ਗਉੜੀ ਮਹਲਾ 9 ||
ਸਾਧੋ ਰਚਨਾ ਰਾਮ ਬਨਾਈ ||
ਹੇ ਸੰਤ ਜਨੋ! ਪਰਮਾਤਮਾ ਨੇ (ਜਗਤ ਦੀ ਇਹ ਅਸਚਰਜ) ਰਚਨਾ ਰਚ ਦਿੱਤੀ ਹੈ।
ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ||1|| ਰਹਾਉ ||
ਇਕ ਮਨੁੱਖ ਮਰਦਾ ਹੈ (ਪਰ) ਦੂਜਾ ਉਸ ਨੂੰ ਮਰਦਿਆਂ ਵੇਖ ਕੇ ਭੀ ਆਪਣੇ ਆਪ ਨੂੰ) ਸਦਾ ਟਿਕੇ ਰਹਿਣ ਵਾਲਾ ਸਮਝਦਾ ਹੈ । ਇਹ ਇਕ ਅਸਚਰਜ ਤਮਾਸ਼ਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ ।1।ਰਹਾਉ।
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ||
ਮਨੁੱਖ ਕਾਮ ਕ੍ਰੋਧ ਮੋਹ ਦੇ ਕਾਬੂ ਵਿਚ ਆਇਆ ਰਹਿੰਦਾ ਹੈ ਤੇ ਪਰਮਾਤਮਾ ਦੀ ਹਸਤੀ ਨੂੰ ਭੁਲਾਈ ਰੱਖਦਾ ਹੈ ।
ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ||1||
ਇਹ ਸਰੀਰ ਸਦਾ ਰਹਿਣ ਵਾਲਾ ਨਹੀਂ ਹੈ, ਪਰ ਮਨੁੱਖ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝਦਾ ਹੈ, ਜਿਵੇਂ ਰਾਤ ਵੇਲੇ (ਸੁੱਤਿਆਂ} ਸੁਪਨਾ (ਆਉਂਦਾ ਹੈ ਮਨੁੱਖ ਉਸ ਸੁਪਨੇ ਨੂੰ ਅਸਲੀ ਵਾਪਰਦਾ ਸਮਝਦਾ ਹੈ) ।1।
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ||
ਜਿਵੇਂ ਬੱਦਲ ਦੀ ਛਾਂ ਸਦਾ ਇੱਕ ਥਾਂ ਟਿਕੀ ਨਹੀਂ ਰਹਿੰਦੀ ਤਿਵੇਂ ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਇਹ ਸਭ ਕੁਝ ਆਪਣੇ ਸਮੇਂ ਨਾਲ ਨਾਸ ਹੋ ਜਾਂਦਾ ਹੈ।
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ||2||2||
ਹੇ ਦਾਸ ਨਾਨਕ! (ਜਿਸ ਮਨੁੱਖ ਨੇ) ਜਗਤ ਨੂੰ ਨਾਸਵੰਤ ਸਮਝ ਲਿਆ ਹੈ, ਉਹ (ਸਦਾ-ਥਿਰ ਰਹਿਣ ਵਾਲੇ) ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ ।2।2।