ਕੁਲਦੀਪ ਸ਼ੁਕਲਾ, ਚੰਡੀਗੜ੍ਹ : ਜੰਮੂ-ਕਸ਼ਮੀਰ ਦੇ ਅਨੰਤਨਾਗ ’ਚ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ (Colonel Manpreet Singh) ਦੇ ਮੁੱਲਾਂਪੁਰ ਸਥਿਤ ਪਿੰਡ ਭਾਰੰਜੀਆਂ (Village Bharanjian) ’ਚ ਮਾਤਮ ਦਾ ਮਾਹੌਲ ਹੈ। ਮਨਪ੍ਰੀਤ ਸਿੰਘ ਨੇ ਸਾਲ 2003 ’ਚ ਐੱਨਡੀਏ ਦੀ ਪ੍ਰੀਖਿਆ (NDA Exam) ਪਾਸ ਕਰ ਕੇ ਟ੍ਰੇਨਿੰਗ ਕਰਨ ਤੋਂ ਬਾਅਦ ਸਾਲ 2005 ’ਚ ਲੈਫਟੀਨੈਂਟ ਅਹੁਦੇ ’ਤੇ ਜੁਆਇਨ ਕੀਤਾ। ਆਰਮੀ ਬੈਕਗਰਾਊਂਡ ਨਾਲ ਸਬੰਧ ਰੱਖਣ ਵਾਲੇ ਮਨਪ੍ਰੀਤ ਸਿੰਘ ਦੀ ਫੌਜ ‘ਚ ਲੈਫਟੀਨੈਂਟ ਦੇ ਅਹੁਦੇ ’ਤੇ ਚੋਣ ਹੋਣ ਦੀ ਸੂਚਨਾ ’ਤੇ ਖੁਸ਼ੀ ਦਾ ਮਾਹੌਲ ਸੀ।

ਟ੍ਰੇਨਿੰਗ ’ਤੇ ਜਾਂਦੇ ਸਮੇਂ ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਡਰ ਕੀ ਹੰੁਦਾ ਹੈ, ਮੌਤ ਨੂੰ ਪਿੱਛੇ ਛੱਡ ਕੇ ਭਾਰਤ ਮਾਤਾ ਦੀ ਸੇਵਾ ਕਰਨ ਲਈ ਫੌਜ ਵਿਚ ਸ਼ਾਮਲ ਹੋ ਰਿਹਾ ਹਾਂ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਖਬਰ ਸੁਣਨ ਤੋਂ ਬਾਅਦ ਘਰ ਦੇ ਬਾਹਰ ਪਿੰਡ ਵਾਲਿਆਂ ਨਾਲ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵਿਚ ਮਾਤਮ ਦਾ ਮਾਹੌਲ ਹੈ। ਉਥੇ ਘਰ ਵਿਚ ਮੌਜੂਦ ਮਨਪ੍ਰੀਤ ਸਿੰਘ ਦੀ ਮਾਂ ਮਨਜੀਤ ਕੌਰ ਆਪਣੇ ਪੁੱਤਰ ਦੀ ਮੌਤ ਤੋਂ ਬੇਖਬਰ ਹੈ।

ਕੇਵੀ ’ਚ ਪ੍ਰਾਇਮਰੀ ਪੜ੍ਹਾਈ, ਐੱਸਡੀ ਕਾਲਜ ’ਚ ਟਾਪਰ, ਚਾਰਟਿਡ ਅਕਾਊਂਟੈਂਟ ਵੀ ਰਹੇ ਮਨਪ੍ਰੀਤ

ਸ਼ਹੀਦ ਮਨਪ੍ਰੀਤ ਸਿੰਘ ਦੇ ਛੋਟੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਬਚਪਨ ਤੋਂ ਪੜ੍ਹਾਈ ’ਚ ਅੱਵਲ ਸੀ। ਕੇਵੀ, ਮੁੱਲਾਂਪੁਰ ਤੋਂ ਪ੍ਰਾਇਮਰੀ ਪੜ੍ਹਾਈ ਕਰਨ ਤੋਂ ਬਾਅਦ ਚੰਡੀਗੜ੍ਹ ਸੈਕਟਰ 32 ਐੱਸਡੀ ਕਾਲਜ ਤੋਂ ਬੀਕਾਮ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਚਾਰਟਿਡ ਅਕਾਊਂਟ ਦੀ ਪੜ੍ਹਾਈ ਵੀ ਕਲੀਅਰ ਕੀਤੀ। ਇਸ ਦੌਰਾਨ ਐੱਨਡੀਏ ਦੀ ਪ੍ਰੀਖਿਆ ਪਾਸ ਕਰ ਕੇ ਫੌਜ ਵਿਚ ਭਰਤੀ ਹੋ ਗਿਆ। ਪਹਿਲੀ ਕਲਾਸ ਤੋਂ ਲੈ ਕੇ ਬੀਕਾਮ ਦੀ ਪੜ੍ਹਾਈ ਤੱਕ ਮਨਪ੍ਰੀਤ ਕਦੇ ਸੈਕਿੰਡ ਨੰਬਰ ’ਤੇ ਨਹੀਂ ਆਇਆ ਸੀ।

ਸਾਲ 2016 ’ਚ ਪੰਚਕੂਲਾ ਦੀ ਜਗਮੀਤ ਨਾਲ ਵਿਆਹ, ਦੋ ਬੱਚੇ

ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਮਨਪ੍ਰੀਤ ਸਿੰਘ ਦੀ ਸਾਲ 2016 ’ਚ ਪੰਚਕੂਲਾ ਵਾਸੀ ਜਗਮੀਤ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦਾ ਇਕ ਸੱਤ ਸਾਲ ਦਾ ਪੁੱਤਰ ਕਬੀਰ ਸਿੰਘ ਅਤੇ ਢਾਈ ਸਾਲ ਦੀ ਧੀ ਬਾਣੀ ਹੈ। ਉਨ੍ਹਾਂ ਦੀ ਪਤਨੀ ਜਗਮੀਤ ਪੰਚਕੂਲਾ ਦੇ ਮੋਰਨੀ ’ਚ ਅਧਿਆਪਕਾ ਹੈ। 15 ਦਿਨ ਪਹਿਲਾਂ ਪਤਨੀ ਜਗਮੀਤ ਕਸ਼ਮੀਰ ਦੇ ਅਨੰਤਨਾਗ ’ਚ ਮਨਪ੍ਰੀਤ ਨੂੰ ਮਿਲ ਕੇ ਆਈ ਹੈ। ਸਭ ਕੁਝ ਠੀਕ ਚੱਲ ਰਿਹਾ ਸੀ, ਸਭ ਖੁਸ਼ ਸਨ ਕਿ ਅਚਾਨਕ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਜਿਵੇਂ ਅਫਸਰ ਨੂੰ ਪਿਤਾ ਨੂੰ ਸੈਲਿਊਟ ਕਰਦੇ, ਵੈਸੇ ਇਕ ਦਿਨ ਅਫਸਰ ਮੈਨੂੰ ਕਰਨਗੇ

ਮਾਰਚ 2021 ’ਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਗੈਲੈਂਟਰੀ ਸੈਨਾ ਮੈਡਲ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਦੇ ਬਚਪਨ ਦੇ ਦੋਸਤ, ਜੂਨੀਅਰ ਸਹਿਪਾਠੀ ਪਵਨਦੀਪ ਸਿੰਘ ਨੇ ਦੱਸਿਆ ਕਿ ਹਮੇਸ਼ਾ ਤੋਂ ਮਨਪ੍ਰੀਤ ਫੌਜ ਵਿਚ ਅਫਸਰ ਬਣਨ ਦੀ ਚਾਹਤ ਰੱਖਦਾ ਸੀ। ਕਿਸੇ ਦੇ ਪੁੱਛਣ ’ਤੇ ਉਨ੍ਹਾਂ ਦਾ ਇਕ ਹੀ ਜਵਾਬ ਹੁੰਦਾ ਸੀ ਕਿ ਜਿਵੇਂ ਉਸ ਦੇ ਆਰਮੀ ਵਿਚ ਸਿਪਾਹੀ ਤਾਇਨਾਤ ਪਿਤਾ ਆਪਣੇ ਅਫਸਰ ਨੂੰ ਸੈਲਿਊਟ ਕਰਦੇ ਹਨ, ਇਕ ਦਿਨ ਉਹ ਅਫਸਰ ਬਣੇਗਾ ਅਤੇ ਆਪਣੇ ਪਿਤਾ ਨਾਲ ਖੜ੍ਹਾ ਹੋਵੇਗਾ ਤਾਂ ਉਹੀ ਅਫਸਰ ਉਸ ਨੂੰ ਵੀ ਸੈਲਿਊਟ ਮਾਰਨਗੇ।

ਦਾਦਾ ਤਿੰਨੋਂ ਭਰਾ, ਪਿਤਾ-ਚਾਚਾ ਫੌਜ ’ਚੋਂ ਸੇਵਾਮੁਕਤ

ਸੰਦੀਪ ਨੇ ਦੱਸਿਆ ਕਿ ਤਿੰਨ ਭਰਾਵਾਂ ਵਿਚ ਮਨਪ੍ਰੀਤ ਸਭ ਤੋਂ ਵੱਡੇ ਸਨ ਜਦਕਿ ਦੂਸਰੇ ਨੰਬਰ ’ਤੇ ਉਨ੍ਹਾਂ ਦੀ ਭੈਣ ਸੰਦੀਪ ਕੌਰ ਅਤੇ ਤੀਸਰੇ ਨੰਬਰ ’ਤੇ ਉਹ ਖੁਦ ਹੈ। ਉਨ੍ਹਾਂ ਦੇ ਦਾਦਾ ਮਰਹੂਮ ਸ਼ੀਤਲ ਸਿੰਘ, ਉਨ੍ਹਾਂ ਦੇ ਭਰਾ ਸਾਧੂ ਸਿੰਘ ਅਤੇ ਤ੍ਰਿਲੋਕ ਸਿੰਘ ਤਿੰਨੋਂ ਫੌਜ ਤੋਂ ਸੇਵਾਮੁਕਤ ਸਨ ਜਦਕਿ ਉਸ ਦੇ ਪਿਤਾ ਲਖਮੀਰ ਸਿੰਘ ਫੌਜ ਵਿਚ ਸਿਪਾਹੀ ਭਰਤੀ ਹੋ ਕੇ ਹੌਲਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੇ ਛੋਟੇ ਭਰਾ ਵੀ ਫੌਜ ਵਿਚ ਰਹੇ ਹਨ। ਇਸ ਤੋਂ ਬਾਅਦ ਪਿਤਾ ਪੰਜਾਬ ਯੂਨੀਵਰਸਿਟੀ ਵਿਚ ਸਕਿਉਰਿਟੀ ਬਰਾਂਚ ਵਿਚ ਤਾਇਨਾਤ ਸਨ। ਸਾਲ 2014 ’ਚ ਪਿਤਾ ਦੀ ਬ੍ਰੇਨ ਹੈਮਰੇਜ ਨਾਲ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਤਰਸ ਦੇ ਆਧਾਰ ’ਤੇ ਉਨ੍ਹਾਂ ਨੂੰ ਅਸਿਸਟੈਂਟ ਕਲਰਕ ਦੀ ਨੌਕਰੀ ਮਿਲੀ ਹੈ। ਉਹ ਅਕਾਉਂਟਸ ਬਰਾਂਚ ਵਿਚ ਤਾਇਨਾਤ ਹੈ।