10 ਵਪਾਰਕ ਇਮਾਰਤਾਂ ਤੇ ਕੀਤੀ ਕਾਰਵਾਈ, ਇਕ ਬਿਲਡਿੰਗ ਕੀਤੀ ਸੀਲ

ਦੀਪਕ ਸ਼ਰਮਾ, ਬਠਿੰਡਾ

ਡਿਪਟੀ ਕਮਿਸ਼ਨਰ ਕਮ ਨਗਰ ਨਿਗਮ ਦੇ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਹੁਕਮਾਂ ‘ਤੇ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਵੱਲੋਂ ਐਮਟੀਪੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਨਾਜਾਇਜ਼ ਉਸਾਰੀ ਖ਼ਿਲਾਫ਼ ਮੁਹਿੰਮ ਸ਼ੁੱਕਰਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੀ। ਬਿਲਡਿੰਗ ਬ੍ਾਂਚ ਦੀ ਟੀਮ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਨਾਜਾਇਜ਼ ਤੌਰ ‘ਤੇ ਬਣੀਆਂ ਇਮਾਰਤਾਂ ਨੂੰ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ। ਮੀਂਹ ਦੇ ਬਾਵਜੂਦ ਨਿਗਮ ਦਾ ਪੀਲਾ ਪੰਜਾ ਨਾਜਾਇਜ਼ ਬਿਲਡਿੰਗਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਨਹੀਂ ਰੁਕਿਆ ਅਤੇ ਨਾਜਾਇਜ਼ ਤੌਰ ‘ਤੇ ਬਣੀ ਕਲੋਨੀ ਸਮੇਤ 10 ਵਪਾਰਕ ਇਮਾਰਤਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਪਿਛਲੇ ਤਿੰਨ ਦਿਨਾਂ ਤੋਂ ਨਾਜਾਇਜ਼ ਬਿਲਡਿੰਗਾਂ ਵਿਰੁੱਧ ਕੀਤੀ ਜਾ ਰਹੀ ਲਗਾਤਾਰ ਕਾਰਵਾਈ ਨੂੰ ਦੇਖਦਿਆਂ ਨਿਯਮਾਂ ਦੇ ਉਲਟ ਜਾਂ ਸਿਆਸੀ ਸ਼ਹਿ ‘ਤੇ ਨਾਜਾਇਜ਼ ਉਸਾਰੀਆਂ ਕਰਨ ਵਾਲੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਹ ਸੱਤਾਧਾਰੀ ਧਿਰ ਦੇ ਆਗੂਆਂ ਕੋਲੋਂ ਨਿਗਮ ਅਧਿਕਾਰੀਆਂ ਨੂੰ ਫੋਨ ਕਰਵਾ ਰਹੇ ਹਨ ਤਾਂ ਕਿ ਆਪਣੀਆਂ ਇਮਾਰਤਾਂ ਨੂੰ ਬਚਾ ਸਕਣ । ਨਿਗਮ ਵੱਲੋਂ ਕੀਤੀ ਜਾ ਰਹੀ ਲਗਾਤਾਰ ਕਾਰਵਾਈ ਅਗਲੇ ਹਫ਼ਤੇ ਵੀ ਜਾਰੀ ਰਹੇਗੀ। ਇਸ ਮੌਕੇ ਭਾਰੀ ਪੁਲਿਸ ਫੋਰਸ ਦੇ ਨਾਲ ਨਿਗਮ ਦੇ ਹੈੱਡ ਡਰਾਫਟਸਮੈਨ ਕੁਲਵੰਤ ਸਿੰਘ, ਬਿਲਡਿੰਗ ਇੰਸਪੈਕਟਰ ਅਨੂ ਬਾਲਾ, ਅਵਤਾਰ ਸਿੰਘ, ਅਕਸ਼ੈ ਜਿੰਦਲ, ਜਤਿੰਦਰ ਸਿੰਘ, ਸੋਹਣ ਲਾਲ ਹਾਜ਼ਰ ਸਨ। ਸ਼ੁੱਕਰਵਾਰ ਨੂੰ ਨਿਗਮ ਟੀਮ ਨੇ ਫੌਜੀ ਚੌਕ ਨੇੜੇ ਬੀਬੀ ਵਾਲਾ ਰੋਡ ਤੋਂ ਆਪਣੀ ਕਾਰਵਾਈ ਸ਼ੁਰੂ ਕੀਤੀ। ਜਿੱਥੇ ਰਿਹਾਇਸ਼ੀ ਖੇਤਰ ਵਿਚ ਵਪਾਰਕ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਉੱਥੇ ਨਿਗਮ ਨੇ ਪਹਿਲਾਂ ਨੋਟਿਸ ਭੇਜ ਕੇ ਕਮਰਸ਼ੀਅਲ ਨਕਸ਼ਾ ਪਾਸ ਕਰਵਾ ਕੇ ਉਸਾਰੀ ਕਰਨ ਦੇ ਹੁਕਮ ਦਿੱਤੇ ਸਨ। ਇਸ ਕਾਰਨ ਨਿਗਮ ਦੀ ਟੀਮ ਨੇ ਸ਼ੁੱਕਰਵਾਰ ਨੂੰ ਜੇਸੀਬੀ ਦੀ ਮਦਦ ਨਾਲ ਉਕਤ ਵਪਾਰਕ ਦੁਕਾਨਾਂ ਨੂੰ ਢਾਹ ਦਿੱਤਾ। ਇਸ ਤਰ੍ਹਾਂ ਅਜੀਤ ਰੋਡ ਗਲੀ ਨੰਬਰ 20 ਵਿਚ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਬਿਲਡਿੰਗ ਬਣਾਈ ਜਾ ਰਹੀ ਸੀ, ਜਿਸ ਨੂੰ ਦੇਖਦੇ ਹੋਏ ਨਿਗਮ ਟੀਮ ਨੇ ਮੌਕੇ ‘ਤੇ ਪਹੁੰਚ ਕੇ ਕੰਮ ਬੰਦ ਕਰਵਾ ਦਿੱਤਾ ਅਤੇ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਅਜੀਤ ਰੋਡ ਗਲੀ ਨੰਬਰ 20 ਵਿਚ ਉਸਾਰੀ ਅਧੀਨ ਇਮਾਰਤ ‘ਤੇ ਕਾਰਵਾਈ ਕੀਤੀ ਗਈ। ਉਕਤ ਬਿਲਡਿੰਗ ਮਾਲਕ ਨੇ ਬਿਲਡਿੰਗ ਬਾਈਲਾਜ਼ ਦੇ ਉਲਟ ਹਾਊਸ ਲਾਈਨ ਨੂੰ ਕਵਰ ਕੀਤਾ ਸੀ। ਨਿਗਮ ਟੀਮ ਨੇ ਜੇਸੀਬੀ ਦੀ ਮਦਦ ਨਾਲ ਇਸ ਨੂੰ ਵੀ ਢਾਹ ਦਿੱਤਾ। ਇਸ ਤੋਂ ਬਾਅਦ ਨਿਗਮ ਟੀਮ ਨੇ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 17-1 ਦੇ ਰਿਹਾਇਸ਼ੀ ਖੇਤਰ ਵਿਚ ਬਣ ਰਹੀਆਂ ਦੁਕਾਨਾਂ ਨੂੰ ਢਾਹ ਦਿੱਤਾ। ਇਸ ਤੋਂ ਬਾਅਦ ਕਿਸ਼ੋਰੀ ਰਾਮ ਹਸਪਤਾਲ ਰੋਡ ‘ਤੇ ਡੀਏਵੀ ਛੱਪੜ ਦੀ ਜ਼ਮੀਨ ‘ਤੇ ਕਬਜ਼ਾ ਕਰਕੇ ਨਾਜਾਇਜ਼ ਤੌਰ ‘ਤੇ ਉਸਾਰੀ ਜਾ ਰਹੀ ਕਮਰਸ਼ੀਅਲ ਇਮਾਰਤ ਖ਼ਲਿਾਫ਼ ਕਾਰਵਾਈ ਕੀਤੀ ਗਈ। ਦੱਸ ਦਈਏ ਕਿ ਉਕਤ ਬਿਲਡਿੰਗ ਦੇ ਸਬੰਧ ‘ਚ ਬਿਲਡਿੰਗ ਇੰਸਪੈਕਟਰ ਨੇ ਕਈ ਵਾਰ ਨੋਟਿਸ ਜਾਰੀ ਕਰਕੇ ਕੰਮ ਰੁਕਵਾਇਆ ਸੀ ਪਰ ਸਿਆਸੀ ਪ੍ਰਭਾਵ ਕਾਰਨ ਉਕਤ ਇਮਾਰਤ ‘ਤੇ ਕੰਮ ਲਗਾਤਾਰ ਚੱਲ ਰਿਹਾ ਸੀ, ਜਿਸ ਕਾਰਨ ਟੀਮ ਨੇ ਉਕਤ ਇਮਾਰਤ ‘ਤੇ ਕਾਰਵਾਈ ਕੀਤੀ। ਇਸ ਤੋਂ ਇਲਾਵਾ ਮਾਨਸਾ ਓਵਰਬਿ੍ਜ ਦੇ ਹੇਠਾਂ ਵਕਫ਼ ਬੋਰਡ ਦੀ ਜ਼ਮੀਨ ‘ਤੇ ਬਣੀ ਕਮਰਸ਼ੀਅਲ ਇਮਾਰਤ ਨੂੰ ਵੀ ਨਿਗਮ ਦੀ ਟੀਮ ਵੱਲੋਂ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਗਿਆ ਹੈ। ਰਿੰਗ ਰੋਡ ‘ਤੇ ਸਥਿਤ ਇਕ ਪੈਲੇਸ ਨੂੰ ਫਿਰ ਤੋਂ ਸੀਲ ਕਰ ਦਿੱਤਾ ਗਿਆ।

—–

ਨਾਜਾਇਜ਼ ਕਾਲੋਨੀ ‘ਤੇ ਚੱਲੀ ਜੇਸੀਬੀ

ਇਸੇ ਤਰ੍ਹਾਂ ਮਾਨਸਾ ਰੋਡ ‘ਤੇ ਜੱਸੀ ਚੌਕ ਨੇੜੇ ਨਾਜਾਇਜ਼ ਕਲੋਨੀ ਦੀ ਉਸਾਰੀ ਚੱਲ ਰਹੀ ਸੀ। ਇਸ ਦਾ ਪਤਾ ਲੱਗਣ ਤੋਂ ਬਾਅਦ ਨਿਗਮ ਟੀਮ ਨੇ ਸ਼ੁੱਕਰਵਾਰ ਨੂੰ ਉਕਤ ਕਲੋਨੀ ‘ਤੇ ਕਾਰਵਾਈ ਕਰਦੇ ਹੋਏ ਜੇਸੀਬੀ ਦੀ ਮਦਦ ਨਾਲ ਇਸ ਨੂੰ ਢਾਹ ਦਿੱਤਾ। ਦੱਸ ਦਈਏ ਕਿ ਕਿਸੇ ਅਣਪਛਾਤੇ ਕਾਲੋਨਾਈਜ਼ਰ ਵੱਲੋਂ ਕਰੀਬ ਸਾਢੇ ਤਿੰਨ ਏਕੜ ਜ਼ਮੀਨ ‘ਤੇ ਚਾਰਦੀਵਾਰੀ ਬਣਾ ਕੇ ਨਾਜਾਇਜ਼ ਤੌਰ ‘ਤੇ ਕਲੋਨੀ ਬਣਾਈ ਜਾ ਰਹੀ ਹੈ, ਜਦਕਿ ਉਕਤ ਕਲੋਨੀ ਦਾ ਨਾ ਤਾਂ ਨਿਗਮ ਕੋਲ ਕੋਈ ਨਕਸ਼ਾ ਪਾਸ ਹੋਇਆ ਸੀ ਅਤੇ ਨਾ ਹੀ ਕੋਈ ਸੀਐਲਯੂ ਹੋਇਆ ਹੈ। ਨਗਰ ਨਿਗਮ ਨੇ ਕਲੋਨੀ ਬਣਾਏ ਜਾਣ ਦਾ ਪਤਾ ਲਗਦਿਆਂ ਹੀ ਇਸ ਵਿਚ ਉਸਾਰੀਆਂ ਇਮਾਰਤਾਂ ਨੂੰ ਢਾਹ ਦਿੱਤਾ। ਡਿਪਟੀ ਕਮਿਸ਼ਨਰ ਕਮ ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਕਿ ਨਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ।