ਐੱਸਪੀ ਜੋਸ਼ੀ, ਲੁਧਿਆਣਾ : ਪੰਜਾਬ ਦੇ ਪਾਣੀਆਂ ਸਮੇਤ ਅਹਿਮ ਮੁੱਦਿਆਂ ਉੱਪਰ ਖੁੱਲੀ ਚਰਚਾ ਲਈ ਮਹਾਨਗਰ ਦੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਰਵਾਈ ਜਾਣ ਵਾਲੀ ਸਿਆਸੀ ਡਿਬੇਟ ਲਈ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਆਡੀਟੋਰੀਅਮ ਦੇ ਆਸ ਪਾਸ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਪ੍ਰਸ਼ਾਸਨਕ ਕਰਮਚਾਰੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਆਪ ਦੀ ਸਰਕਾਰ ਬਣਣ ਮਗਰੋਂ ਕਰਵਾਈ ਜਾ ਰਹੀ ਇਸ ਸਿਆਸੀ ਡਿਬੇਟ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਦਲਾਂ ਵੱਲੋਂ ਵੱਖੋ ਵੱਖਰੇ ਤਰ੍ਹਾਂ ਦੀ ਪ੍ਰਤੀਕ੍ਰਿਆ ਪ੍ਰਗਟ ਕੀਤੀ ਗਈ ਸੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ ਇੱਕ ਨਜਦੀਕ ਸਥਿਤ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਹਾਲ ਵਿੱਚ ਖੁੱਲੀ ਸਿਆਸੀ ਡਿਬੇਟ ਕਰਵਾਈ ਜਾ ਰਹੀ ਹੈ। ਡਿਬੇਟ ਵਿੱਚ ਪੂਜਨ ਵਾਲੇ ਰਾਜਨਿਤਿਕ ਆਗੂਆਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਪਰਤਾਂ ਦਾ ਸੁਰੱਖਿਆ ਘੇਰਾ ਤਿਆਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਆਡੀਟੋਰੀਅਮ ਵਿੱਚ 1 ਹਜਾਰ ਦੇ ਕਰੀਬ ਲੋਕਾਂ ਦੇ ਬੈਠਣ ਦੀ ਵਿਵਸਥਾ ਹੈ।

ਸਵੇਰ ਤੋਂ ਹੀ ਸੁਰੱਖਿਆ ਪ੍ਰਬੰਧ ਵਾਚਣ ਲਈ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਕਮਾਂਡ ਸਾਂਭੀ ਹੋਈ ਹੈ।। ਡਿਬੇਟ ਹਾਲ ਦੀ ਸੁਰੱਖਿਆ ਨੂੰ ਲੈ ਕੇ ਪਹਿਲਾਂ ਹੀ ਵਿਰੋਧੀ ਰਾਜਨੀਤਿਕ ਦਲਾਂ ਵੱਲੋਂ ਸਵਾਲੀਆ ਨਿਸ਼ਾਨ ਚੁੱਕੇ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਵੀਆਈਪੀ ਢੰਗ ਨਾਲ ਡਿੱਬੇਟ ਕਰਵਾਉਣ ਸਬੰਧੀ ਵਿਰੋਧੀ ਪਾਰਟੀਆਂ ਵੱਲੋਂ ਪਹਿਲਾਂ ਹੀ ਸਿਆਸੀ ਬਿਆਨ ਦਾਗੇ ਜਾ ਰਹੇ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੰਦਰ ਦਾਖਿਲ ਹੋਣ ਵਾਲੇ ਹਰ ਇੱਕ ਗੇਟ ਉਪਰ ਪੀਏਯੂ ਮੁਲਾਜ਼ਮਾਂ ਦੇ ਨਾਲ ਨਾਲ ਪੁਲਿਸ ਅਧਿਕਾਰੀਆਂ ਵੱਲੋਂ ਵੀ ਆਉਣ ਜਾਣ ਵਾਲੀਆਂ ਗੱਡੀਆਂ ਦੋ ਪਈਆ ਵਾਹਨਾ ਦਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ। ਡਿਬੇਟ ਹਾਲ ਦੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਸਥਾਪਿਤ ਕਰਕੇ ਹਰ ਆਉਣ ਜਾਣ ਵਾਲੇ ਉੱਪਰ ਨਜ਼ਰ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ। ਲੁਧਿਆਣਾ ਪੁਲਿਸ ਦੇ ਨਾਲ ਨਾਲ ਲਾਗਲੇ ਜਿਲਿਆਂ ਤੋਂ ਵੀ ਪੁਲਿਸ ਮੁਲਾਜ਼ਮਾ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਆਡੀਟੋਰੀਅਮ ਹਾਲ ਦੀ ਸੁਰੱਖਿਆ ਲਈ ਤੈਨਾਤ ਕੀਤਾ ਗਿਆ ਹੈ।