ਸਟਾਫ ਰਿਪੋਰਟਰ, ਤਰਨਤਾਰਨ : ਟਰੈਕਟਰ ਟਰਾਲੀਆਂ ਵਿਚ ਮਿੱਟੀ, ਰੇਤਾ ਅਤੇ ਇੱਟਾਂ ਆਦਿ ਲੱਦ ਕੇ ਵਪਾਰਕ ਵਰਤੋਂ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਜਿਹੇ ਮਾਮਲੇ ਕਈ ਵਾਰ ਸੁਰਖੀਆਂ ‘ਚ ਆਉਣ ਦੇ ਬਾਵਜੂਦ ਪ੍ਰਸ਼ਾਸਨ ਅਜੇ ਵੀ ਇਸ ਪਾਸੇ ਗੰਭੀਰ ਦਿਖਾਈ ਨਹੀਂ ਦੇ ਰਿਹਾ। ਸੜਕੀ ਨਿਯਮਾਂ ਦੀ ਹੋ ਰਹੀ ਉਲੰਘਣਾ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਓਵਰਲੋਡ ਟਰਾਲੀਆਂ ‘ਤੇ ਉੱਚੀ ਆਵਾਜ਼ ‘ਚ ਵੱਜਦੇ ਗਾਣੇ ਵੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦੇਖੇ ਜਾ ਸਕਦੇ ਹਨ।

ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਵੱਖ ਵੱਖ ਇਲਾਕਿਆਂ ‘ਚ ਟਰੈਕਟਰ ਟਰਾਲੀਆਂ ਦੀ ਵਰਤੋਂ ਰੇਤਾ, ਮਿੱਟੀ, ਇੱਟਾਂ ਤੇ ਹੋਰ ਸਾਮਾਨ ਦੀ ਢੋਆ ਢੁਆਈ ਲਈ ਕਰਕੇ ਨਾਜਾਇਜ਼ ਕਾਰੋਬਾਰ ਚਲਾਇਆ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਟਰਾਲੀ ਵਿਚ ਰੇਤਾ ਅਤੇ ਮਿੱਟੀ ਅਤੇ ਇੱਟਾਂ ਨੂੰ ਜਿਥੇ ਟਰਾਲੀ ਦੇ ਡਾਲੇ ਤੋਂ ਉੱਪਰ ਤਕ ਭਰਿਆ ਹੁੰਦਾ ਹੈ, ਉਥੇ ਹੀ ਇਸ ਉੱਪਰ ਕੋਈ ਵੀ ਤਰਪਾਲ ਆਦਿ ਨਹੀਂ ਪਾਈ ਜਾਂਦੀ, ਜਿਸ ਕਾਰਨ ਜਿੱਥੋਂ ਕਿਤੋਂ ਵੀ ਇਹ ਵਾਹਨ ਗੁਜ਼ਰਦੇ ਹਨ ਤਾਂ ਮਿੱਟੀ ਤੇ ਰੇਤਾ ਜਾਂ ਇੱਟਾਂ ਦੀ ਕੇਰੀ ਉੱਡ ਉੱਡ ਕੇ ਰਾਹਗੀਰਾਂ ਦੀਆਂ ਅੱਖਾਂ ਵਿਚ ਪੈ ਜਾਂਦੀ ਹੈ, ਜਿਸ ਕਾਰਨ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਨੈਸ਼ਨਲ ਹਾਈਵੇ ਹੋਵੇ ਜਾਂ ਫਿਰ ਿਲੰਕ ਸੜਕਾਂ, ਅਜਿਹੀਆਂ ਟਰੈਕਟਰ ਟਰਾਲੀਆਂ ਕਿਸੇ ਨਾ ਕਿਸੇ ਮੋੜ ‘ਤੇ ਨਜ਼ਰ ਆ ਹੀ ਜਾਣਗੀਆਂ ਪਰ ਨਾ ਤਾਂ ਟਰਾਂਸਪੋਰਟ ਵਿਭਾਗ ਇਨ੍ਹਾਂ ਨੂੰ ਨੱਥ ਪਾਉਣ ਲਈ ਕੋਈ ਗੰਭੀਰਤਾ ਦਿਖਾ ਰਿਹਾ ਹੈ ਅਤੇ ਨਾ ਹੀ ਟ੍ਰੈਫਿਕ ਪੁਲਿਸ। ਜ਼ਿਕਰਯੋਗ ਹੈ ਕਿ ਸੜਕਾਂ ਉੱਪਰ ਪਹਿਲਾਂ ਹੀ ਭਾਰੇ ਵਾਹਨਾਂ ਦੀ ਲੱਗੀ ਘੜਮੱਸ ਨਾਲ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਅਜਿਹੇ ਵਿਚ ਟਰੈਕਟਰ ਟਰਾਲੀਆਂ ਉਪਰ ਲੱਦੀ ਹੋਈ ਰੇਤਾ ਤੇ ਮਿੱਟੀ ਨਾਲ ਰਾਹਗੀਰਾਂ ਨੂੰ ਜਿਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਮਿੱਟੀ ਆਦਿ ਢੋਣ ਵਾਲੀਆਂ ਟਰਾਲੀਆਂ ਦੇ ਪਿੱਛੇ ਨਾ ਤਾਂ ਕੋਈ ਲਾਈਟ ਹੁੰਦੀ ਹੈ ਤੇ ਨਾ ਹੀ ਰਿਫਲੈਕਟਰ, ਜਿਸ ਕਾਰਨ ਕਿਸੇ ਵੇਲੇ ਵੀ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।

ਬਾਕਸ

ਸਰਾਸਰ ਹੋ ਰਹੀ ਨਿਯਮਾਂ ਦੀ ਉਲੰਘਣਾ : ਸਾਹਿਲ

ਐਂਟੀ ਕੁਰੱਪਸ਼ਨ ਸੁਸਾਇਟੀ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਦਾ ਕਹਿਣਾ ਹੈ ਕਿ ਟਰਾਲੀਆਂ ਦੀ ਕਮਰਸ਼ੀਅਲ ਵਰਤੋਂ ਸਰਾਸਰ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਟਰਾਲੀਆਂ ਵਿਚ ਸਿਰਫ ਓਵਰਲੋਡ ਰੇਤਾ ਜਾਂ ਮਿੱਟੀ ਹੀ ਲੱਦੀ ਨਹੀਂ ਹੁੰਦੀ, ਸਗੋਂ ਇਨ੍ਹਾਂ ‘ਤੇ ਭਾਰੀ ਸਾਊਂਡ ਵਾਲੇ ਸਪੀਕਰ ਵੀ ਲੱਗੇ ਹੁੰਦੇ ਹਨ ਅਤੇ ਉੱਚੀ ਆਵਾਜ਼ ‘ਚ ਗਾਣੇ ਵਜਾ ਕੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ। ਉਨ੍ਹਾਂ ਕਿਹਾ ਕਿ ਅਜਿਹੇ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਦੇ ਵਾਹਨਾਂ ਨੂੰ ਜ਼ਬਤ ਕਰ ਲੈਣਾ ਚਾਹੀਦਾ ਹੈ।

ਬਾਕਸ

ਕੁਝ ਦਿਨਾਂ ਦੀ ਸਖ਼ਤੀ ਪਿੱਛੋਂ ਉਹੀ ਹਾਲਾਤ ਬਣ ਜਾਂਦੇ ਹਨ : ਹੀਰਾ

ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਹੀਰਾ ਦਾ ਕਹਿਣਾ ਹੈ ਕਿ ਟਰੈਕਟਰ ਟਰਾਲੀਆਂ ਦੀ ਹੁੰਦੀ ਨਾਜਾਇਜ਼ ਵਰਤੋਂ ਸਬੰਧੀ ਪਹਿਲਾਂ ਵੀ ਮੁੱਦਾ ਚੁੱਕਿਆ ਗਿਆ ਸੀ ਪਰ ਸਿਰਫ ਇਕ ਦੋ ਦਿਨਾਂ ਤਕ ਹੀ ਸਖਤੀ ਹੁੰਦੀ ਹੈ ਅਤੇ ਬਾਅਦ ਵਿਚ ਪ੍ਰਸ਼ਾਸਨ ਫਿਰ ਉਸੇ ਤਰ੍ਹਾਂ ਚੁੱਪ ਕਰ ਕੇ ਬੈਠ ਜਾਂਦਾ ਹੈ। ਹਾਦਸਿਆਂ ਦਾ ਜ਼ਿਆਦਾਤਰ ਕਾਰਨ ਵੀ ਇਹੋ ਟਰੈਕਟਰ ਟਰਾਲੀਆਂ ਹੀ ਬਣਦੇ ਹਨ।

ਬਾਕਸ

ਟਰੈਕਟਰ ਟਰਾਲੀਆਂ ਦੀ ਵਪਾਰਕ ਵਰਤੋਂ ‘ਤੇ ਹੈ ਪਾਬੰਦੀ

ਟਰਾਂਸਪੋਰਟ ਵਿਭਾਗ ਦੀ ਮੰਨੀਏ ਤਾਂ ਟਰੈਕਟਰ ਟਰਾਲੀਆਂ ਦੀ ਵਰਤੋਂ ਵਪਾਰਕ ਤੌਰ ‘ਤੇ ਨਹੀਂ ਕੀਤੀ ਜਾਂਦੀ, ਜਦਕਿ ਮਿੱਟੀ, ਰੇਤਾ ਜਾਂ ਇੱਟਾਂ ਆਦਿ ਲੱਦੇ ਵਾਹਨ ਵੀ ਅਣਢੱਕੇ ਨਹੀਂ ਚੱਲ ਸਕਦੇ। ਸਰਕਾਰ ਵੱਲੋਂ ਰੋਕ ਦੇ ਬਾਵਜੂਦ ਅਜਿਹੇ ਵਾਹਨਾਂ ਦੀ ਵਪਾਰਕ ਵਰਤੋਂ ਦਾ ਸਿਲਸਿਲਾ ਜਾਰੀ ਹੀ ਨਹੀਂ ਹੈ ਬਲਕਿ ਅਜਿਹੇ ਵਾਹਨ ਸ਼ਹਿਰ ਦੇ ਨਾਕਿਆਂ ਤੋਂ ਵੀ ਰੋਜ਼ ਲੰਘਦੇ ਹਨ, ਜਿਨ੍ਹਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ।

ਬਾਕਸ

ਨਿਯਮ ਤੋੜਨ ਵਾਲਿਆਂ ‘ਤੇ ਹੋਵੇ ਕਾਰਵਾਈ : ਤੱਖੂਚੱਕ

ਸਮਾਜ ਚਿੰਤਕ ਹਰਪਾਲ ਸਿੰਘ ਤੱਖੂਚੱਕ ਦਾ ਕਹਿਣਾ ਹੈ ਕਿ ਸੜਕੀ ਨਿਯਮਾਂ ਨੂੰ ਤੋੜਨ ਵਾਲਿਆਂ ‘ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਕਾਰਨ ਜਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਕਿਸੇ ਦੇ ਘਰ ਦਾ ਜਿਥੇ ਚਿਰਾਗ ਬੁੱਝਦਾ ਹੈ ਉਥੇ ਹੀ ਬੇਕਸੂਰਾਂ ਦਾ ਖੂਨ ਵੀ ਸੜਕਾਂ ‘ਤੇ ਅਜਾਈਂ ਡੁੱਲ੍ਹਦਾ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਅਜਿਹੇ ਵਾਹਨਾਂ ‘ਤੇ ਸ਼ਿਕੰਜਾ ਕੱਸਿਆ ਜਾਵੇ।

ਬਾਕਸ

ਨਿਯਮ ਤੋੜਨ ‘ਤੇ ਹੁੰਦੀ ਹੈ ਕਾਰਵਾਈ : ਟ੍ਰੈਫਿਕ ਇੰਚਾਰਜ

ਤਰਨਤਾਰਨ ਟ੍ਰੈਫਿਕ ਵਿੰਗ ਦੇ ਇੰਚਾਰਜ ਇੰਸਪੈਕਟਰ ਕਵਲਜੀਤ ਰਾਏ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਲਗਾਤਾਰ ਚਲਾਨ ਕੱਟੇ ਜਾਂਦੇ ਹਨ। ਚੌਕਾਂ ਚੁਰਾਹਿਆਂ ‘ਚ ਅਜਿਹੇ ਵਾਹਨਾਂ ਨੂੰ ਰੋਕ ਕੇ ਕਾਰਵਾਈ ਅਧੀਨ ਲਿਆਇਆ ਜਾਂਦਾ ਹੈ। ਕਵਲਜੀਤ ਰਾਏ ਨੇ ਕਿਹਾ ਕਿ ਜੋ ਨਿਯਮ ਤੋੜਦਾ ਪਾਇਆ ਗਿਆ, ਉਸਦਾ ਲਿਹਾਜ਼ ਨਹੀਂ ਹੋਵੇਗਾ।