ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਡੇਰਾਬੱਸੀ-ਰਾਮਗੜ੍ਹ ਰੋਡ ‘ਤੇ ਸਥਿਤ ਪਿੰਡ ਕਕਰਾਲੀ ਵਿਖੇ ਸੜਕ ਪਾਰ ਕਰਦੇ ਹੋਏ ਇਕ ਪੰਜ ਸਾਲਾਂ ਲੜਕੀ ਦੀ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਤਫਤੀਸ਼ ਕਰ ਏਐੱਸਆਈ ਗੌਰਵ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਦਸਾਈ ਪਾਸਵਾਨ ਪੁੱਤਰ ਬਿਹਾਰੀ ਪਾਸਵਾਨ ਹਾਲ ਵਾਸੀ ਪਿੰਡ ਕਕਰਾਲੀ ਤਹਿਸੀਲ ਡੇਰਾਬੱਸੀ ਨੇ ਦੱਸਿਆ ਕਿ 11 ਸਤੰਬਰ ਨੂੰ ਸ਼ਾਮ ਦੇ ਕਰੀਬ 07 : 30 ਵਜੇ ਉਸਦੀ ਛੋਟੀ ਲੜਕੀ ਰੀਤੀਕਾ (5 ਸਾਲ) ਪਿੰਡ ਦੀ ਸੜਕ ਕਰਾਸ ਕਰਕੇ ਮੰਦਰ ਨੂੰ ਜਾ ਰਹੀ ਸੀ। ਇਸੇ ਦੌਰਾਨ ਇਕ ਨਾ-ਮਾਲੂਮ ਕਾਰ ਪਿੰਡ ਮੁਬਾਰਿਕਪੁਰ ਸਾਈਡ ਤੋਂ ਆਈ ਜਿਸ ਦੇ ਨਾ-ਮਾਲੂਮ ਡਰਾਈਵਰ ਨੇ ਆਪਣੀ ਕਾਰ ਨੂੰ ਬੜੀ ਤੇਜ ਰਫ਼ਤਾਰੀ ਅਤੇ ਲਾਪ੍ਰਵਾਹੀ ਨਾਲ ਲਿਆ ਕੇ ਉਸ ਦੀ ਲੜਕੀ ਰੀਤੀਕਾ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਕਾਰਨ ਉਸ ਦੀ ਲੜਕੀ ਸੜਕ ‘ਤੇ ਡਿੱਗ ਗਈ। ਜਿਸ ਦੇ ਸਿਰ ਸਮੇਤ ਹੋਰ ਥਾਵਾਂ ਤੇ ਗੰਭੀਰ ਸੱਟਾਂ ਲੱਗੀਆਂ। ਕਾਰ ਦੀ ਰਫ਼ਤਾਰ ਜਿਆਦਾ ਹੋਣ ਕਰਕੇ ਕੋਈ ਵੀ ਰਾਹਗੀਰ ਉਸ ਦਾ ਨੰਬਰ ਨਹੀ ਪੜ੍ਹ ਸਕਿਆ। ਉਸ ਨੇ ਆਪਣੀ ਲੜਕੀ ਰੀਤੀਕਾ ਨੂੰ ਇਲਾਜ ਲਈ ਸਿਵਲ ਹਸਪਤਾਲ ਸੈਕਟਰ 6 ਪੰਚਕੂਲਾ, ਹਰਿਆਣਾ ਵਿਖੇ ਦਾਖ਼ਲ ਕਰਵਾਇਆ। ਜਿੱਥੇ ਉਸ ਦੀ ਦੌਰਾਨੇ ਇਲਾਜ ਮੌਤ ਹੋ ਗਈ। ਪੁਲਿਸ ਨੇ ਮਿ੍ਤਕ ਲੜਕੀ ਦੇ ਪਿਤਾ ਦੇ ਬਿਆਨ ‘ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


