ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਪੰਜਾਬ ਕਿਸਾਨ ਯੂਨੀਅਨ (ਮਾਲਵਾ ਜ਼ੋਨ) ਦੀ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਕਿਰਸਾਨੀ ਮਸਲਿਆਂ ਸਮੇਤ ਸੰਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਤਿੰਨ ਰੋਜ਼ਾ ਧਰਨੇ ਸਬੰਧੀ ਚਰਚਾ ਕੀਤੀ ਅਤੇ ਚੰਡੀਗੜ੍ਹ ਧਰਨੇ ‘ਚ ਸ਼ਮੂਲੀਅਤ ਕਰਨ ਦੀ ਜ਼ੋਰਦਾਰ ਤਿਆਰੀ ਵਿੱਢੀ ਗਈ। ਇਸ ਮੌਕੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਤੇ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ ਨੇ ਆਖਿਆ ਕਿ ਕੇਂਦਰ ਸਰਕਾਰ ਨਾਲ ਸੰਬੰਧਿਤ ਮੁੱਖ ਮੰਗਾਂ ਜਿਨਾਂ੍ਹ ‘ਚ ਕਾਨੂੰਨੀ ਰੂਪ ਵਿਚ ਐੱਮਐੱਸਪੀ ਦੀ ਗਾਰੰਟੀ, ਦਿੱਲੀ ਅੰਦੋਲਨ ਦੌਰਾਨ ਦਰਜ ਝੂਠੇ ਪਰਚੇ ਰੱਦ ਕਰਨ, ਜਨਤਕ ਅਦਾਰਿਆਂ ਦਾ ਨਿੱਜੀਕਰਨ ਵਿਰੁੱਧ ਅਤੇ ਕਿਸਾਨਾਂ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨ ਤੋਂ ਇਲਾਵਾ ਸੂਬਾ ਪੱਧਰੀ ਮੰਗਾਂ ਵਿੱਚ ਪਰਾਲੀ ਦੇ ਦਰਜ ਕੇਸ ਰੱਦ ਕਰਵਾਉਣ, ਖੁਰਾਕ, ਸਿੱਖਿਆ, ਸਿਹਤ ਲਈ 10 ਹਜਾਰ ਰੁਪਏ ਪੈਨਸਨ, ਕੁਦਰਤੀ ਆਫਤਾਂ ਨਾਲ ਹੋਏ ਸਮੁੱਚੇ ਨੁਕਸਾਨ ਦੇ ਮੁਆਵਜ਼ੇ ਸਮੇਤ ਹੋਰਨਾਂ ਕੌਮਾਂਤਰੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ 26, 27 ਤੇ 28 ਨਵੰਬਰ ਨੂੰ ਚੰਡੀਗੜ੍ਹ ਵਿਖੇ ਤਿੰਨ ਰੋਜ਼ਾ ਧਰਨਾ ਲਾਇਆ ਜਾ ਰਿਹਾ ਹੈ।
ਉਨਾਂ੍ਹ ਕਿਹਾ ਕਿ ਪੰਜਾਬ ਅੰਦਰ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀਆਂ ਮਸੀਨਾਂ ਦੀ ਸਬਸਿਡੀ ਨੂੰ ਵਿਭਾਗ ਤੇ ਕੁਝ ਰਾਜਨੀਤਕ ਅਸਰ ਰਸੂਖ ਵਾਲਿਆਂ ਦੇ ਚਹੇਤੇ ਹੜੱਪ ਗਏ, ਜਦਕਿ ਇਹ ਮਸ਼ੀਨਾਂ ਸਿਰਫ ਕਾਗਜ਼ਾਂ ‘ਚ ਹੀ ਦਰਜ ਹਨ ਅਤੇ ਅਸਲੀਅਤ ‘ਚ ਕਿਸਾਨਾਂ ਤੱਕ ਪਹੁੰਚੀਆਂ ਹੀ ਨਹੀਂ, ਇਸ ਮਾਮਲੇ ਦੀ ਨਿਰਪੱਖ ਪੜਤਾਲ ਕਰਨ ਉਪਰੰਤ ਸਬੰਧਤ ਦੋਸ਼ੀਆਂ ਖਿਲਾਫ਼ ਪਰਚੇ ਦਰਜ ਕੀਤੇ ਜਾਣ। ਇਸ ਮੌਕੇ ਜਰਨੈਲ ਸਿੰਘ ਰੋੜਾਂਵਾਲੀ, ਗੁਰਜੰਟ ਸਿੰਘ ਮਾਨਸਾ, ਬਲਵੀਰ ਸਿੰਘ ਜਲੂਰ, ਸਵਰਨ ਸਿੰਘ ਨਵਾਂ ਗਾਓਂ, ਰਾਮਫਲ ਸਿੰਘ ਚੱਕ ਅਲੀਸ਼ੇਰ, ਜਸਵਿੰਦਰ ਸਿੰਘ ਲਾਡੀ, ਗੁਰਜੀਤ ਸਿੰਘ ਜੈਤੋ, ਭੋਲਾ ਸਿੰਘ ਸਮਾਓਂ, ਗੁਰਜੀਤ ਸਿੰਘ ਚੰਨੂ, ਰਣਜੀਤ ਸਿੰਘ, ਗੁਰਤੇਜ ਸਿੰਘ, ਨਰਿੰਦਰ ਕੌਰ ਬੁਰਜ ਹਮੀਰਾ, ਬਿੱਕਰ ਸਿੰਘ, ਕਰਮਜੀਤ ਸਿੰਘ, ਕਰਨੈਲ ਸਿੰਘ ਮਾਨਸਾ, ਜੀਤ ਸਿੰਘ, ਮੋਹਣ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।


