ਗੋਲਡ ਕੋਸਟ: ਆਸਟ੍ਰੇਲੀਆ ਵਿੱਚ ਜਾਰੀ ਇੱਕੀਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਇੱਕ ਵੱਖਰਾ ਕਾਰਨਾਮਾ ਕਰ ਦਿਖਾਇਆ ਹੈ। 2018 ਦੀਆਂ ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲੈ ਰਹੇ ਅੱਠ ਦੇ ਅੱਠ ਪੁਰਸ਼ ਬਾਕਸਰਾਂ ਦਾ ਕਾਂਸੇ ਦਾ ਤਗ਼ਮਾ ਪੱਕਾ ਹੋ ਗਿਆ ਹੈ।
ਸਾਰੇ ਅੱਠ ਪੁਰਸ਼ ਮੁੱਕੇਬਾਜ਼ ਸੈਮੀ-ਫਾਈਨਲ ਤਕ ਪਹੁੰਚ ਗਏ ਹਨ। ਇਨ੍ਹਾਂ ਵਿੱਚ 46-49 ਕਿੱਲੋ ਭਾਰ ਵਰਗ ਵਿੱਚ ਅਮਿਤ, 52 ਕਿੱਲੋ ਭਾਰ ਵਰਗ ਵਿੱਚ ਗੌਰਵ ਸੋਲੰਕੀ, 60 ਕਿੱਲੋ ਭਾਰ ਵਰਗ ਵਿੱਚ ਮਨੀਸ਼ ਕੌਸ਼ਿਕ, 91 ਕਿੱਲੋ ਭਾਰ ਵਰਗ ਵਿੱਚ ਨਮਨ ਤੰਵਰ, 56 ਕਿੱਲੋ ਭਾਰ ਸ਼੍ਰੇਣੀ ਵਿੱਚ ਹੁਸਾਮੁੱਦੀਨ ਮੁਹੰਮਦ, 69 ਕਿੱਲੋ ਵਜ਼ਨ ਸ਼੍ਰੇਣੀ ਵਿੱਚ ਮਨੋਜ ਕੁਮਾਰ, 75 ਕਿੱਲੋ ਭਾਰ ਵਰਗ ਵਿੱਚ ਵਿਕਾਸ ਕ੍ਰਿਸ਼ਨ ਤੇ 91 ਕਿੱਲੋ ਤੋਂ ਵੱਧ ਭਾਰ ਵਰਗ ਵਿੱਚ ਸਤੀਸ਼ ਕੁਮਾਰ ਸ਼ਾਮਲ ਹਨ।
ਇਹ ਸਾਰੇ ਮੁੱਕੇਬਾਜ਼ ਸ਼ੁੱਕਰਵਾਰ ਨੂੰ ਆਪਣੇ ਬਿਹਤਰੀਨ ਤਗ਼ਮੇ ਜਿੱਤਣ ਲਈ ਮੈਦਾਨ ਵਿੱਚ ਨਿੱਤਰਨਗੇ। ਇਸ ਸਮੇਂ ਭਾਰਤ ਨੇ ਕੁੱਲ 24 ਤਗ਼ਮੇ ਜਿੱਤੇ ਹਨ, ਜਿਨ੍ਹਾਂ ਵਿੱਚ ਬਾਰਾਂ ਸੋਨ, ਚਾਰ ਚਾਂਦੀ ਤੇ ਅੱਠ ਕਾਂਸੇ ਦੇ ਤਗ਼ਮੇ ਸ਼ਾਮਲ ਹਨ। ਜੇਕਰ ਇਹ ਮੁੱਕੇਬਾਜ਼ ਘੱਟੋ ਘੱਟ ਕਾਂਸੇ ਦਾ ਤਗ਼ਮਾ ਵੀ ਜਿੱਤਦੇ ਹਨ ਤਾਂ ਭਾਰਤ ਦੀ ਝੋਲੀ 16 ਬ੍ਰੌਂਜ਼ ਮੈਡਲਾਂ ਸਮੇਤ ਕੁੱਲ 32 ਤਗ਼ਮੇ ਹੋ ਜਾਣਗੇ।