ਭਾਰਤੀ ਟੀਮ ਨੇ ਵਿਸ਼ਵ ਕੱਪ (World cup 2023) ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਟੀਮ ਇੰਡੀਆ ਨੇ 8 ਅਕਤੂਬਰ ਨੂੰ ਆਪਣੇ ਪਹਿਲੇ ਮੈਚ ‘ਚ ਆਸਟ੍ਰੇਲੀਆ ਨੂੰ ਹਰਾਇਆ। ਚੇਨਈ ‘ਚ ਖੇਡੇ ਗਏ ਇਸ ਮੈਚ ‘ਚ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਜਿੱਤ ਤੋਂ ਬਾਅਦ ਭਾਰਤੀ ਟੀਮ ਦਾ ਧਿਆਨ ਹੁਣ ਆਉਣ ਵਾਲੇ ਮੈਚਾਂ ‘ਤੇ ਹੈ। ਖਾਸ ਤੌਰ ‘ਤੇ 14 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ ‘ਤੇ। ਹਾਲਾਂਕਿ ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੀ ਜਰਸੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ। ਜਿਸ ‘ਤੇ ਹੁਣ BCCI ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਦਰਅਸਲ ਸੋਸ਼ਲ ਮੀਡੀਆ ‘ਤੇ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਭਾਰਤੀ ਟੀਮ ਪਾਕਿਸਤਾਨ ਖਿਲਾਫ ਮੈਚ ‘ਚ ਔਰੇਂਜ ਜਰਸੀ ‘ਚ ਨਜ਼ਰ ਆਵੇਗੀ ਜਿਸ ਨੂੰ ਲੈ ਕੇ BCCI ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬੀਸੀਸੀਆਈ ਦੇ ਖਜ਼ਾਨਚੀ ਆਸ਼ੀਸ਼ ਸ਼ੈਲਾਰ ਨੇ ਅਜਿਹੀਆਂ ਖਬਰਾਂ ਦਾ ਖੰਡਨ ਕੀਤਾ ਹੈ। ਆਸ਼ੀਸ਼ ਸ਼ੇਲਾਰ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਅਸੀਂ ਅਜਿਹੇ ਦਾਅਵਿਆਂ ਨੂੰ ਰੱਦ ਕਰਦੇ ਹਾਂ। ਭਾਰਤੀ ਟੀਮ ਪਾਕਿਸਤਾਨ ਖ਼ਿਲਾਫ਼ ਮੈਚ ‘ਚ ਨੀਲੇ ਰੰਗ ਦੀ ਜਰਸੀ ਹੀ ਪਹਿਨੇਗੀ, ਇਹ ਰਿਪੋਰਟ ਬੇਬੁਨਿਆਦ ਹੈ। ਅਜਿਹੀਆਂ ਖ਼ਬਰਾਂ ਸਿਰਫ਼ ਕਲਪਨਾ ਹਨ। ਟੀਮ ਇੰਡੀਆ ਵਿਸ਼ਵ ਕੱਪ 2023 ‘ਚ ਸਿਰਫ ਨੀਲੀ ਜਰਸੀ ‘ਚ ਖੇਡੇਗੀ।


