ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ

ਦਿੜ੍ਹਬਾ ਬੱਸ ਅੱਡਾ ਲੰਮੇ ਸਮੇਂ ਤੋਂ ਬੱਸਾਂ ਦੀ ਉਡੀਕ ਕਰ ਰਿਹਾ ਹੈ। ਲੱਖਾਂ ਦੀ ਲਾਗਤ ਨਾਲ ਬਣਾਏ ਗਏ ਬਸ ਅੱਡੇ ‘ਤੇ ਹਾਲੇ ਤੱਕ ਕੋਈ ਬੱਸ ਤਾਂ ਅੰਦਰ ਦਾਖ਼ਲ ਨਹੀਂ ਹੋਈ ਪਰ ਇੱਥੇ ਬੱਸਾਂ ਦੀ ਥਾਂ ਬੱਸ ਅੱਡੇ ‘ਤੇ ਬਜਰੀ ਅਤੇ ਰੇਤ ਦੇ ਢੇਰ ਲਾ ਕੇ ਵਪਾਰੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਪਰ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਹੈ ਕਿ ਸ਼ਹਿਰ ਦੇ ਮੁੱਖ ਚੌਕ ਫਲਾਈਓਵਰ ਪੁਲ ਦੇ ਹੇਠੋਂ ਦੀਆਂ ਬੱਸਾਂ ਰੁਕਦੀਆਂ ਹਨ ਅਤੇ ਉਸ ਥਾਂ ‘ਤੇ ਹਮੇਸ਼ਾ ਭੀੜ ਹੀ ਲੱਗੀ ਹੁੰਦੀ ਹੈ। ਜਿੱਥੇ ਬੱਸਾਂ ਰੁਕਦੀਆਂ ਹਨ ਉਥੇ ਸਕੂਲੀ ਅਤੇ ਕਾਲਜ ਨੂੰ ਜਾਣ ਵਾਲੇ ਵਿਦਿਆਰਥੀਆਂ ਦਾ ਹਮੇਸ਼ਾ ਜਮਾਵੜਾ ਲੱਗਾ ਰਹਿੰਦਾ ਹੈ ਤੇ ਰਾਹਗੀਰ ਵੱਡੀ ਗਿਣਤੀ ਵਿੱਚ ਇਕੱਠੇ ਹੋ ਜਾਂਦੇ ਹਨ, ਜਿਸ ਕਾਰਨ ਵੱਡੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।

ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਜੇਕਰ ਬੱਸਾਂ ਬੱਸ ਅੱਡੇ ‘ਤੇ ਹੀ ਰੁਕਣਗੀਆਂ ਤਾਂ ਕੋਈ ਜਾਨੀ ਨੁਕਸਾਨ ਨਹੀਂ ਹੋਵੇਗਾ। ਬਾਜ਼ਾਰ ‘ਚ ਵੀ ਭੀੜ ਨਹੀਂ ਰਹੇਗੀ, ਯਾਤਰੀਆਂ ਲਈ ਕੋਈ ਸਹੂਲਤ ਨਹੀਂ ਅਤੇ ਨਾ ਹੀਂ ਬੱਸ ਅੱਡਾ ਚਾਲੂ ਕੀਤਾ ਪਰ ਨਗਰ ਪੰਚਾਇਤ ਵੱਲੋਂ ਮੁੱਖ ਚੌਕ ‘ਤੇ ਹੀ ਬੱਸਾਂ ਦੀ ਐਂਟਰੀ ਫੀਸ ਵਸੂਲੀ ਜਾਂਦੀ ਹੈ। ਬਾਜਾਰ ਨੂੰ ਜਾਂਦੇ ਰਸਤੇ ਵਿੱਚ ਬੱਸਾਂ ਦੇ ਰੁਕਣ ਕਾਰਨ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।

ਇਹ ਬੱਸ ਅੱਡਾ ਕਾਂਗਰਸ ਪਾਰਟੀ ਦੇ ਕਾਰਜਕਾਲ ਸਮੇਂ ਸ਼ੁਰੂ ਹੋਇਆ ਸੀ ਅਤੇ ਉਸ ਸਮੇਂ ਦੇ ਸੰਸਦੀ ਸਕੱਤਰ ਸਾਧੂ ਸਿੰਘ ਧਰਮਸੋਤ ਨੇ ਇਸਦਾ ਨੀਂਹ ਪੱਥਰ ਰੱਖਿਆ ਸੀ। ਉਸ ਤੋਂ ਅਕਾਲੀ ਦਲ ਦੀ 10 ਸਰਕਾਰ ਰਹੀ ਜਿਸ ਦਾ ਉਦਘਾਟਨ ਵੀ ਮੁੱਖ ਮੰਤਰੀ ਦੁਆਰਾ ਕੀਤਾ ਜਾ ਚੁੱਕਾ ਹੈ ਪਰ ਫੇਰ ਵੀ ਇਹ ਬੱਸ ਅੱਡਾ ਲੋਕਾਂ ਨੂੰ ਨਸੀਬ ਨਹੀਂ ਹੋਇਆ।

ਦਿੜ੍ਹਬਾ ਦਾ ਉਸਾਰੀ ਅਧੀਨ ਬੱਸ ਅੱਡਾ ਜਿੱਥੇ ਕੋਈ ਬੱਸ ਦਾਖ਼ਲ ਨਹੀਂ ਹੁੰਦੀ ਪਰ ਇਹ ਨਸ਼ੇੜੀਆਂ ਦਾ ਅੱਡਾ ਜ਼ਰੂਰ ਬਣਦਾ ਜਾ ਰਿਹਾ ਹੈ। ਬੱਸ ਅੱਡੇ ‘ਤੇ ਬਣਾਏ ਗਏ ਕਮਰਿਆਂ ਵਿੱਚ ਸਿਰਿੰਜ਼ਾਂ ਅਤੇ ਨਸ਼ੇ ਲਈ ਵਰਤੇ ਜਾਂਦੇ ਹੋਰ ਸਾਮਾਨ ਨੂੰ ਆਮ ਵੇਖਿਆ ਜਾ ਸਕਦਾ ਹੈ।

ਇਸ ਸਬੰਧੀ ਜਦੋਂ ਦਿੜਬਾ ਨਗਰ ਪੰਚਾਇਤ ਕਮੇਟੀ ਦੇ ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਅਸੀਂ ਸਬੰਧਤ ਵਿਭਾਗ ਨੂੰ ਪੱਤਰ ਵੀ ਲਿਖ ਚੁੱਕੇ ਹਾਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਬੱਸ ਅੱਡੇ ‘ਤੇ ਕਬਜ਼ਾ ਕਰਨ ਲਈ ਰੇਤਾ ਬਜਰੀ ਪੁੱਟੀ ਹੋਈ ਹੈ। ਜਿਸ ਦੀ ਜਲਦ ਭਰਪਾਈ ਕਰ ਦਿੱਤੀ ਜਾਵੇਗੀ।