ਅਗਰਤਲਾ, ਪੀਟੀਆਈ : ਤ੍ਰਿਪੁਰਾ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ 2019 ਵਿੱਚ ਇੱਕ ਛੇ ਸਾਲਾ ਨਾਬਾਲਗ ਨਾਲ ਜਬਰ ਜਨਾਹ ਅਤੇ ਕਤਲ ਮਾਮਲੇ ‘ਚ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ। ਚਾਰ ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਅਦਾਲਤ ਨੇ ਮੰਗਲਵਾਰ ਨੂੰ ਸਜ਼ਾ ਦਾ ਐਲਾਨ ਕੀਤਾ।

ਲੜਕੀ ਨੂੰ ਸਾਲ 2019 ‘ਚ ਕੀਤਾ ਸੀ ਅਗਵਾ

ਸਹਾਇਕ ਸਰਕਾਰੀ ਵਕੀਲ ਸੁਦਰਸ਼ਨ ਸ਼ਰਮਾ ਨੇ ਦੱਸਿਆ ਕਿ 17 ਜੂਨ, 2019 ਨੂੰ ਧਰਮਨਗਰ ਤੋਂ ਲੜਕੀ ਨੂੰ ਗੁਆਂਢੀਆਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਘਰ ਤੋਂ ਕਰੀਬ ਛੇ ਕਿਲੋਮੀਟਰ ਦੂਰ ਚਾਹ ਦੇ ਬਾਗ ਵਿੱਚੋਂ ਮਿਲੀ। ਜਾਂਚ ਤੋਂ ਬਾਅਦ ਪੁਲਿਸ ਨੇ ਜਬਰ ਜਨਾਹ ਤੇ ਕਤਲ ਦੇ ਦੋਸ਼ਾਂ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ।

ਅਦਾਲਤ ਨੇ 64 ਸਾਲਾ ਵਿਅਕਤੀ ਨੂੰ ਦੋਸ਼ੀ ਪਾਇਆ

ਮਹਾਰਾਸ਼ਟਰ ਦੇ ਠਾਣੇ ਦੀ ਵਿਸ਼ੇਸ਼ ਅਦਾਲਤ ਨੇ ਇੱਕ 64 ਸਾਲਾ ਵਿਅਕਤੀ ਨੂੰ ਚਾਰ ਸਾਲ ਦੀ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਅਤੇ ਉਸ ਨੂੰ ਤਿੰਨ ਸਾਲ ਦੀ ਸਖ਼ਤ ਸਜ਼ਾ ਸੁਣਾਈ। ਜਸਟਿਸ ਡੀਐੱਸ ਦੇਸ਼ਮੁਖ ਨੇ ਪੋਕਸੋ ਐਕਟ ਤਹਿਤ ਦਰਜ ਮਾਮਲੇ ਦੀ ਸੁਣਵਾਈ ਕੀਤੀ ਅਤੇ ਮੰਗਲਵਾਰ ਨੂੰ ਇਹ ਹੁਕਮ ਦਿੱਤਾ।

ਦੋਸ਼ੀ ਮੁਹੰਮਦ ਉਮਰ ਸ਼ੇਖ ਨੂੰ ਜੁਰਮਾਨਾ

ਅਦਾਲਤ ਨੇ ਦੋਸ਼ੀ ਮੁਹੰਮਦ ਉਮਰ ਸ਼ੇਖ ‘ਤੇ 1000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। 14 ਨਵੰਬਰ 2019 ਨੂੰ ਦੋਸ਼ੀ ਸ਼ੇਖ ਨੇ ਲੜਕੀ ਨੂੰ ਚਾਕਲੇਟ ਦੇਣ ਦੇ ਬਹਾਨੇ ਘਰ ਲਿਜਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਸ਼ੇਖ ਨੂੰ ਗ੍ਰਿਫਤਾਰ ਕੀਤਾ ਗਿਆ ਸੀ।