਸ, ਮੈਟਵਰਸ, ਸ਼ੋਸ਼ਲ ਮੀਡੀਆ 2:0, ਮੀਡੀਆ ਕ੍ਰੀਏਟਰਜ਼ ਇੰਡਸਟਰੀ ਅਤੇ ਆਨ ਡਿਮਾਂਡ ਮੀਡੀਆ ਦਾ ਯੁੱਗ ਆ ਚੱੁਕਾ ਹੈ ਅਤੇ ਮੀਡੀਆ ਖੋਜ ਨਾਲ ਸਬੰਧਤ ਅਦਾਰੇ ਦਰਸ਼ਕਾਂ ਦਾ ਧਿਆਨ ਖਿੱਚਣ, ਉਨ੍ਹਾਂ ਨੂੰ ਵੱਧ ਤੋਂ ਵੱਧ ਸਮੇਂ ਤੱਕ ਮਾਧਿਅਮ ਨਾਲ ਜੋੜੀ ਰੱਖਣ ਅਤੇ ਨਿੱਜਤਾ ਦੀਆਂ ਬਾਰੀਕ ਤੋਂ ਬਾਰੀਕ ਤੈਹਾਂ ਨੂੰ ਫਰੋਲਣ ਨੂੰ ਆਪਣੀ ਰੈਵੀਨਿਊ ਜੈਨਰੇਸ਼ਨ ਪਾਲਿਸੀ ਦਾ ਮੱੁਖ ਧੁਰਾ ਮੰਨਦੇ ਹਨ।
ਭੂ-ਰਾਜਨੀਤਿਕ ਤਣਾਅ ਦਾ ਪ੍ਰਭਾਵ
ਭੂ-ਰਾਜਨੀਤਿਕ ਤਣਾਅ ਜਿਵੇਂ ਇਜ਼ਰਾਈਲ ਤੇ ਫਲਸਤੀਨ ਵਿਚਕਾਰ ਹੋ ਰਹੀ ਹਿੰਸਾ ਅਤੇ ਰੂਸ-ਯੂਕਰੇਨ ਜੰਗ ਨੇ ਇਨ੍ਹਾਂ ਮੁਲਕਾਂ ਦੀ ਮੀਡੀਆ ਸਨਅਤ ਅਤੇ ਓਟੀਟੀ ਪਲੇਟਫਾਰਮਾਂ ਦੀ ਸਮੱਗਰੀ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ। ਮੀਡੀਆ ਰੈਗੂਲੇਸ਼ਨ ਅਤੇੇ ਵੱਖ-ਵੱਖ ਮੁਲਕਾਂ ਵੱਲੋਂ ਪਾਬੰਦੀਆਂ ਨੇ ਵੀ ਆਨਲਾਈਨ ਪਲੇਟਫਾਰਮਾਂ ਅਤੇ ਸੇਵਾਵਾਂ ਵੱਲੋਂ ਨਿੱਜੀ ਡਾਟਾ ਕਿਵੇਂ ਇਕੱਤਰ, ਸਟੋਰ ਅਤੇ ਵਰਤਿਆ ਜਾਂਦਾ ਹੈ, ਨਾਲ ਸਬੰਧਤ ਸਮੱਗਰੀ ਛਾਂਟਣ ਅਤੇ ਵਿਅਕਤੀਗਤ ਸਮੱਗਰੀ ਦੇ ਨਾਲ ਖਪਤਕਾਰਾਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਨੂੰ ‘ਦੇਖਣਯੋਗ’ ਜਾਂ ‘ਨਾ ਦੇਖਣਯੋਗ’ ਸ਼ੇ੍ਰਣੀਆਂ ਵਿਚ ਵੰਡਣ ਦੀ ਯੋਗਤਾ ਆਦਿ ਨੂੰ ਪ੍ਰਭਾਵਿਤ ਕਰਦੀਆਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਹਨ। ਇਸ ਸਬੰਧ ਵਿਚ ਭਾਰਤ ਸਰਕਾਰ ਵੱਲੋਂ ਇਸੇ ਸਾਲ ਲਾਗੂ ਕੀਤਾ ਗਿਆ ‘ਡਿਜੀਟਲ ਇੰਡੀਆ ਐਕਟ 2023’ ਬੇਹੱਦ ਅਹਿਮ ਦਸਤਾਵੇਜ਼ ਹੈ। ਵੱਖ-ਵੱਖ ਸਿਆਸੀ-ਸਮਾਜਿਕ ਅੰਦੋਲਨ ਅਤੇ ਸਿਆਸੀ ਸਰਗਰਮੀਆਂ ਵੀ ਗਲੋਬਲ ਮਨੋਰੰਜਨ ਰੁਝਾਨਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਕਿਉਂਕਿ ਇਹ ਇਨ੍ਹਾਂ ਨਾਲ ਜੁੜੇ ਦਰਸ਼ਕਾਂ ਤੇ ਹਿੱਸੇਦਾਰਾਂ ਦੀਆਂ ਕਦਰਾਂ-ਕੀਮਤਾਂ ਅਤੇ ਤਰਜੀਹਾਂ ਨੂੰ ਦਰਸਾਉਂਦੇ ਹਨ। ਉਦਾਹਰਣ ਲਈ ‘ਬਲੈਕ ਲਾਈਵਜ਼ ਮੈਟਰ ਅੰਦੋਲਨ ਨੇ ਮਨੋਰੰਜਨ ਅਤੇ ਮੀਡੀਆ ਉਦਯੋਗ ਵਿਚ ਨਵੇਂ ਸਮੂਹਾਂ ਦੀ ਸ਼ਮੂਲੀਅਤ ਤੇ ਪਹਿਲਕਦਮੀਆਂ ਦੀ ਇਕ ਲਹਿਰ ਪੈਦਾ ਕੀਤੀ ਹੈ ਅਤੇ ਨਾਲ ਹੀ ਹਾਸ਼ੀਏ ’ਤੇ ਰਹਿ ਗਏ ਗਰੱੁਪਾਂ ਦੀ ਨੁਮਾਇੰਦਗੀ ਅਤੇ ਉਨ੍ਹਾਂ ਨੂੰ ਸਮਰੱਥ ਬਣਾਉਣ ਵਾਲੀ ਸਮੱਗਰੀ ਦੀ ਇਕ ਵੱਡੀ ਮਾਰਕੀਟ ਹੈ।
ਓਟੀਟੀ ਮਨੋਰੰਜਨ ਸਮੱਗਰੀ ਉਤਪਾਦਕ ਬਣੇ
ਇਸ ‘ਨਿਊ ਈਕੋ-ਸਿਸਟਮ ਆਫ ਇੰਟਰਟੇਨਮੈਂਟ’ ਵਿਚ ਓਟੀਟੀ ਮੁੱਖ ਮਨੋਰੰਜਨ ਸਮੱਗਰੀ ਉਤਪਾਦਕ (ਮੀਡੀਆ ਕ੍ਰੀਏਟਰਜ਼) ਵੱਜੋਂ ਉਭਰਦੇ ਹਨ। ਕਿਸੇ ਵੀ ਤਰ੍ਹਾਂ ਦੇ ਮੀਡੀਆ ਦੇ ਦਰਸ਼ਕਾਂ ਅਤੇ ਪਾਠਕਾਂ ’ਤੇ ਇਨ੍ਹਾਂ ਸੀਰੀਜ਼ ਜਾਂ ਪ੍ਰੋਗਰਾਮਾਂ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਲਈ ਇਨ੍ਹਾਂ ਵਿਚ ਪਰੋਸੀ ਗਈ ਸਮੱਗਰੀ ਸਭ ਤੋਂ ਅਹਿਮ ਦਸਤਾਵੇਜ਼ ਹੁੰਦੀ ਹੈ। ਇਨ੍ਹਾਂ ਵਿਚੋਂ ਨੈੱਟਫਲਿਕਸ ਆਪਣੀ ਪਹੁੰਚ ਤੇ ਆਰਥਿਕਤਾ ਨਾਲ ਇਕ ਪ੍ਰਮੁੱਖ ਪਲੇਟਫਾਰਮ ਬਣ ਚੱੁਕਿਆ ਹੈ। ਇਸ ਨੇ ਆਪਣੀ ਸ਼ੁਰੂਆਤ ਸੰਨ 2018 ਵਿਚ ਅਨੁਰਾਗ ਕਸ਼ਿਅਪ ਤੇ ਵਿਕਰਮਾਦਿੱਤਿਆ ਮੋਟਵਾਨੀ ਨਾਲ ਮਿਲ ਕੇ ਨਿਰਦੇਸ਼ਿਤ ਕੀਤੀ ਛੇ ਘੰਟਿਆਂ ਦੀ ਸੀਰੀਜ਼ ‘ਸੈਕਰਡ ਗੇਮਜ਼’ ਨਾਲ ਕੀਤੀ, ਜੋ ਕਿ ਇਸੇ ਨਾਂ ਦੇ ਨਾਵਲ ’ਤੇ ਅਧਾਰਿਤ ਸੀ ਜਿਸ ਦੇ ਲੇਖਕ ਵਿਕਰਮ ਚੰਦਰਾ ਸਨ। ਇਹ ਤਿੰਨੋਂ ਬੰਬਈ ਦੇ ਬਣਨ ਦੇ ਗਵਾਹ ਹੋਣ ਦੇ ਨਾਲ-ਨਾਲ ਇਸ ਵਿਚ ਪੈਦਾ ਹੋਏ ਮਾਫੀਆ ਸੱਭਿਅਚਾਰ ਦੇ ਵੀ ਗਵਾਹ ਸਨ, ਜਿਸ ਕਾਰਨ ਇਸ ਸੀਰੀਜ਼ ਦੇ ਰਿਲੀਜ਼ ਹੁੰਦਿਆਂ ਹੀ ਬੰਬਈ ਸ਼ਹਿਰ ਇਕਦਮ 199 ਮੁਲਕਾਂ ਦੀਆਂ ਸਕਰੀਨਾਂ ’ਤੇ ਚਰਚਾ ਵਿਚ ਆ ਗਿਆ। ਇਸ ਸੀਰੀਜ਼ ਨੇ ਅਚਾਨਕ ਹੀ ‘ਭਾਬੀ ਜੀ ਘਰ ਪਰ ਹੈਂ’, ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’, ‘ਕਹਾਣੀ ਘਰ-ਘਰ ਕੀ’ ਵਰਗੇ ਚੁਟਕਲਿਆਂ ਤੇ ਸਸਤੀਆਂ ਘਰੇਲੂ ਪਟਕਥਾਵਾਂ ਤੋਂ ਕੈਮਰੇ ਦਾ ਫੋਕਸ ਬੰਬਈ ਦੇ ਅੰਡਰਵਰਲਡ ਦੀ ਸਿਆਸੀ ਪੁਸ਼ਤਪਨਾਹੀ, ਧਰਮ ਤੇ ਸੱਤਾ ਦੇ ਨਾਪਾਕ ਗਠਜੋੜ, ਬੰਬਈ ਦੀ ‘ਸੁਪਨਿਆਂ ਦਾ ਸ਼ਹਿਰ’ ਹੋਣ ਦੀ ਮਿੱਥ ਦੀ ਨਿਰਾਰਥਕਤਾ ਅਤੇ ਤਥਾਕਥਿਤ ਸਿਸਟਮ ਦੀਆਂ ਨੈਤਿਕ ਤੇ ਦਾਰਸ਼ਿਨਕ ਕਮਜ਼ੋਰੀਆਂ ’ਤੇ ਜਾ ਟਿਕਾਇਆ। ਇਸ ਤੋਂ ਵੀ ਕੁਝ ਕਦਮ ਅਗਾਂਹ ਜਾਂਦਿਆ ਇਸ ਸੀਰੀਜ਼
ਨੇ ਸ਼ਾਇਦ ਪਹਿਲੀ ਵਾਰ ਜੁਰਮ ਦੀ ਦੁਨੀਆਂ ਦਾ ਐਕਸਰੇ ਕਰਦਿਆ ਪੁਲਿਸ, ਸਟੇਟ ਏਜੰਸੀਆਂ, ਮਾਫੀਆ ਸਰਗਨੇ
ਅਤੇ ਇਨ੍ਹਾਂ ਸਭ ਵੱਲੋਂ ਮਿਲ-ਜੁਲ ਕੇ ਲੋਕਾਂ ਨੂੰ ਉਲਝਾਉਣ ਦੀਆਂ ਬਾਰੀਕੀਆਂ ਵੱਲ ਧਿਆਨ ਖਿੱਚਿਆ। ਇਸ ਤੋਂ ਬਾਅਦ ਸਿਆਸਤ, ਧਰਮ, ਮਾਫੀਆ ਅਤੇ ਪੁਲਿਸ ਦਾ ਇਹ ਫਾਰਮੂਲਾ ਲਗਪਗ ਹਰ ਅਗਲੀ ਸੀਰੀਜ਼ ਵਿਚ ਦੁਹਰਾਇਆ ਗਿਆ।
ਫਿਲਮਾਂਕਣ ਤੇ ਬਿਰਤਾਂਤ ਐਂਟੀ-ਸਿਨੇਮਾ
ਜੇਕਰ ਫਾਰਮ ਦੇ ਪੱਧਰ ’ਤੇ ਦੇਖਿਆ ਜਾਵੇ ਤਾਂ ਇਨ੍ਹਾਂ ਸੀਰੀਜ਼ ਤੇ ਸ਼ੋਆਂ ਦਾ ਫਿਲਮਾਂਕਣ ਤੇ ਬਿਰਤਾਂਤ ਐਂਟੀ-ਸਿਨੇਮਾ ਹੈ ਕਿਉਂਕਿ ਇਹ ਦਿ੍ਰਸ਼ਾਂ ਦੀ ਦੇਖਣ-ਪ੍ਰੀਕਿ੍ਰਆ ਨੂੰ ਨਿੱਜ ਤੱਕ ਸੀਮਿਤ ਕਰਦੇ ਹਨ ਜਦਕਿ ਸਿਨੇਮਾ ਤੇ ਫਿਲਮ ਆਪਣੇ ਸੁਭਾਅ ਤੋਂ ਹੀ ਜਨ-ਸੰਚਾਰ ਮਾਧਿਅਮ ਅਤੇ ਸਮੂਹਿਕ ਗਤੀਵਿਧੀ ਹੈ। ਇਨ੍ਹਾਂ ਸੀਰੀਜ਼ ਦੀ ਸਮੱਗਰੀ ਭਾਵੇਂ ਉਹ ਲਿੰਗਕ-ਵਿਤਕਰੇ ਜਾਂ ਲਿੰਗਕ-ਹਿੰਸਾ ’ਤੇ ਹੋਵੇ, ਭਾਵੇਂ ਦਿਹਾਤੀਆਂ ਲਈ ਚੰਗਾ ਪ੍ਰਬੰਧਨ ਦੇਣ ਦੀ ਕਵਾਇਦ (ਪੰਚਾਇਤ) ਜਾਂ ਫਿਰ ਬਹੁਚਰਚਿਤ ਸਿਆਸੀ ਡਿਸਟੋਪੀਆ ਜਿਵੇਂ ਕਿ ‘ਲੈਲਾ’ ਹੋਵੇ ਇਸ ਵਿਚ ਫਿਲਮਾਂਕਣ ਦੀਆਂ ਘਟਨਾਵਾਂ ਦਾ ਮਰਮ ਸਿਆਸੀ ਹੈ, ਉਨ੍ਹਾਂ ਦੀ ਕਹਾਣੀ ਦਾ ਸੂਤਰਧਾਰ ਕਿਤੇ ਨਾ ਕਿਤੇ ਸੱਤਾ ਦੀਆਂ ਡਗਮਗਾਉਂਦੀਆਂ ਤੇ ਜ਼ਰਜ਼ਰ ਕੰਧਾਂ ਹਨ, ਜਿਹੜੀਆਂ ਸਿਆਸੀ ਯਥਾਰਥ ਦੇ ਧਰਾਤਲ ਅਤੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੇ ਮੱੁਦਿਆਂ ’ਤੇ ਨਾਕਾਮ ਰਹੀਆਂ ਹਨ। ਸੀਰੀਜ਼ ‘ਹਿੱਟ : ਦਿ ਫਸਟ ਕੇਸ’, ਬਹੁਚਰਚਿਤ ‘ਮਾਈ’ ਅਤੇ ਹੁਣੇ-ਹੁਣੇ ਰਿਲੀਜ਼ ਹੋਈ ਫਿਲਮ ‘ਜਾਨੇ ਜਾਨ’ ਵਿਚ ਲਿੰਗ-ਅਧਾਰਿਤ ਹਿੰਸਾ ਨੂੰ ਅਧਾਰ ਬਣਾਇਆ ਗਿਆ ਹੈ ਅਤੇ ਇਸ ਤੋਂ ਪ੍ਰਭਾਵਿਤ ਮੱੁਖ ਕਿਰਦਾਰ ਵੱਲੋਂ ਕਾਨੂੰਨੀ ਤੇ ਸਮਾਜਿਕ ਹੱਦਾਂ ਤੇ ਘੇਰਾਬੰਦੀਆਂ ਤੋਂ ਬਾਹਰ ਜਾ ਕੇ ਕਤਲ ਕਰਨ, ਲਾਸ਼ਾਂ ਨੂੰ ਸਾੜਣ-ਫੂਕਣ ਅਤੇ ਪਬਲਿਕ ਸੰਪਤੀ ਜਾਂ ਅਦਾਰਿਆਂ ਨੂੰ ਵਿੱਤੀ, ਜਾਨੀ ਨੁਕਸਾਨ ਪਹੁੰਚਾਉਣ ਨੂੰ ਜ਼ਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤੋਂ ਵੱਧ ਕੇ ਇਹ ਵੀ ਮਿੱਥ ਲਿਆ ਜਾਂਦਾ ਹੈ ਕਿ ਬਹੁਤੇ ਸਰਕਾਰੀ ਅਦਾਰੇ ਭਿ੍ਰਸ਼ਟਾਚਾਰ ਤੇ ਆਮ ਲੋਕਾਂ ਦੀ ਖੱਜਲ-ਖੁਆਰੀ ਦੀ ਜਗ੍ਹਾ ਬਣ ਚੱੁਕੇ ਹਨ।
ਖਲਨਾਇਕਾਂ, ਗੈਂਗਸਟਰਾਂ ਦਾ ਵੱਡਾ ਕੱਦ ਦਿਖਾਉਣਾ
ਲਗਪਗ ਹਰ ਸੀਰੀਜ਼ ’ਚ ਖਲਨਾਇਕ, ਗੈਂਗਸਟਰ, ਕਾਤਲ, ਗੁੰਡਾ ਦਾ ਕੱਦ ਇੰਨਾ ਵੱਡਾ ਹੈ ਕਿ ਉਸ ਦੀ ਪਹੁੰਚ ਮੁਲਕ ਦੀ ਸੱਤਾ ਦੇ ਸਰਬਉੱਚ ਅਹੁਦਿਆਂ ਤੱਕ ਹੈ। ਇਹੀ ਨਹੀਂ ਸਗੋਂ ਬਹੁਤੀਆਂ ਸੀਰੀਜ਼ ਤਾਂ ਇਸ ਤੱਥ ਨੂੰ ਵੀ ਤਕਸੀਮ ਕਰਦੀਆਂ ਹਨ ਕਿ ਚੁਣੀਆਂ ਗਈਆਂ ਸਰਕਾਰਾਂ ਦੇ ਸਮਾਂਤਰ ਇਹ ਸਮਾਜ ਵਿਰੋਧੀ ਤੱਤ ਆਪਣੀਆਂ ਸਰਕਾਰਾਂ ਵੀ ਚਲਾ ਰਹੇ ਹਨ ਜਿੱਥੇ ਇਨਸਾਫ਼ ਲਈ ਜੰਗਲ ਦੇ ਕਾਨੂੰਨ ਦੀ ਵਰਤੋਂ ਆਮ ਗੱਲ ਹੈ। ਇਨ੍ਹਾਂ ਸੀਰੀਜ਼ ਵਿਚ ਇਕ ਸਾਂਝੀ ਤੰਦ ਮਨੱੁਖੀ ਦੇਹ ਨਾਲ ਵਾਪਰਦਾ ਮਨੋਵਿਗਿਆਨਕ ਤੇ ਸਰੀਰਿਕ ਤਸ਼ਦੱਦ ਹੈ। ਆਮ ਹਾਲਾਤ ਵਿਚ ਸਟੇਟ ਜਾਂ ਅਥਾਰਟੀ ਇਸ ਨੂੰ ‘ਅਤਿ ਜ਼ਰੂਰੀ’ ਤੇ ‘ਪਵਿੱਤਰ ਕਾਰਜ’ ਵੱਜੋਂ ਪ੍ਰਚਾਰਿਤ ਕਰਦੀ ਹੈ। ਸੀਰੀਜ਼ ਵਿਚ ਇਸ ਨੂੰ ਮੁਕੱਦਮੇ ਦੇ ਬੰਦ ਹੋਣ ਦਾ ‘ਕੁਦਰਤੀ ਨੇਮ’ ਬਣਾ ਕੇ ਦਿਖਾਇਆ ਜਾਂਦਾ ਹੈ।
ਸ਼ੀਰੀਜ਼ ‘ਕੋਹਰਾ’ ਵਿਚ ਮਿ੍ਰਤਕ ਪਾਲ ਦਾ ਚਿਹਰਾ-ਮੋਹਰਾ ਵਿਗਾੜਨਾ, ਸੀਰੀਜ਼ ‘ਮਾਈ’ ਵਿਚ ਮੁੱਖ ਕਿਰਦਾਰ ਦਾ ਡਾਕਟਰ ਹੋਣ ਕਾਰਨ ਬਦਲੇ ਦੇ ਤੌਰ ’ਤੇ ਦੋਸ਼ੀ ਦੇ ਮੂੰਹ ’ਤੇ ਉਬਲਦਾ ਪਾਣੀ ਪਾਉਣ ਵਾਲਾ ਸੀਨ, ਸੀਰੀਜ਼ ‘ਹਿੱਟ: ਦਿ ਫਸਟ ਕੇਸ’ ਵਿਚ ਮਿ੍ਰਤਕ ਬੱਚੀ ਦੇ ਸਰੀਰ ਨੂੰ ਖੁਰਦ-ਬੁਰਦ ਕਰਨ ਲਈ ਖਾਸ ਕਿਸਮ ਦੀ ਵਰਮੀ-ਕੰਪੋਸਟ ਦੀ ਵਰਤੋਂ ਕਰਨਾ ਆਦਿ ਉਪਰੋਕਤ ਦਲੀਲਾਂ ਨੂੰ ਸਹੀ ਸਿੱਧ ਕਰਦੇ ਹਨ। ਲੰਬੇ ਸਮੇਂ ਤੱਕ ਅਜਿਹੇ ਦਿ੍ਰਸ਼ਾਂ ਨੂੰ ਮਨੋਰੰਜਨ ਦੇ ਤੌਰ ’ਤੇ ਖਪਤ ਕਰਨ ਦੀ ਪ੍ਰਕਿ੍ਰਆ ਅਤੇ ਪ੍ਰਭਾਵਾਂ ਸਬੰਧੀ ਹਾਲੇ ਗੰਭੀਰ ਅਧਿਐਨ ਦਰਕਾਰ ਹਨ। ਇਨ੍ਹਾਂ ਸੀਰੀਜ਼ ਵਿਚ ਜੁਰਮ ਕਿਉਂ ਹੋ ਰਿਹਾ ਜਾਂ ਕਿਉਂ ਵੱਧ ਰਿਹਾ ਦੀ ਥਾਂ ਕਿਵੇਂ ਹੋ ਰਿਹਾ ਜਾਂ ਕਿਵੇਂ ਕੀਤਾ ਜਾ ਸਕਦਾ ’ਤੇ ਵੱਧ ਫੋਕਸ ਹੁੰਦਾ ਹੈ। ਬਹੁਤੀ ਵਾਰ ਜੁਰਮ ਦਾ ਕੋਈ ਪਿਛੋਕੜ ਜਾਂ ਇਤਿਹਾਸ ਨਹੀਂ ਦਿਖਾਇਆ ਜਾਂਦਾ ਬਲਕਿ ਸੀਰੀਜ਼ ਸ਼ੂਰੂ ਤੋਂ ਹੀ ਕਤਲ ਦੇ ਬਦਲੇ ਦੁਆਲੇ ਘੁੰਮਦੀ ਹੈ, ਜਿਸ ਵਿਚ ਵਾਰ-ਵਾਰ ਕਤਲ ਹੋਣ ਵਾਲਿਆਂ ਨਾਲ ਵਾਪਰੀਆਂ ਤ੍ਰਾਸਦੀਆਂ ਦੇ ਦਿ੍ਰਸ਼ਾਂ ਦਾ ਦੁਹਰਾਓ ਹੁੰਦਾ ਹੈ, ਮਸਲਨ ਜੇਕਰ ਸੀਰੀਜ਼ ਬਲਾਤਕਾਰ ਦੀ ਕਿਸੇ ਘਟਨਾ ’ਤੇ ਅਧਾਰਿਤ ਹੈ ਤਾਂ ਉਸ ਖਾਸ ਦਿ੍ਰਸ ਦਾ ਬੇਲੋੜਾ ਦੁਹਰਾਓ ਦਰਸ਼ਕਾਂ ਨੂੰ ਵਾਰ-ਵਾਰ ਦੇਖਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਬਿਲਕੁਲ ਏਦਾਂ ਹੀ ਹੈ ਜਿਵੇਂ ਕੋਈ ਬੰਦਾ ਇਕ ਨੰਗੀ ਔਰਤ ਦੀ ਫੋਟੋ ਵਾਰ-ਵਾਰ ਦਿਖਾ ਕੇ ਇਹ ਕਹਿ ਰਿਹਾ ਹੋਵੇ ਕਿ ਇਸ ਤਰ੍ਹਾਂ ਦਾ ਨੰਗੇਜ਼ ਬੰਦ ਹੋਣਾ ਚਾਹੀਦਾ ਹੈੇ।
ਮੂਲਭੂਤ ਸਮੱਸਿਆਵਾਂ ਨਹੀਂ ਹਨ ਕੇਂਦਰ ’ਚ
ਓਪਰੀ ਨਜ਼ਰੇ ਦੇਖਿਆਂ ਭਾਵੇਂ ਗਲੋਬਲ ਮੀਡੀਆ ਕੰਪਨੀਆਂ ਸਥਾਨਕ ਹੁਨਰ ਤੇ ਕਲਾ ਨੂੰ ਪ੍ਰਮੱੁਖਤਾ ਦੇਣ ਦਾ ਦਾਅਵਾ ਕਰਦੀਆਂ ਹਨ ਪਰ ਦਿਲਚਸਪ ਤੱਥ ਇਹ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਸੀਰੀਜ਼ ਦਾ ਮੱੁਖ ਧੁਰਾ ਭਾਰਤ ਦੀਆਂ ਮੂਲਭੂਤ ਸਮੱਸਿਆਵਾਂ ਜਿਵੇਂ ਕਿ ਗ਼ਰੀਬੀ ਤੇ ਬੇਰੁਜ਼ਗਾਰੀ ਦਾ ਵਰਤਾਰਾ, ਭੱੁਖਮਰੀ-ਕੁਪੋਸ਼ਣ, ਸਿਹਤ-ਸਿੱਖਿਆ ਵਿਚ ਅਸਮਾਨਤਾ ਅਤੇ ਦਿਹਾਤੀ-ਸ਼ਹਿਰੀ ਪਾੜਾ, ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ, ਭਾਰਤ ਦੇ ਬਹੁਤੇ ਰਾਜਾਂ ਵਿਚ ਰਹਿਣ-ਸਹਿਣ ਦੇ ਢੰਗ-ਤਰੀਕਿਆਂ ਦੀ ਬਦਹਾਲੀ ਵਗੈਰਾ ’ਤੇ ਕੋਈ ਇਕ ਵੀ ਸ਼ੀਰੀਜ਼ ਨਹੀਂ ਮਿਲਦੀ ਕਿਉਂਕਿ ਇਸ ਨਾਲ ਮਨੋਰੰਜਕ ਇੰਡਸਟਰੀ ਨੂੰ ਸਿਆਸੀ ਰੰਜ਼ਿਸ ਜਾਂ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਦੂਜਾ ਅਰਥ ਇਹ ਵੀ ਹੈ ਕਿ ਇਨ੍ਹਾਂ ਸੀਰੀਜ਼ ਤੇ ਸ਼ੋਅਜ਼ ਦੀ ਪਟਕਥਾ ਜਾਂ ਤਾਂ ਕਿਸੇ ਨਾ ਕਿਸੇ ਲੇਖਕ ਦੇ ਨਾਵਲ ਜਾਂ ਕਹਾਣੀ ’ਤੇ ਹੀ ਅਧਾਰਿਤ ਹੁੰਦੀ ਹੈ। ਇਨ੍ਹਾਂ ’ਚੋਂ ਵੀ ਅਜਿਹੀਆਂ ਘਟਨਾਵਾਂ ਜਾਂ ਖ਼ਾਸ ਮਾਨਵੀ ਤ੍ਰਾਸਦੀ ਨੂੰ ਚੁਣਿਆ ਜਾਂਦਾ ਹੈ,
ਜੋ ਦਰਸ਼ਕਾਂ ਨੂੰ ਇਕਦਮ ਹੈਰਾਨ ਕਰ ਦੇਣ, ਨਿੱਜ ਦੀ ਗੁੰਝਲਦਾਰਤਾ ਵਿਚ ਉਲਝਾ ਦੇਣ ਤੇ ਇੱਕਲਤਾ ਵਿਚ ਇਨ੍ਹਾਂ ਮਨੋਰੰਜਨ ਉਤਪਾਦਾਂ ਨੂੰ ਖਪਤ ਕਰਨ ਲਈ ਮਜਬੂਰ ਕਰ ਦੇਣ। ਇਨ੍ਹਾਂ ’ਚੋਂ ਬਹੁਤੇ ਅਜਿਹੇ ਕੇਸ ਹਨ, ਜਿਨ੍ਹਾਂ ਵਿਚ ਅਸਲ ਜ਼ਿੰਦਗੀ ’ਚ ਇਨਸਾਫ਼ ਲਈ ਲੜਦਿਆਂ ਨੂੰ ਕਈ ਦਹਾਕੇ ਬੀਤ ਜਾਂਦੇ ਹਨ ਜਿਵੇਂ ਕਿ ਦਿੱਲੀ ਵਾਲਾ ਨਿਰਭੈਯਾ ਕੇਸ, ਕੋਟਾ ਫੇਕਟਰੀ ਵਿਚ ਪੜ੍ਹਾਈ ਦਾ ਅੰਨ੍ਹਾ ਦਬਾਅ, ਭਾਰਤ ਦੇ ਪ੍ਰਸਿੱਧ ਡਕੈਤ ਵਿਰੱਪਨ ਨੂੰ ਮਾਰਨ ਦੀ ਮੁਹਿੰਮ ਜਾਂ ‘ਸਕੂਪ’ ਸੀਰੀਜ਼ ਵਿਚ ਇਕ ਔਰਤ ਪੱਤਰਕਾਰ ’ਤੇ ਥੋਪਿਆ ਗਿਆ ਦਹਿਸ਼ਤਗਰਦੀ ਵਿਰੋਧੀ ਐਕਟ, ਇਨ੍ਹਾਂ ਸਾਰਿਆਂ ਵਿਚ ਪੂਰੇ ਬਿਰਤਾਂਤ ਨੂੰ ਸਨਸਨੀਖੇਜ਼ ਤੇ ਨਿੱਜੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਜਿਸ ਨਾਲ ਜਮਹੂਰੀ ਅਮਲਾਂ ਤੇ ਜਮਹੂਰੀ ਸੰਸਥਾਵਾਂ ਨੂੰ ਲੱਗਿਆ ਖੋਰਾ ਆਪਣੇ-ਆਪ ਹੀ ਲੁਕ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚਲੇ ਕਿਰਦਾਰਾਂ ਦੀ ਲੜਾਈ ਸਿਆਸਤ, ਸਮਾਜਿਕ-ਆਰਥਿਕ ਪ੍ਰਸਥਿਤੀਆਂ ਅਤੇ ਭਾਰਤ ਵਿਚ ਵੱਖ-ਵੱਖ ਫਿਰਕਿਆਂ ’ਚ ਟਕਰਾਅ, ਕਤਲ ਕਰਨ, ਧੋਖਾਧੜੀ ਕਰਨ ਅਤੇ ਕਿਸੇ ਵੀ ਤਰ੍ਹਾਂ ਜਿੱਤਣ ਲਈ ਪ੍ਰੇਰਿਤ ਕਰਦੀ ਹੈ। ਇਨ੍ਹਾਂ ਸੀਰੀਜ਼ ਤੇ ਸ਼ੋਅਜ਼ ਲਈ ਇਕ ਖਾਸ ਸ਼ਬਦ ਵਰਤਿਆ ਜਾ ਸਕਦਾ ਹੈ “ਈਵੈਂਟੋਕਰੇਜ਼ੀ’ ਇਸ ਦਾ ਸਿੱਧਾ-ਸਿੱਧਾ ਅਰਥ ਇਹ ਬਣਦਾ ਹੈ ਕਿ ਕਿਸੇ ਦੁਰਘਟਨਾ ਜਾਂ ਤ੍ਰਾਸਦੀ ਦੇ ਵਾਪਰਨ ਦੇ ਪਿੱਛੇ ਕੰਮ ਕਰਦੇ ਗੰਭੀਰ ਵਰਤਾਰਿਆਂ ਨੂੰ ਸਮਝਣ ਅਤੇ ਉਨ੍ਹਾਂ ਦਾ ਹੱਲ ਤਲਾਸ਼ਣ ਦੀ ਥਾਂ ਇਕ ਮੌਤ ਜਾਂ ਘਟਨਾ ਦੇ ਆਧਾਰ ’ਤੇ ਸਾਰੇ ਵਰਤਾਰੇ ਨੂੰ ਸੱਚ ਐਲਾਨ ਦੇਣਾ ਤੇ ਭੌਤਿਕ ਪ੍ਰਸਥਿਤੀਆਂ ਦੀ ਗਤੀਸ਼ੀਲਤਾ ਅਤੇ ਉਨ੍ਹਾਂ ਦੇ ਵੱਖ-ਵੱਖ ਸੰਦਰਭਾਂ ਨੂੰ ਅਣਦੇਖਿਆ ਕਰ ਦੇਣਾ।
ਸਮਾਜਿਕ ਬਦਲਾਅ ਦੀ ਉਮੀਦ ਨਹੀਂ
ਇਸ ਤਰ੍ਹਾਂ ਓਟੀਟੀ ਪਲੇਟਫਾਰਮਾਂ ਦੀਆਂ ਜ਼ਿਆਦਾਤਰ ਸੀਰੀਜ਼ ਅਤੇ ਸ਼ੋਅਜ਼ ਯਥਾ-ਸਥਿਤੀ ਬਣਾਈ ਰੱਖਣ ਅਤੇ ਯਥਾਰਥਕ ਸਥਿਤੀਆਂ ਨੂੰ ਫਿਲਮਾਉਣ ਅਤੇ ਵੱਧ ਤੋਂ ਵੱਧ ਕਰੂਰਤਾ, ਭਿਆਨਕਤਾ ਅਤੇ ਨੰਗੇਪਣ ਨਾਲ ਫਿਲਮਾਉਣ ਦਾ ਜ਼ਰੀਆ ਹਨ। ਇਨ੍ਹਾਂ ਤੋਂ ਕਿਸੇ ਕਲਾ ਵੰਨਗੀ ਵਾਂਗ ਸਮਾਜਿਕ ਬਦਲਾਅ ਜਾਂ ਸਿਆਸੀ ਤਬਦੀਲੀ ਦੀ ਉਮੀਦ ਮਾਰੂਥਲ ’ਚ ਪਾਣੀ ਲੱਭਣ ਦੇ ਬਰਾਬਰ ਹੈ। ਪਬਲਿਕ ਬਰਾਡਕਾਸਟਿੰਗ ਤੇ ਪਬਲਿਕ ਜਾਣਕਾਰੀ ਦੇ ਅਦਾਰਿਆਂ ਅਤੇ ਵਸੀਲਿਆਂ ਦੇ ਲਗਾਤਾਰ ਰਸਾਲਤ ਵਿਚ ਜਾਣ ਦੇ ਇਸ ਦੌਰ ਵਿਚ ਮਨੋਰੰਜਨ ਦਰਸ਼ਕਾਂ ਨੂੰ ਨਾਗਰਿਕਾਂ ਵੱਜੋਂ ਨਹੀਂ ਬਲਕਿ ਖਪਤਕਾਰਾਂ ਵੱਜੋਂ ਪ੍ਰਭਾਸ਼ਿਤ ਕਰ ਰਿਹਾ ਹੈ।
ਪੱਛਮੀ ਸੱਭਿਅਤਾ ਦੀ ਉੱਚਮਤਾ ’ਤੇ ਪਹਿਰਾ
ਜ਼ਿਆਦਾਤਰ ਓਟੀਟੀ ਪਲੇਟਫਾਰਮ ਆਪਣੀ ਸ਼ੁਰੂਆਤ ਤੋਂ ਹੀ ਇਸ ਦੋਸ਼ ਦਾ ਸਾਹਮਣਾ ਕਰਦੇ ਆ ਰਹੇ ਹਨ ਕਿ ਉਹ ਸਿਧਾਂਤਕ ਤੇ ਵਿਚਾਰਧਾਰਕ ਪੱਧਰ ’ਤੇ ਪੱਛਮੀ ਸੱਭਿਅਤਾ ਅਤੇ ਯੂਰਪੀ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਅਤੇ ਇਸ ਦੀ ਉੱਚਮਤਾ ’ਤੇ ਪਹਿਰਾ ਦਿੰਦੇ ਹਨ। ਇਸ ਥਿਊਰੀ ਦੀ ਨੀਂਹ ਰੱਖਦਿਆਂ ਇਟਲੀ ਦਾ ਚਿੰਤਕ ਐਨਤੋਨੀਓ ਗ੍ਰਾਮਸ਼ਕੀ ਲਿਖਦਾ ਹੈ ਕਿ ਪੂੰਜੀ ਆਪਣੀ ਉੱਚਮਤਾ ਮੁੱਖ ਸੱਤਾ ਕਾਰਕਾਂ ਜਿਵੇਂ ਕਿ ਹਿੰਸਾ, ਕਾਨੂੰਨ ਅਤੇ ਆਰਥਿਕ ਸਾਧਨਾਂ ਰਾਹੀ ਹੀ ਨਹੀਂ ਬਲਕਿ ਸੱਭਿਆਚਾਰਕ ਤਰੀਕਿਆਂ ਨਾਲ ਬਰਕਰਾਰ ਰੱਖਦੀ ਹੈ। ਉਸ ਅਨੁਸਾਰ ਜਿਸ ਸਮੇਂ ਇਟਲੀ ਵਿਚ ਫਾਸ਼ੀਵਾਦ ਆਪਣੇ ਪੈਰ ਪਸਾਰ ਰਿਹਾ ਸੀ ਉਸ ਸਮੇਂ ਚਰਚ ਉਸ ਲਈ ਇਕ ਮੀਡੀਆ-ਸੰਸਥਾਨ ਦੀ ਤਰ੍ਹਾਂ ਕੰਮ ਕਰ ਰਿਹਾ ਸੀ। ਗ੍ਰਾਮਸ਼ਕੀ ਅਨੁਸਾਰ ਸੱਭਿਆਚਾਰ ਭਾਵੇਂ ਸੁਹਜ ਦੇ ਪੱਧਰ ’ਤੇ ਹੋਵੇ, ਭਾਵੇਂ ਭੂਗੋਲਿਕ ਪੱਧਰ ’ਤੇ ਮਨੁੱਖਾਂ ਲਈ ਚੰਗਾ ਬੁਰਾ, ਸਹੀ-ਗਲਤ, ਅਸਲ-ਨਕਲ, ਗੰਦਾ-ਸੁਧਰਾ, ਖੂਬਸੂਰਤ-ਬਦਸੂਰਤ ਆਦਿ ਦੀ ਧਾਰਨਾ, ਵਿਸ਼ਵਾਸ਼ ਅਤੇ ਨੇਮ ਬਣਾਉਣ ਵਿਚ ਸਭ ਤੋਂ ਵੱਡਾ ਕਾਰਕ ਸਾਬਤ ਹੁੰਦਾ ਹੈ।
– ਕੁਲਦੀਪ ਕੌਰ


