ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾਡ਼ਾ ਸਬ-ਤਹਿਸੀਲ ’ਚ ਸੋਮਵਾਰ ਨੂੰ ਉਸ ਸਮੇਂ ਹਡ਼ਕੰਪ ਮਚ ਗਿਆ ਜਦੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਇੱਥੇ ਤਾਇਨਾਤ ਪਟਵਾਰੀ ਨੂੰ ਰਿਸ਼ਵਤ ਦੇ ਪੈਸੇ ਦੇਣ ਲਈ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਨੰਬਰਦਾਰ ਗੁਰਇਕਬਾਲ ਸਿੰਘ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਪਿੰਡ ਝਡ਼ੌਦੀ ਦੇ ਵਾਸੀ ਤੇਜਵਿੰਦਰ ਸਿੰਘ ਨੇ ਅਦਾਲਤ ਤੋਂ ਇਕ ਪਲਾਟ ਦਾ ਸਟੇਅ ਪ੍ਰਾਪਤ ਕੀਤਾ ਸੀ ਜੋ ਉਸਨੇ ਮਾਲ ਵਿਭਾਗ ਦੇ ਰਿਕਾਰਡ ‘ਚ ਦਰਜ ਕਰਵਾਉਣਾ ਸੀ। ਸ਼ਿਕਾਇਤਕਰਤਾ ਤੇਜਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਹ ਤਹਿਸੀਲ ‘ਚ ਪਲਾਟ ਦਾ ਸਟੇਅ ਦਰਜ ਕਰਵਾਉਣ ਲਈ ਗਿਆ ਤਾਂ ਉਸ ਤੋਂ ਪਟਵਾਰੀ ਪਰਮਿੰਦਰ ਸਿੰਘ ਨੇ ਉਸ ਤੋਂ 3000 ਰੁਪਏ ਰਿਸ਼ਵਤ ਦੇ ਮੰਗੇ ਤੇ 2500 ਰੁਪਏ ‘ਚ ਸੌਦਾ ਤੈਅ ਹੋ ਗਿਆ। ਤੇਜਵਿੰਦਰ ਸਿੰਘ ਨੇ ਇਹ ਸਾਰਾ ਮਾਮਲਾ ਵਿਧਾਇਕ ਦਿਆਲਪੁਰਾ ਦੇ ਧਿਆਨ ‘ਚ ਲਿਆਂਦਾ ਜਿਨ੍ਹਾਂ 2500 ਰੁਪਏ ਰਿਸ਼ਵਤ ਦੇਣ ਵਾਲੇ ਨੋਟਾਂ ਦੀ ਫੋਟੋ ਸਟੇਟ ਕਰਵਾ ਕੇ ਆਪਣੇ ਕੋਲ ਰੱਖ ਲਈ ਤੇ ਸ਼ਿਕਾਇਤਕਰਤਾ ਰਿਸ਼ਵਤ ਦੇ ਪੈਸੇ ਦੇਣ ਲਈ ਸਬ-ਤਹਿਸੀਲ ਮਾਛੀਵਾਡ਼ਾ ਪਹੁੰਚ ਗਿਆ।
ਤੇਜਵਿੰਦਰ ਸਿੰਘ ਜਦੋਂ ਪਟਵਾਰੀ ਦੇ ਕਮਰੇ ’ਚ ਰਿਸ਼ਵਤ ਦੇ ਪੈਸੇ ਦੇਣ ਅਤੇ ਸਟੇਅ ਦਰਜ ਕਰਵਾਉਣ ਪੁੱਜਾ ਤਾਂ ਉੱਥੇ ਉਹ ਮੌਜੂਦ ਨਹੀਂ ਸੀ। ਪਟਵਾਰੀ ਦੇ ਕਮਰੇ ’ਚ ਨੰਬਰਦਾਰ ਗੁਰਇਕਬਾਲ ਸਿੰਘ ਬੈਠਾ ਸੀ ਜਿਸ ਨੇ ਸ਼ਿਕਾਇਤਕਰਤਾ ਤੇਜਵਿੰਦਰ ਸਿੰਘ ਦੀ ਫੋਨ ’ਤੇ ਗੱਲ ਕਰਵਾਈ ਤੇ ਪਟਵਾਰੀ ਨੂੰ ਦੇਣ ਵਾਲੀ ਰਿਸ਼ਵਤ ਉਸਨੇ ਨੰਬਰਦਾਰ ਨੂੰ ਫਡ਼ਾ ਦਿੱਤੀ। ਇਸ ਦੌਰਾਨ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਪਟਵਾਰੀ ਨੂੰ ਜਾਣ ਵਾਲੀ ਰਿਸ਼ਵਤ ਦੇ ਪੈਸੇ ਲੈਂਦਿਆਂ ਨੰਬਰਦਾਰ ਗੁਰਇਕਬਾਲ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਜਿਸ ’ਤੇ ਡੀਐੱਸਪੀ ਸਮਰਾਲਾ ਜਸਪਿੰਦਰ ਸਿੰਘ ਤੇ ਥਾਣਾ ਮੁਖੀ ਸੰਤੋਖ ਸਿੰਘ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਵਲੋਂ ਨੰਬਰਦਾਰ ਗੁਰਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਡੀਐੱਸਪੀ ਸਮਰਾਲਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਜੋ ਵੀ ਇਸ ਮਾਮਲੇ ’ਚ ਦੋਸ਼ੀ ਹੋਵੇਗਾ ਉਸ ਖਿਲਾਫ਼ ਕਾਰਵਾਈ ਹੋਵੇਗੀ।


