ਅਰਵਿੰਦ ਪਾਂਡੇ, ਨਵੀਂ ਦਿੱਲੀ: ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਤਹਿਤ ਤਿਆਰ ਕੀਤੇ ਜਾ ਰਹੇ ਨਵੇਂ ਸਿਲੇਬਸ ਨੂੰ ਸਕੂਲੀ ਸਿੱਖਿਆ ’ਚ ਵੱਡੇ ਗੇਮਚੇਂਜਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਇਹ ਕਦੋਂ ਅਤੇ ਕਿਵੇਂ ਲਾਗੂ ਹੋਵੇਗਾ, ਇਸ ਨੂੰ ਲੈ ਕੇ ਲੋਕਾਂ ਵਿਚ ਕਾਫੀ ਉਤਸੁਕਤਾ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਸਕੂਲਾਂ ਵਿਚ ਇਸ ਦੇ ਅਮਲ ਨੂੰ ਪੂਰਾ ਰੋਡਮੈਪ ਸਾਹਮਣੇ ਰੱਖਿਆ। ਉਨ੍ਹਾਂ ਦੱਸਿਆ ਕਿ ਵੈਸੇ ਤਾਂ ਅਗਲੇ ਸਿੱਖਿਆ ਸੈਸ਼ਨ ਯਾਨੀ 2024-25 ਤੋਂ ਇਸ ਦੇ ਅਮਲ ਦੀ ਸ਼ੁਰੂਆਤ ਕੀਤੀ ਜਾਵੇਗੀ, ਪਰ ਇਹ ਦੋ ਪੜਾਵਾਂ ਵਿਚ ਲਾਗੂ ਹੋਵੇਗਾ। ਪਹਿਲੇ ਪੜਾਅ ’ਚ ਇਸ ਨੂੰ ਸਿਰਫ ਛੇ ਕਲਾਸਾਂ ਵਿਚ ਹੀ ਲਾਗੂ ਕੀਤਾ ਜਾਵੇਗਾ। ਇਹ ਕਲਾਸਾਂ ਹੋਣਗੀਆਂ-ਤੀਸਰੀ, ਚੌਥੀ, ਪੰਜਵੀਂ, ਛੇਵੀਂ, ਨੌਵੀਂ ਅਤੇ ਗਿਆਰ੍ਹਵੀਂ। ਦੂਸਰੇ ਪੜਾਅ ’ਚ ਸਿੱਖਿਆ ਸੈਸ਼ਨ 2025-26 ’ਚ ਇਸ ਨੂੰ ਬਾਕੀ ਚਾਰ ਕਲਾਸਾਂ ਵਿਚ ਯਾਨੀ ਸੱਤਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਵਿਚ ਲਾਗੂ ਕੀਤਾ ਜਾਵੇਗਾ। ਇਸ ਤਰ੍ਹਾਂ ਸਕੂਲਾਂ ਵਿਚ ਨਵੇਂ ਸਿਲੇਬਸ ਨੂੰ ਦੋ ਸਾਲਾਂ ਵਿਚ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ।
ਕੇਂਦਰੀ ਸਿੱਖਿਆ ਮੰਤਰੀ ਪ੍ਰਧਾਨ ਮੰਗਲਵਾਰ ਨੂੰ ਨਵੇਂ ਸਕੂਲੀ ਸਿਲੇਬਸ ਸਮੇਤ ਸਿੱਖਿਆ ਸੁਧਾਰ ਨੂੰ ਲੈ ਕੇ ‘ਦੈਨਿਕ ਜਾਗਰਣ’ ਨਾਲ ਚਰਚਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿਲੇਬਸ ਨੂੰ ਤਿਆਰ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਅਜਿਹੇ ’ਚ ਇਹ ਸਿੱਖਿਆ ਸੈਸ਼ਨ 2024-25 ਤੋਂ ਲਾਗੂ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਦੋ ਸਾਲਾਂ ਵਿਚ ਇਹ ਪੂਰੀ ਤਰ੍ਹਾਂ ਨਾਲ ਲਾਗੂ ਕਰ ਦਿੱਤਾ ਜਾਵੇਗਾ। ਨਵੇਂ ਢਾਂਚੇ ਵਿਚ ਸਕੂਲੀ ਸਿੱਖਿਆ ਚਾਰ ਪੜਾਵਾਂ ਵਿਚ ਹੋ ਗਈ ਹੈ। ਇਨ੍ਹਾਂ ਵਿਚ ਪਹਿਲਾ ਪੜਾਅ ਬੁਨਿਆਦੀ, ਦੂਸਰਾ ਮੁੱਢਲਾ, ਤੀਸਰਾ ਮਿਡਲ ਤੇ ਚੌਥਾ ਸੈਕੰਡਰੀ ਹੈ।
ਪ੍ਰਧਾਨ ਨੇ ਦੱਸਿਆ ਕਿ ਨਵੇੇਂ ਸਿਲੇਬਸ ਨੂੰ ਲਾਗੂ ਕਰਨ ਦੀ ਸ਼ੁਰੂਆਤ ਕੇਂਦਰੀ ਮਾਧਮਿਕ ਸਿੱਖਿਆ ਬੋਰਡ (ਸੀਬੀਐੱਸਈ) ਤੋਂ ਹੋਵੇਗੀ। ਇਸ ਨੂੰ ਰਾਜ ਵੀ ਲਾਗੂ ਕਰ ਸਕਦੇ ਹਨ। ਨਵੇਂ ਸਿਲੇਬਸ ਦੇ ਤਿਆਰ ਹੁੰਦੇ ਹੀ ਰਾਸ਼ਟਰੀ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ (ਐੱਨਸੀਈਆਰਟੀ) ਤੁਰੰਤ ਹੀ ਇਸ ਨੂੰ ਸਾਰੇ ਰਾਜਾਂ ਵਿਚ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ (ਐੱਨਸੀਈਆਰਟੀ) ਨੂੰ ਭੇਜ ਦੇਵੇਗਾ। ਰਾਜ ਆਪਣੀ ਲੋੜ ਦੇ ਹਿਸਾਬ ਨਾਲ ਉਸ ਨੂੰ ਅਮਲ ਵਿਚ ਲਿਆ ਸਕਦੇ ਹਨ। ਨਵੇਂ ਸਿਲੇਬਸ ਤਹਿਤ ਇੱਕੋ ਵੇਲੇ ਵੱਡੀ ਗਿਣਤੀ ਵਿਚ ਕਿਤਾਬਾਂ ਤਿਆਰ ਕਰਨ ਦੇ ਸਵਾਲ ’ਤੇ ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਐੱਨਸੀਈਆਰਟੀ ਇਹ ਕੰਮ ਹਰ ਸਾਲ ਕਰਦੀ ਹੈ। ਅਜਿਹੇ ’ਚ ਅਜਿਹੇ ’ਚ ਨਵੀਆਂ ਪੁਸਤਕਾਂ ਤਿਆਰ ਕਰਨ ਵਿਚ ਕੋਈ ਪਰੇਸ਼ਾਨੀ ਨਹੀਂ ਆਵੇਗੀ।



