ਮਨੋਰੰਜਨ ਡੈਸਕ, ਨਵੀਂ ਦਿੱਲੀ : 24 ਅਕਤੂਬਰ ਨੂੰ ਦੇਸ਼ ਭਰ ‘ਚ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪੂਜਾ-ਪਾਠ ਤੋਂ ਬਾਅਦ ਸ਼ਾਮ ਨੂੰ ਵੱਖ-ਵੱਖ ਥਾਵਾਂ ‘ਤੇ ਰਾਵਣ ਦਹਿਨ ਕੀਤਾ ਗਿਆ। ਦਿੱਲੀ ਵਿਚ ਸਭ ਤੋਂ ਵੱਡੀ ਲਵ ਕੁਸ਼ ਰਾਮਲੀਲ੍ਹਾ ਵਿਚ ਰਾਵਣ ਦਹਿਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕੰਗਨਾ ਰਣੌਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਖ਼ਾਸ ਗੱਲ ਇਹ ਸੀ ਕਿ ਤੇਜ਼ਸ ਅਦਾਕਾਰਾ ਨੇ ਰਾਵਣ ਦਹਿਨ ਪ੍ਰੋਗਰਾਮ ਦੀ ਸ਼ੁਰੂਆਤ ਤੀਰ ਛੱਡ ਕੇ ਕੀਤੀ। ਇਸ ਦੇ ਨਾਲ ਹੀ ਕੰਗਨਾ ਨੇ ਇਕ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਲਵ ਕੁਸ਼ ਰਾਮਲੀਲ੍ਹਾ ਦੇ ਇਤਿਹਾਸ ਵਿਚ ਉਹ ਪਹਿਲੀ ਔਰਤ ਬਣੀ, ਜਿਸ ਦੇ ਹੱਥੋਂ ਰਾਵਣ ਦਾ ਦਹਿਨ ਹੋਇਆ। ਕੰਗਨਾ ਨੇ ਸ਼੍ਰੀਰਾਮ ਦੇ ਜੈਕਾਰੇ ਵੀ ਲਾਏ।

ਕੰਗਨਾ ਨੇ ਕੀਤਾ ਰਾਵਣ ਦਹਿਨ

ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪ੍ਰੋਗਰਾਮ ‘ਚ ਮੌਜੂਦ ਸਨ। ਇਸ ਦੌਰਾਨ ਇੱਕ ਘਟਨਾ ਵੀ ਵਾਪਰੀ। ਦਰਅਸਲ ਕੰਗਨਾ ਰਣੌਤ ਦੇ ਰਾਮਲੀਲ੍ਹਾ ਮੈਦਾਨ ਵਿਚ ਪਹੁੰਚਣ ਤੋਂ ਪਹਿਲਾਂ ਹੀ ਰਾਵਣ (ਪੁਤਲਾ) ਡਿੱਗ ਗਿਆ ਸੀ, ਜਿਸ ਤੋਂ ਬਾਅਦ ਕਮੇਟੀ ਦੇ ਲੋਕਾਂ ਨੇ ਪੁਤਲਾ ਦੁਬਾਰਾ ਖੜ੍ਹਾ ਕੀਤਾ ਤੇ ਫਿਰ ਉਸ ਦਾ ਦਹਿਨ ਕੀਤਾ ਗਿਆ।

ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਦੀ ਜਾਣਕਾਰੀ ਦਿੱਤੀ ਸੀ। ਵੀਡੀਓ ‘ਚ ਉਨ੍ਹਾਂ ਕਿਹਾ ਸੀ ਕਿ 50 ਸਾਲਾਂ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕੋਈ ਔਰਤ ਤੀਰ ਚਲਾ ਕੇ ਰਾਵਣ ਨੂੰ ਫੂਕੇਗੀ।

ਫਿਲਮ ਦਾ ਕੀਤਾ ਪ੍ਰਚਾਰ

ਕੰਗਨਾ ਰਣੌਤ ਦੀ ਇਕ ਝਲਕ ਪਾਉਣ ਲਈ ਲਾਲ ਕਿਲ੍ਹਾ ਗਰਾਊਂਡ ‘ਚ ਲੱਖਾਂ ਲੋਕਾਂ ਦੀ ਭੀੜ ਇਕੱਠੀ ਹੋਈ। ਇਸ ਦੌਰਾਨ ਅਦਾਕਾਰਾ ਨੇ ਆਪਣੀ ਆਉਣ ਵਾਲੀ ਫਿਲਮ ਤੇਜ਼ਸ ਦੀ ਪ੍ਰਮੋਸ਼ਨ ਵੀ ਕੀਤੀ। ਕੰਗਨਾ ਨੇ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਕਿਹਾ ਕਿ ਸਾਡੀ ਫੌਜ ਹਰ ਰੋਜ਼ ਸਰਹੱਦਾਂ ‘ਤੇ ਸਾਡੇ ਲਈ ਲੜ ਰਹੀ ਹੈ ਅਤੇ ਆਪਣੀ ਜਾਨ ਦੇ ਰਹੀ ਹੈ। ਸਾਡੇ ਵੱਲੋਂ ਉਨ੍ਹਾਂ ‘ਤੇ ਆਧਾਰਿਤ ਫਿਲਮ ਹੈ ਜੋ 27 ਅਕਤੂਬਰ ਨੂੰ ਆ ਰਹੀ ਹੈ। ਹਰ ਕਿਸੇ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ।

ਕੰਗਨਾ ਦੀ ਪੋਸਟ

ਰਾਵਣ ਨੂੰ ਫੂਕਣ ਤੋਂ ਬਾਅਦ ਅਦਾਕਾਰਾ ਨੇ ਆਪਣੀਆਂ ਤਸਵੀਰਾਂ ਤੇ ਇਕ ਪੋਸਟ ਵੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ ‘ਚ ਕੰਗਨਾ ਲਾਲ ਤੇ ਸੁਨਹਿਰੀ ਰੰਗ ਦੀ ਸਿਲਕ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ ਅਤੇ ਕੈਪਸ਼ਨ ‘ਚ ਉਨ੍ਹਾਂ ਲਿਖਿਆ- ਅੱਜ ਮੈਨੂੰ ਦਿੱਲੀ ਦੀ ਮਸ਼ਹੂਰ ਲਵ ਕੁਸ਼ ਰਾਮਲੀਲ੍ਹਾ ‘ਚ ਰਾਵਣ ਦਹਿਨ ਕਰਨ ਦਾ ਸੁਭਾਗ ਮਿਲਿਆ। ਜਿਸ ਤਰ੍ਹਾਂ ਸ਼੍ਰੀ ਰਾਮ ਨੇ ਰਾਵਣ ਨਾਲ ਯੁੱਧ ਕੀਤਾ, ਉਸੇ ਤਰ੍ਹਾਂ ਸਾਡੇ ਦੇਸ਼ ਦੇ ਸੈਨਿਕ ਰਾਕਸ਼ਾਂ ਨਾਲ ਲੜਦੇ ਹਨ। ਜੈ ਸ਼੍ਰੀ ਰਾਮ

ਅਦਾਕਾਰਾ ਦੀ ਆਉਣ ਵਾਲੀ ਫਿਲਮ

ਕੰਗਨਾ ਰਣੌਤ ਹਾਲ ਹੀ ‘ਚ ਰਿਲੀਜ਼ ਹੋਈ ਸਾਊਥ ਫਿਲਮ ‘ਚੰਦਰਮੁਖੀ 2’ ‘ਚ ਨਜ਼ਰ ਆਈ ਸੀ। ‘ਤੇਜ਼ਸ’ ‘ਚ ਉਹ ਤੇਜ਼ਸ ਗਿੱਲ ਨਾਂ ਦੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਦਾ ਕਿਰਦਾਰ ਨਿਭਾਅ ਰਹੀ ਹੈ। ਸ਼ਨੀਵਾਰ ਨੂੰ ‘ਤੇਜ਼ਸ’ ਦੀ ਟੀਮ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਵਾਈ ਸੈਨਾ ਦੇ ਜਵਾਨਾਂ ਲਈ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਦਾ ਆਯੋਜਨ ਕੀਤਾ ਸੀ।