ਜਾਸ, ਕਾਨਪੁਰ : ਪਾਲਤੂ ਬਿੱਲੀ ਦੇ ਕੱਟਣ ਤੋਂ ਬਾਅਦ ਰੈਬੀਜ਼ ਨਾਲ ਕਾਨਪੁਰ ਦਿਹਾਤ ਦੇ ਸਰਕਾਰੀ ਸਕੂਲ ਦੇ ਹੈੱਡਮਾਸਟਰ ਦੀ ਮੌਤ ਹੋ ਗਈ। ਇਸ ਤੋਂ ਇਕ ਹਫ਼ਤੇ ਪਹਿਲਾਂ ਉਨ੍ਹਾਂ ਦੇ ਜਵਾਨ ਪੁੱਤ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਪਾਲਤੂ ਬਿੱਲੀ ਨੂੰ ਦੋ ਮਹੀਨੇ ਪਹਿਲਾਂ ਹਲਕੇ ਹੋਏ ਕੁੱਤੇ ਨੇ ਕੱਟ ਲਿਆ ਸੀ। ਇਸ ਤੋਂ ਕੁਝ ਦਿਨਾਂ ਬਾਅਦ ਹੀ ਉਹ ਹਿੰਸਕ ਹੋ ਗਈ ਤੇ ਹੈੱਡਮਾਸਟਰ ਦੇ ਨਾਲ-ਨਾਲ ਉਨ੍ਹਾਂ ਦੇ ਪੁੱਤਰ ਨੂੰ ਕੱਟ ਲਿਆ ਸੀ ਤੇ ਪਤਨੀ ਤੇ ਧੀ ਨੂੰ ਪੰਜੇ ਮਾਰੇ ਸਨ। ਪਰਿਵਾਰ ਨੇ ਐਂਟੀ ਰੈਬੀਜ਼ ਵੈਕਸੀਨ ਲਗਵਾਉਣ ਦੀ ਬਜਾਏ ਸਿਰਫ਼ ਟੈਟਨਸ ਦੇ ਇੰਜੈਕਸ਼ਨ ਲਗਵਾਏ ਸਨ। ਹਾਲਾਂਕਿ ਹੈੱਡਮਾਸਟਰ ਦੀ ਪਤਨੀ ਨੇ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਹੈ।

ਅਸ਼ੋਕ ਨਗਰ ਦੇ 58 ਸਾਲਾ ਇਮਤਿਆਜੂਦੀਨ ਨਿਬੌਲੀ ਸਰਕਾਰੀ ਸਕੂਲ ’ਚ ਹੈੱਡਮਾਸਟਰ ਸਨ। ਦੇਰ ਰਾਤ ਉਨ੍ਹਾਂ ਦੀ ਸੈਫਈ ’ਚ ਮੌਤ ਹੋ ਗਈ ਤੇ ਕਰੀਬ ਇਕ ਹਫ਼ਤਾ ਪਹਿਲਾਂ ਉਨ੍ਹਾਂ ਦੇ 25 ਸਾਲਾ ਪੁੱਤਰ ਅਜ਼ੀਮ ਉਰਫ਼ ਅੱਜੂ ਦੀ ਭੋਪਾਲ ’ਚ ਤਬੀਅਤ ਵਿਗੜਨ ਤੋਂ ਬਾਅਦ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਪਾਲਤੂ ਬਿੱਲੀ ਨੂੰ ਕਰੀਬ ਦੋ ਮਹੀਨੇ ਪਹਿਲਾਂ ਹਲਕੇ ਹੋਏ ਕੁੱਤੇ ਨੇ ਕੱਟ ਲਿਾ ਸੀ। ਉਸ ਦਾ ਇਲਾਜ ਕਰਵਾਇਆ ਗਿਆ ਪਰ ਰੈਬੀਜ਼ ਨਾਲ ਇਨਫੈਕਟਡ ਹੋਣ ਤੋਂ ਬਾਅਦ ਉਹ ਹਿੰਸਕ ਹੋ ਗਈ। ਪਿਓ-ਪੁੱਤ ਨੂੰ ਕੱਟਣ ਦੇ ਨਾਲ-ਨਾਲ ਪਾਲਤੂ ਬਿੱਲੀ ਨੇ ਇਮਤਿਆਜੂਦੀਨ ਦੀ ਪਤਨੀ ਨੌਸ਼ਾਦ ਤੇ ਧੀ ਨੂੰ ਪੰਜਾ ਮਾਰਿਆ ਸੀ। ਪਰਿਵਾਰ ਨੇ ਸਿਰਫ਼ ਟੈਟਨਸ ਦਾ ਇੰਜੈਕਸ਼ਨ ਲਗਵਾਇਆ ਸੀ। ਅਜ਼ੀਮ ਦੀ ਮੌਤ ਤੋਂ ਬਾਅਦ 24 ਨਵੰਬਰ ਨੂੰ ਪਰਿਵਾਰ ਨੇ ਜ਼ਿਲ੍ਹਾ ਹਸਪਤਾਲ ਪਹੁੰਚ ਕੇ ਐਂਟੀ ਰੈਬੀਜ਼ ਵੈਕਸੀਨ ਲਗਵਾਈ ਸੀ। ਜੋ ਵੈਕਸੀਨ 24 ਤੋਂ 48 ਘੰਟਿਆਂ ਦੇ ਅੰਦਰ ਲਗਵਾਉਣੀ ਚਾਹੀਦੀ ਸੀ, ਉਸ ਨੂੂੰ ਲਗਵਾਉਣ ’ਚ ਦੋ ਮਹੀਨੇ ਦਾ ਸਮਾਂ ਲਿਆ। ਗੁਆਂਢੀਆਂ ਮੁਤਾਬਕ ਕੁੱਤੇ ਦੇ ਕੱਟਣ ਤੋਂ ਕੁਝ ਦਿਨ ਬਾਅਦ ਬਿੱਲੀ ਵੀ ਮਰ ਗਈ ਸੀ। ਤਬੀਅਤ ਵਿਗੜਨ ਤੋਂ ਪਹਿਲਾਂ ਇਮਤਿਆਜੂਦੀਨ ਪਾਣੀ ਤੋਂ ਡਰਨ ਲੱਗੇ ਸਨ। ਪਤਨੀ ਨੌਸ਼ਾਦ ਤੇ ਪਰਿਵਾਰਕ ਮੈਂਬਰਾਂ ਨੇ ਰੈਬੀਜ਼ ਇਨਫੈਕਟਡ ਹੁੋਣ ਤੋਂ ਇਨਕਾਰ ਕਰਨ ਦੇ ਨਾਲ-ਨਾਲ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ।

ਮੁੱਖ ਵੈਟਰਨਰੀ ਅਫ਼ਸਰ ਡਾ. ਸੁਬੋਧ ਨੇ ਦੱਸਿਆ ਕਿ ਰੈਬੀਜ਼ ਦੀ ਲਾਗ ਖ਼ਤਰਨਾਕ ਹੁੰਦੀ ਹੈ। ਪ੍ਰਭਾਵਿਤ ਜਾਨਵਰ ਦੇ ਕੱਟਣ ਤੋਂ ਬਾਅਦ ਜੇ ਟੀਕਾ 24 ਤੋਂ 48 ਘੰਟਿਆਂ ਦੇ ਅੰਦਰ ਨਾ ਲਗਵਾਇਆ ਜਾਵੇ ਤਾਂ ਖ਼ਤਰਾ ਹੈ। ਇਸ ਵਾਇਰਸ ਦੇ ਲੱਛਣ ਕਈ ਮਹੀਨੇ ਅਤੇ ਕਈ ਸਾਲਾਂ ਬਾਅਦ ਵੀ ਸਾਹਮਣੇ ਆ ਜਾਂਦੇ ਹਨ ਤੇ ਪ੍ਰਭਾਵਿਤ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ।