Ad-Time-For-Vacation.png

ਆਜ਼ਾਦੀ ਦਾ ਪਰਵਾਨਾ ਸ਼ਹੀਦ ਊਧਮ ਸਿੰਘ

ਸਿੱਖ ਕੌੰਮ ਵਿੱਚ ਕੁਰਬਾਨੀਆਂ ਦੇਣ ਵਾਲੇ ਪਰਵਾਨਿਆਂ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਮ ਅਹਿਮ ਹੈ। ਉਨ੍ਹਾਂ ਦਾ ਜਨਮ 26 ਦਸੰਬਰ 1899 ਨੂੰ ਉਸ ਸਮੇਂ ਦੀ ਪਟਿਆਲਾ ਰਿਆਸਤ ਦੇ ਪਿੰਡ ਸ਼ਾਹਪੁਰ ਜੋ ਹੁਣ ਸੁਨਾਮ ਸ਼ਹਿਰ ਦਾ ਹਿੱਸਾ ਹੈ, ਵਿੱਚ ਟਹਿਲ ਸਿੰਘ ਅਤੇ ਹਰਨਾਮ ਕੌਰ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਰੇਲਵੇ ਫਾਟਕ ‘ਤੇ ਚੌਕੀਦਾਰ ਸਨ। ਆਪ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਅਤੇ ਵੱਡੇ ਭਰਾ ਦਾ ਨਾਂ ਸਾਧੂ ਸਿੰਘ ਸੀ। ਪਹਿਲਾਂ ਮਾਂ ਅਤੇ ਫਿਰ 1907 ਵਿੱਚ ਉਨ੍ਹਾਂ ਦੇ ਪਿਤਾ ਦੀ ਵੀ ਮੌਤ ਹੋ ਗਈ। ਸਾਲ 1917 ਵਿੱਚ ਨਿਮੋਨੀਏ ਕਾਰਨ ਵੱਡੇ ਭਰਾ ਦੀ ਵੀ ਮੌਤ ਹੋ ਗਈ। ਉਸ ਵਕਤ ਉਹ ਅੰਮ੍ਰਿਤਸਰ ਰਹਿੰਦੇ ਸਨ। ਉਨ੍ਹਾਂ ਔਖਿਆਂ-ਸੌਖਿਆਂ 1918 ਵਿੱਚ ਉਨ੍ਹਾਂ ਦਸਵੀਂ ਪਾਸ ਕਰ ਲਈ।
ਉਦੋਂ ਸੰਸਾਰ ਯੁੱਧ ਚੱਲ ਰਿਹਾ ਸੀ ਅਤੇ ਊਧਮ ਸਿੰਘ ਫ਼ੌਜ ਵਿੱਚ ਭਰਤੀ ਹੋ ਗਏ ਪਰ 6 ਮਹੀਨੇ ਬਾਅਦ ਵਾਪਸ ਆ ਗਏ। 13 ਅਪਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਗੋਲੀਕਾਂਡ ਦੀ ਘਟਨਾ ਵਾਪਰੀ। ਕੁਝ ਇਤਿਹਾਸਕਾਰਾਂ ਅਨੁਸਾਰ, ਉਸ ਸਮੇਂ ਊਧਮ ਸਿੰਘ ਅੰਮ੍ਰਿਤਸਰ ਚੀਫ ਖਾਲਸਾ ਦੀਵਾਨ ਦੇ ਯਤੀਮਖਾਨੇ ਵਿੱਚ ਸਨ ਅਤੇ ਗੋਲੀਕਾਂਡ ਵੇਲੇ ਜਲ੍ਹਿਆਂਵਾਲੇ ਬਾਗ ਵਿੱਚ ਹੋ ਰਹੇ ਜਲਸੇ ਵਿੱਚ ਲੋਕਾਂ ਨੂੰ ਪਾਣੀ ਪਿਲਾਉਣ ਵਾਲੇ ਵਲੰਟਰੀਅਰਾਂ ਵਿੱਚ ਸ਼ਾਮਿਲ ਸਨ ਅਤੇ ਗੋਲੀਕਾਂਡ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾ ਲੱਭਣ ਵਿੱਚ ਸਹਾਇਤਾ ਕਰਦੇ ਰਹੇ। ਕਿਹਾ ਜਾਂਦਾ ਹੈ ਕਿ ਉਨ੍ਹਾਂ ਇਹ ਸਾਕਾ ਅੱਖੀਂ ਦੇਖਿਆ ਅਤੇ ਅੰਗਰੇਜ਼ਾਂ ਪ੍ਰਤੀ ਉਨ੍ਹਾਂ ਦੇ ਦਿਲ ਵਿੱਚ ਨਫ਼ਰਤ ਪੈਦਾ ਹੋ ਗਈ।
ਇਸ ਗੋਲੀ ਕਾਂਡ ਦਾ ਹੁਕਮ ਦੇਣ ਵਾਲੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਇਕਲ ਓ’ਡਵਾਇਰ ਨੂੰ 30 ਮਈ, 1919 ਨੂੰ ਲੰਡਨ ਵਾਪਸ ਬੁਲਾ ਲਿਆ ਗਿਆ। ਇਸ ਕਾਂਡ ਕਾਰਨ ਊਧਮ ਸਿੰਘ ਦੇ ਦਿਲ ਵਿੱਚ ਬਦਲਾ ਲੈਣ ਦੀ ਚੰਗਿਆੜੀ ਅੱਗ ਦਾ ਭਾਂਬੜ ਬਣ ਗਈ। ਉਨ੍ਹਾਂ ਯਤੀਮਖਾਨਾ ਛੱਡ ਕੇ ਚਾਰਹਾਟ ਦੀਆਂ ਪਹਾੜੀਆਂ ‘ਤੇ ਜਾ ਕੇ 40 ਰੁਪਏ ਮਹੀਨੇ ‘ਤੇ ਨੌਕਰੀ ਕਰ ਲਈ, ਫਿਰ ਅਫਰੀਕੀ ਮੁਲਕ ਯੁਗਾਂਡਾ ਜਾ ਕੇ ਰੇਲਵੇ ਵਰਕਸ਼ਾਪ ਵਿੱਚ 170 ਰੁਪਏ ਮਹੀਨੇ ‘ਤੇ ਨੌਕਰੀ ਕੀਤੀ। ਦੋ ਸਾਲ ਮਗਰੋਂ ਅਸਤੀਫਾ ਦੇ ਕੇ ਮੁੜ ਅੰਮ੍ਰਿਤਸਰ ਆ ਗਏ। ਫਿਰ ਲੰਡਨ, ਮੈਕਸਿਕੋ ਆਦਿ ਹੁੰਦੇ ਹੋਏ ਅਮਰੀਕਾ ਚਲੇ ਗਏ। 2 ਫਰਵਰੀ 1922 ਨੂੰ ਕੈਲੀਫੋਰਨੀਆ ਪਹੁੰਚੇ ਜਿੱਥੇ ਗ਼ਦਰੀ ਦੇਸ਼ ਭਗਤਾਂ ਨਾਲ ਸੰਪਰਕ ਹੋ ਗਿਆ। ਉਨ੍ਹਾਂ ਫਰਾਂਸ, ਬੈਲਜੀਅਮ, ਜਰਮਨੀ, ਹੰਗਰੀ, ਸਵਿਟਜ਼ਰਲੈਂਡ ਤੇ ਇਟਲੀ ਦੀ ਯਾਤਰਾ ਕੀਤੀ ਅਤੇ ਫਿਰ ਅਮਰੀਕਾ ਚਲੇ ਗਏ। ਫਿਰ ਆਸਟਰੇਲੀਆਂ ਜਾਣ ਵਾਲੇ ਜਹਾਜ਼ ਵਿੱਚ ਚੜ੍ਹ ਕੇ ਕੋਲਕਾਤਾ ਜਾ ਉੱਤਰੇ ਅਤੇ ਉੱਥੋਂ ਪੰਜਾਬ ਪਹੁੰਚ ਗਏ। ਅੰਮ੍ਰਿਤਸਰ ਵਿੱਚ ਉਨ੍ਹਾਂ ਕੋਲੋਂ ਪਿਸਤੌਲ, 138 ਗੋਲੀਆਂ ਅਤੇ ਕ੍ਰਾਂਤੀਕਾਰੀ ਸਾਹਿਤ ਫੜਿਆ ਗਿਆ। ਉਨ੍ਹਾਂ ਨੂੰ ਪੰਜ ਸਾਲ ਦੀ ਕੈਦ ਹੋਈ। ਉਹ 4 ਸਾਲ ਇੱਕ ਮਹੀਨੇ ਤੇ 20 ਦਿਨ ਜੇਲ੍ਹ ਵਿੱਚ ਰਹਿ ਕੇ 20 ਅਕਤੂਬਰ 1931 ਨੂੰ ਰਿਹਾਅ ਹੋਏ ਅਤੇ ਸੁਨਾਮ ਰਹਿਣ ਲੱਗੇ। ਇੱਥੇ ਪੁਲੀਸ ਦੁਆਰਾ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ। ਉਹ ਦੁਬਾਰਾ ਅੰਮ੍ਰਿਤਸਰ ਚਲੇ ਗਏ, ਉੱਥੇ ਪੇਂਟਰ ਦੀ ਦੁਕਾਨ ਖੋਲ੍ਹ ਲਈ। ਇਸ ਦੁਕਾਨ ਦਾ ਨਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ। ਇਹ ਨਾਮ ਊਧਮ ਸਿੰਘ ਦੁਆਰਾ ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦਾ ਪ੍ਰਤੀਕ ਸੀ।
ਅੰਮ੍ਰਿਤਸਰ ਤੋਂ ਬਾਅਦ ਕੁਝ ਦੇਰ ਕਸ਼ਮੀਰ ਵਿੱਚ ਰਹਿਣ ਤੋਂ ਬਾਅਦ ਉਹ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ 1934 ਵਿੱਚ ਲੰਡਨ ਪਹੁੰਚ ਗਏ। ਉੱਥੇ ਉਨ੍ਹਾਂ ਕਾਰ ਤੇ ਰਿਵਾਲਵਰ ਖਰੀਦਿਆ ਅਤੇ ਇੱਕ ਕਿਤਾਬ ਦੇ ਸਫੇ ਕੋਰ ਕੋਰ ਕੇ ਉਸ ਅੰਦਰ ਰਿਵਾਲਵਰ ਲੁਕਾ ਲਿਆ। 13 ਮਾਰਚ 1940 ਨੂੰ ਸ਼ਾਮ ਦੇ 4:30 ਵਜੇ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਮੀਟਿੰਗ 10 ਕੈਕਸਟਨ ਹਾਲ, ਲੰਡਨ ਵਿਖੇ ਹੋ ਰਹੀ ਸੀ। ਇਸ ਮੀਟਿੰਗ ਵਿੱਚ ਉਹ ਭੇਸ ਬਦਲ ਕੇ ਆਪਣੇ ਨਾਲ ਰਿਵਾਲਵਰ ਲਿਜਾਣ ਵਿੱਚ ਸਫਲ ਹੋ ਗਏ। ਜਦੋਂ ਸਰ ਮਾਈਕਲ ਓ’ਡਵਾਇਰ ਮੀਟਿੰਗ ਨੂੰ ਸੰਬੋਧਨ ਕਰਨ ਲੱਗਾ ਤਾਂ ਊਧਮ ਸਿੰਘ ਨੇ ਆਪਣੇ ਰਿਵਾਲਵਰ ਵਿਚਲੀਆਂ ਛੇ ਗੋਲੀਆਂ ਉਸ ਉਪਰ ਦਾਗ ਦਿੱਤੀਆਂ। ਗੋਲੀਆਂ ਲੱਗਣ ਕਾਰਨ ਓ’ਡਵਾਇਰ ਜ਼ਮੀਨ ‘ਤੇ ਡਿੱਗ ਪਿਆ ਅਤੇ ਮੌਕੇ ‘ਤੇ ਹੀ ਮੌਤ ਹੋ ਗਈ। ਲਾਰਡ ਜੈਟਲੈਂਡ ਜੋ ਭਾਰਤ ਦਾ ਸੈਕਟਰੀ ਸੀ, ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਊਧਮ ਸਿੰਘ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਗ੍ਰਿਫਤਾਰ ਹੋ ਗਿਆ। ਲੰਡਨ ਤੋਂ ਛਪਦੀ ਅਖਬਾਰ ‘ਦਿ ਟਾਈਮਜ਼ ਆਫ ਲੰਡਨ’ ਵਿੱਚ ਉਨ੍ਹਾਂ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ ਗਿਆ। ਪਹਿਲੀ ਅਪਰੈਲ 1940 ਨੂੰ ਉਨ੍ਹਾਂ ਉੱਤੇ ਕਤਲ ਦੇ ਦੋਸ਼ ਲਾਏ ਗਏ ਅਤੇ 4 ਜੂਨ 1940 ਨੂੰ ਸੈਂਟਰਲ ਕਰਿਮੀਨਲ ਕੋਰਟ, ਓਲਡ ਬੈਲੇ ਵਿੱਚ ਜਸਟਿਸ ਐਟਕਿਨਸਨ ਦੇ ਸਾਹਮਣੇ ਉਨ੍ਹਾਂ ਆਪਣੇ ਜੁਰਮ ਦਾ ਇਕਬਾਲ ਕੀਤਾ ਤੇ ਜੱਜ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 31 ਜੁਲਾਈ 1940 ਨੂੰ ਉਨ੍ਹਾਂ ਨੂੰ ਲੰਡਨ ਦੀ ਪੈਂਟਨਵਿਲੇ ਜੇਲ੍ਹ ਫਾਂਸੀ ਦੇ ਦਿੱਤੀ ਗਈ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਯਤਨਾਂ ਸਦਕਾ 31 ਜੁਲਾਈ 1974 ਨੂੰ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪੀਆਂ ਅਤੇ ਸਸਕਾਰ ਸੁਨਾਮ ਵਿਖੇ ਕੀਤਾ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.