ਸ਼ਾਮਲੀ: ਪੰਜਾਬ ਤੋਂ ਚੋਰੀ ਹੋਈਆਂ ਮੱਝਾਂ ਨੂੰ ਬਰਾਮਦ ਕਰਨ ਲਈ ਪੰਜਾਬ ਪੁਲਿਸ ਨੇ ਯੂਪੀ ਦੇ ਸ਼ਾਮਲੀ ਜ਼ਿਲ੍ਹੇ ਵਿੱਚ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਇਲਾਕੇ ਦੇ ਪਿੰਡ ਗੁਰਾਣਾ ਤੋਂ ਤਿੰਨ ਮੱਝਾਂ ਬਰਾਮਦ ਕੀਤੀਆਂ ਹਨ। ਪੁਲਿਸ ਮੱਝਾਂ ਸਮੇਤ ਪੰਜਾਬ ਲਈ ਰਵਾਨਾ ਹੋ ਗਈ। ਪੰਜਾਬ ਪੁਲਿਸ ਨੇ ਮੱਝ ਦੀ ਪਛਾਣ ਕੰਨ ‘ਤੇ ਲੱਗੇ ਪੰਜਾਬ ਟਿੱਕੇ ਤੋਂ ਕੀਤੀ।
24 ਅਗਸਤ ਨੂੰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਪਤਾਰਾ ਤੋਂ ਡੇਅਰੀ ਸੰਚਾਲਕ ਕਰਮਵੀਰ ਸਿੰਘ ਦੀਆਂ 9 ਮੱਝਾਂ ਤੇ ਇਕ ਕੱਟੀ ਕੈਂਟਰ ਸਮੇਤ ਚੋਰੀ ਹੋ ਗਈਆਂ ਸੀ। ਪਟਿਆਲਾ ਪੁਲਿਸ ਨੇ ਪੀੜਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ। ਇਨ੍ਹਾਂ ਵਿੱਚੋਂ ਚਾਰ ਮੁਲਜ਼ਮਾਂ ਨੂੰ ਹਰਿਆਣਾ ਰਾਜ ਦੀ ਝੱਜਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਤਿੰਨ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਮੁਲਜ਼ਮਾਂ ਨੂੰ ਰਿਮਾਂਡ ‘ਤੇ ਲਿਆ ਸੀ ਤੇ ਉਨ੍ਹਾਂ ਦੀ ਸੂਚਨਾ ‘ਤੇ ਵੀਰਵਾਰ ਰਾਤ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਗੜ੍ਹੀਪੁਖਤਾ ਥਾਣਾ ਖੇਤਰ ਦੇ ਪਿੰਡ ਗੁਰਾਨਾ ‘ਚ ਛਾਪੇਮਾਰੀ ਕੀਤੀ।
ਪੁਲਿਸ ਨੇ ਇਕ ਘਰ ‘ਚੋਂ ਤਿੰਨ ਮੱਝਾਂ ਬਰਾਮਦ ਕਰ ਕੇ ਆਪਣੇ ਨਾਲ ਲੈ ਆਈ। ਦੱਸਿਆ ਗਿਆ ਕਿ ਪੁਲਿਸ ਨੇ ਦੋ ਮੱਝਾਂ ਮੁਜ਼ੱਫਰਨਗਰ ਜ਼ਿਲ੍ਹੇ ਦੇ ਬਾਗੜਾ ਤੋਂ ਵੀ ਬਰਾਮਦ ਕੀਤੀਆਂ। ਪਤਾਰਾ ਥਾਣਾ ਇੰਚਾਰਜ ਸਰਦਾਰ ਦਲੇਰ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਮਹੀਨੇ ਦੀ ਮਿਹਨਤ ਤੋਂ ਬਾਅਦ ਪੰਜ ਮੱਝਾਂ ਯੂਪੀ ਤੋਂ ਬਰਾਮਦ ਕਰ ਲਈਆਂ ਹਨ।



