ਪੁਣੇ (ਏਜੰਸੀ) : ਪਤਨੀ ਦਾ ਜਨਮ ਦਿਨ ਮਨਾਉਣ ਲਈ ਉਸ ਨੂੰ ਦੁਬਈ ਨਾ ਲੈ ਕੇ ਜਾਣਾ ਇਕ ਸ਼ਖ਼ਸ ਲਈ ਜਾਨਲੇਵਾ ਸਾਬਤ ਹੋਇਆ। ਇਸ ਦੌਰਾਨ ਹੋਈ ਬਹਿਸ ਮਗਰੋਂ ਔਰਤ ਨੇ ਮੁੱਕੇ ਮਾਰੇ ਤਾਂ ਪੀੜਤ ਪੁਰਸ਼ ਨੇ ਦਮ ਤੋੜ ਦਿੱਤਾ। ਇਹ ਮਾਮਲਾ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਵਾਨਵਾਡੀ ਇਲਾਕੇ ‘ਚੋਂ ਸਾਹਮਣੇ ਆਇਆ ਹੈ। ਮਰਨ ਵਾਲਾ ਸ਼ਖ਼ਸ ਨਿਖਿਲ ਖੰਨਾ ਰੀਅਲ ਅਸਟੇਟ ਦੇ ਖੇਤਰ ਨਾਲ ਜੁੜਿਆ ਸੀ। ਰੇਣੂਕਾ ਨਾਲ ਇਸ ਸ਼ਖ਼ਸ ਨੇ ਲਵ ਮੈਰਿਜ ਕੀਤੀ ਸੀ।

ਮੁਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਰੇਣੂਕਾ ਆਪਣੇ ਪਤੀ ਨਿਖਿਲ ਨਾਲ ਇਸ ਗੱਲ ਕਾਰਨ ਲੜ ਰਹੀ ਕਿ ਉਹਦੇ ਜਨਮ ਦਿਨ ’ਤੇ ਦੁਬਈ ਕਿਉਂ ਨਹੀਂ ਲੈ ਕੇ ਗਿਆ ਸੀ? ਨਾਲ ਹੀ ਬੀਤੀ ਪੰਜ ਨਵੰਬਰ ਨੂੰ ਲਵ ਮੈਰਿਜ ਦੀ ਵਰ੍ਹੇਗੰਢ ਸੀ, ਉਦੋਂ ਮਹਿੰਗੇ-ਮਹਿੰਗੇ ਤੋਹਫ਼ੇ ਕਿਉਂ ਨਹੀਂ ਦਿੱਤੇ? ਔਰਤ ਇਸ ਕਰ ਕੇ ਵੀ ਨਾਰਾਜ਼ ਸੀ ਕਿ ਉਸ ਦੇ ਇਕ ਰਿਸ਼ਤੇਦਾਰ ਦੇ ਜਨਮ ਦਿਨ ’ਤੇ ਪਤੀ ਦਿੱਲੀ ਕਿਉਂ ਨਹੀਂ ਲੈ ਕੇ ਜਾ ਸਕਿਆ?

ਪੁਲਿਸ ਨੇ ਦੱਸਿਆ ਕਿ ਬਹਿਸ ਕਰ ਰਹੀ ਔਰਤ ਰੇਣੂਕਾ ਜਦੋਂ ਤੈਸ਼ ਵਿਚ ਆਈ ਤਾਂ ਉਸ ਨੇ ਪਤੀ ਦੇ ਕਈ ਮੁੱਕੇ ਜੜ੍ਹ ਦਿੱਤੇ ਸਨ। ਇਸ ਕਰਕੇ ਪੀੜਤ ਨਿਖਿਲ ਦੇ ਨੱਕ ਵਿੱਚੋਂ ਖ਼ੂਨ ਵਗਣ ਲੱਗ ਪਿਆ ਤੇ ਉਸ ਦੇ ਦੰਦ ਟੁੱਟ ਗਏ ਸਨ। ਪੀੜਤ ਪੁਰਸ਼ ਬੇਹੋਸ਼ ਹੋ ਕੇ ਉਥੇ ਹੀ ਡਿੱਗ ਪਿਆ। ਇਸ ਝਗੜੇ ਬਾਰੇ ਸੂਚਨਾ ਮਿਲਣ ਮਗਰੋਂ ਪੁਲਿਸ ਮੌਕੇ ’ਤੇ ਪੁੱਜੀ ਤੇ ਪੀੜਤ ਨਿਖਿਲ ਖੰਨਾ ਨੂੰ ਹਸਪਤਾਲ ਲੈ ਕੇ ਗਈ, ਜਿੱਥੇ ਕੰਮ ਕਰ ਰਹੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਪੁਲਿਸ ਹੁਣ ਇਸ ਪੱਖ ਤੋਂ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਔਰਤ ਨੇ ਕਿਸੇ ਭਾਰੀ ਵਸਤੂ ਨਾਲ ਹਮਲਾ ਤਾਂ ਨਹੀਂ ਕੀਤਾ ਸੀ। ਮਿ੍ਰਤਕ ਨਿਖਿਲ ਦੀ ਵਿਧਵਾ ਰੇਣੂਕਾ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।]