ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤ ਨੇ ਵਿਸ਼ਵ ਕੱਪ 2023 ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਵਿਰਾਟ ਕੋਹਲੀ (85) ਤੇ ਕੇਐੱਲ ਰਾਹੁਲ (ਨਾਬਾਦ 97) ਦੀਆਂ ਦਮਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ। ਕੋਹਲੀ ਦੀ ਇਸ ਧਮਾਕੇਦਾਰ ਪਾਰੀ ‘ਤੇ ਉਨ੍ਹਾਂ ਦੀ ਭੈਣ ਨੇ ਵਿਰਾਟ ਲਈ ਖਾਸ ਸੰਦੇਸ਼ ਲਿਖਿਆ।

ਦਰਅਸਲ, ਆਸਟ੍ਰੇਲੀਆ ਦੇ 200 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਪਾਰੀ ਫਿੱਕੀ ਪੈ ਗਈ। ਭਾਰਤ ਨੇ 2 ਦੌੜਾਂ ਦੇ ਸਕੋਰ ‘ਤੇ ਤਿੰਨ ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ ਸਨ। ਈਸ਼ਾਨ ਕਿਸ਼ਨ, ਰੋਹਿਤ ਸ਼ਰਮਾ ਤੇ ਸ਼੍ਰੇਅਸ ਅਈਅਰ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਉਸ ਸਮੇਂ ਕੋਹਲੀ ਤੇ ਕੇਐਲ ਰਾਹੁਲ ਨੇ ਧੀਰਜ ਨਾਲ ਖੇਡਦੇ ਹੋਏ ਭਾਰਤ ਦੀ ਪਾਰੀ ਨੂੰ ਸੰਭਾਲਿਆ।

ਰਾਹੁਲ ਨਾਲ ਮਿਲ ਕੇ ਸੰਭਾਲੀ ਭਾਰਤੀ ਪਾਰੀ

ਵਿਰਾਟ ਕੋਹਲੀ ਨੇ 116 ਗੇਂਦਾਂ ਦਾ ਸਾਹਮਣਾ ਕਰਦੇ ਹੋਏ 85 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ 6 ਚੌਕੇ ਲੱਗਾਏ। ਵਿਰਾਟ ਨੇ ਰਾਹੁਲ ਨਾਲ 165 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਵਿਰਾਟ ਦੀ ਭੈਣ ਭਾਵਨਾ ਨੇ ਆਪਣੇ ਭਰਾ ਦੀ ਇਸ ਪਾਰੀ ਦੀ ਤਾਰੀਫ ਕੀਤੀ ਹੈ। ਭਾਵਨਾ ਨੇ ਆਪਣੇ ਇੰਸਟਾਗ੍ਰਾਮ ‘ਤੇ ਕੋਹਲੀ ਲਈ ਇਕ ਪਿਆਰਾ ਸੰਦੇਸ਼ ਲਿਖਿਆ।

ਭਾਵਨਾ ਨੇ ਵਿਰਾਟ ਲਈ ਇਕ ਪਿਆਰਾ ਸੰਦੇਸ਼ ਲਿਖਿਆ

ਭਾਵਨਾ ਨੇ ਆਸਟ੍ਰੇਲੀਆ ਖ਼ਿਲਾਫ਼ ਕੋਹਲੀ ਦੇ ਪ੍ਰਦਰਸ਼ਨ ‘ਤੇ ਮਾਣ ਮਹਿਸੂਸ ਕਰਦੇ ਹੋਏ ਇੰਸਟਾਗ੍ਰਾਮ ‘ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਨਾਲ ਹੀ ਉਨ੍ਹਾਂ ਦੇ ਆਊਟ ਹੋਣ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਤੇ ਕੈਪਸ਼ਨ ਲਿਖਿਆ, “ਤੁਸੀਂ ਵਿਜੇਤਾ ਹੋ।” ਭਾਵਨਾ ਦਾ ਇਹ ਸੰਦੇਸ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਮੈਚ ਚੇਨਈ ਦੇ ਚੇਪਾਕ ਸਟੇਡੀਅਮ ‘ਚ ਖੇਡਿਆ ਗਿਆ। ਭਾਰਤ ਦੀ ਸਪਿਨ ਤਿਕੜੀ ਨੇ ਆਸਟ੍ਰੇਲੀਆ ਦੇ ਬੱਲੇਬਾਜ਼ਾਂ ‘ਤੇ ਤਬਾਹੀ ਮਚਾਈ। ਆਸਟ੍ਰੇਲੀਆ ਦੀ ਪੂਰੀ ਟੀਮ 49.3 ਓਵਰਾਂ ‘ਚ 199 ਦੌੜਾਂ ‘ਤੇ ਹੀ ਸਿਮਟ ਗਈ।