ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਬੁੱਧਵਾਰ ਨੂੰ ਹੁਸ਼ਿਆਰਪੁਰ ਦੇ ਦੀਪ ਨਗਰ ਨਾਲ ਸਬੰਧਤ 22 ਸਾਲਾ ਹਰਜੋਤ ਸਿੰਘ ਪੁੱਤਰ ਸੁਰਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ।
ਇਸ ਸਬੰਧੀ ਡਾ. ਓਬਰਾਏ ਨੇ ਦੱਸਿਆ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਹਰਜੋਤ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਲਈ ਕਰੀਬ ਡੇਢ ਸਾਲ ਪਹਿਲਾਂ ਹੀ ਦੁਬਈ ਆਇਆ ਸੀ। ਬੀਤੀ 30 ਅਗਸਤ ਨੂੰ ਦਿਲ ਦਾ ਦੌਰਾ ਪੈ ਜਾਣ ਕਾਰਨ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਮੰਗੀ। ਉਨ੍ਹਾਂ ਭਾਰਤੀ ਦੂਤਘਰ ਦੇ ਮਾਇਕ ਸਹਿਯੋਗ ਅਤੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ ’ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਹਰਜੋਤ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ।
ਪੀੜਤ ਪਰਿਵਾਰ ਨਾਲ ਹਵਾਈ ਅੱਡੇ ’ਤੇ ਦੁੱਖ ਸਾਂਝਾ ਕਰਨ ਪਹੁੰਚੀ ਟਰੱਸਟ ਦੀ ਅੰਮ੍ਰਿਤਸਰ ਟੀਮ ਵੱਲੋਂ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ ਤੇ ਖਜ਼ਾਨਚੀ ਨਵਜੀਤ ਘਈ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 350 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਇਸ ਦੌਰਾਨ ਹਵਾਈ ਅੱਡੇ ਤੇ ਮ੍ਰਿਤਕ ਦੇਹ ਲੈਣ ਪਹੁੰਚੇ, ਹਰਜੋਤ ਸਿੰਘ ਦੇ ਚਚੇਰੇ ਭਰਾ ਇਕਬਾਲ ਸਿੰਘ, ਦੋਸਤ ਸ਼ਿਵਮ ਠਾਕੁਰ ਅਤੇ ਰਿਸ਼ਤੇਦਾਰਾਂ ਨੇ ਡਾ. ਐੱਸਪੀ ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਸ਼ੁਕਰਾਨਾ ਕੀਤਾ।



