ਨਵਦੀਪ ਢੀਂਗਰਾ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਚ ਵਿਦਿਆਰਥਣ ਦੀ ਮੌਤ ਤੋਂ ਬਾਅਦ ਧਰਨੇ ਵਿਚ ਪ੍ਰੋਫੈਸਰ ਦੀ ਕੁੱਟਮਾਰ ਤੋਂ ਅਗਲੇ ਦਿਨ ਵੀ ਵਿਦਿਆਰਥੀਆਂ ਨੇ ਧਰਨਾ ਦਿੱਤਾ। ਇਸ ਧਰਨੇ ਵਿਚ ਮ੍ਰਿਤਕ ਵਿਦਿਆਰਥਣ ਜਸ਼ਨਦੀਪ ਕੌਰ ਦਾ ਪਰਿਵਾਰ ਤੇ ਪਿੰਡ ਦੇ ਲੋਕ ਪੁੱਜੇ ਹਨ। ਇਨ੍ਹਾਂ ਨੇ ਪ੍ਰੋਫੈਸਰ ਨੂੰ ਬਰਖ਼ਾਸਤ ਕਰ ਕੇ ਉਸ ’ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ। ਇਸ ਦੌਰਾਨ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਜਸ਼ਨਦੀਪ ਕੌਰ ਲਈ ਸਾਥੀ ਵਿਦਿਆਰਥੀਆਂ ਦੇ ਸੰਘਰਸ਼ ਨੂੰ ਦੇਖ ਕੇ ਉਹ ਇੱਥੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਵਾਪਰੀ ਘਟਨਾ ਲਈ ਯੂਨੀਵਰਸਿਟੀ ਪ੍ਰਸ਼ਾਸਨ ਜ਼ਿੰਮੇਵਾਰ ਹੈ। ਯੂਨੀਵਰਸਿਟੀ ਚਾਹੁੰਦੀ ਤਾਂ ਪ੍ਰੋਫੈਸਰ ਨੂੰ ਵਿਦਿਆਰਥੀਆਂ ਸਾਹਮਣੇ ਨਾ ਲਿਆ ਕੇ ਘਟਨਾ ਨੂੰ ਟਾਲ ਸਕਦੀ ਸੀ।

ਪਿਤਾ ਨੇ ਪ੍ਰੋਫੈਸਰ ਖ਼ਿਲਾਫ਼ ਪੁਲਿਸ ਨੂੰ ਦਿੱਤੀ ਸ਼ਿਕਾਇਤ

ਮ੍ਰਿਤਕ ਵਿਦਿਆਰਥਣ ਦੇ ਪਿਤਾ ਹਰਚਰਨ ਸਿੰਘ ਨੇ ਥਾਣਾ ਅਰਬਨ ਅਸਟੇਟ ਪੁਲਿਸ ਨੂੰ ਪ੍ਰੋਫੈਸਰ ਖ਼ਿਲਾਫ਼ ਕੇਸ ਦਰਜ ਕਰਨ ਲਈ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਨੇ ਭਰੇ ਮਨ ਨਾਲ ਦੱਸਿਆ ਕਿ ਧੀ ਨੇ ਧਮਕੀਆਂ ਬਾਰੇ ਪਹਿਲਾਂ ਦੱਸਿਆ ਵੀ ਸੀ ਪਰ ਪਰਿਵਾਰ ਨੇ ਇਸ ’ਤੇ ਬਹੁਤਾ ਧਿਆਨ ਨਾ ਦਿੰਦਿਆਂ ਮਨ ਲਗਾ ਕੇ ਪੜ੍ਹਾਈ ਕਰਨ ਲਈ ਕਿਹਾ ਸੀ। ਬਿਮਾਰ ਰਹਿਣ ਕਰ ਕੇ ਜਸ਼ਨਦੀਪ ਘਰ ਛੁੱਟੀ ਆਈ ਸੀ ਤੇ ਪ੍ਰੋਫੈਸਰ ਨੇ ਉਸ ’ਤੇ ਯੂਨੀਵਰਸਿਟੀ ਆਉਣ ਲਈ ਦਬਾਅ ਪਾਇਆ ਅਤੇ ਨਾ ਆਉਣ ’ਤੇ ‘ਇਕ ਦਿਨ ਦੀ ਛੁੱਟੀ ਅੱਠ ਦਿਨ ਦੇ ਬਰਾਬਰ’ ਹੋਣ ਦਾ ਕਿਹਾ ਸੀ। ਇਸ ਕਰ ਕੇ ਜਸ਼ਨਦੀਪ ਫੇਰ ਯੂਨੀਵਰਸਿਟੀ ਆ ਗਈ ਸੀ ਤੇ ਉਸ ਦੀ ਤਬੀਅਤ ਹੋਰ ਖਰਾਬ ਹੋਣ ਮਗਰੋਂ ਅਗਲੇ ਦਿਨ ਉਸ ਦੀ ਮੌਤ ਹੋ ਗਈ।

ਲਿਖਤੀ ਸ਼ਿਕਾਇਤਾਂ ਮਿਲੀਆਂ, ਮੰਗਲਵਾਰ ਸ਼ਾਮ ਤੱਕ ਹੋਵੇਗੀ ਜਾਂਚ ਪੂਰੀ : ਵੀਸੀ

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਦਿੱਤੀਆਂ ਲਿਖਤੀ ਸ਼ਿਕਾਇਤਾਂ ਦੀ ਪੜਤਾਲ ਵਿਸ਼ੇਸ਼ ਕਮੇਟੀ ਕਰੇਗੀ। ਜਾਂਚ ਰਿਪੋਰਟ ਅਨੁਸਾਰ ਕਾਰਵਾਈ ਹੋਵੇਗੀ। ਬੀਤੇ ਦਿਨ ਵਾਪਰੀ ਘਟਨਾ ਬਾਰੇ ਪ੍ਰੋ. ਅਰਵਿੰਦ ਨੇ ਕਿਹਾ ਕਿ ਪ੍ਰੋ. ਸੁਰਜੀਤ ਸਿੰਘ ਨਿੱਜੀ ਹਸਪਤਾਲ ਦੇ ਆਈਸੀਯੂ ਵਿਚ ਦਾਖ਼ਲ ਹੈ। ਵਾਈਸ ਚਾਂਸਲਰ ਨੇ ਕਿਹਾ ਕਿ ਮੰਗਲਵਾਰ ਸ਼ਾਮ ਤੱਕ ਜਾਂਚ ਕਮੇਟੀ ਰਿਪੋਰਟ ਪੇਸ਼ ਕਰੇਗੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਵੀਸੀ ਵੱਲੋਂ ਦਿੱਤੇ ਇਸ ਭਰੋਸੇ ’ਤੇ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਧਰਨਾ ਖਤਮ ਕਰ ਦਿੱਤਾ।

ਪ੍ਰੋਫੈਸਰ ’ਤੇ ਹਮਲੇ ਪਿੱਛੋਂ 13 ’ਤੇ ਪਰਚਾ

ਧਰਨੇ ਦੌਰਾਨ ਪ੍ਰੋਫੈਸਰ ਦੀ ਕੁੱਟਮਾਰ ਸਬੰਧੀ ਥਾਣਾ ਅਰਬਨ ਅਸਟੇਟ ਪੁਲਿਸ ਵੱਲੋਂ 13 ਜਣਿਆਂ ਖ਼ਿਲਾਫ਼ ਜਾਨਲੇਵਾ ਹਮਲਾ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਤਿੰਨ ਨੌਜਵਾਨਾਂ ਦੇ ਨਾਂ ਹਨ ਤੇ 10 ਜਣੇ ਅਣਪਛਾਤੇ ਹਨ। ਪੁਲਿਸ ਹਾਲੇ ਨਾਮਜ਼ਦ ਵਿਦਿਆਰਥੀਆਂ ਦਾ ਨਾਂ ਦੱਸਣ ਤੋਂ ਟਾਲਾ ਵੱਟ ਰਹੀ ਹੈ। ਪੁਲਿਸ ਨੂੰ ਖ਼ਦਸ਼ਾ ਹੈ ਕਿ ਪਰਚੇ ਵਿਚ ਨਾਮਜ਼ਦ ਵਿਦਿਆਰਥੀਆਂ ਦਾ ਨਾਂ ਨਸ਼ਰ ਹੋਣ ਪਿੱਛੋਂ ਸਥਿਤੀ ਤਣਾਅਪੂਰਨ ਹੋ ਸਕਦੀ ਹੈ।