ਸੰਜੀਵ ਗੁਪਤਾ, ਨਵੀਂ ਦਿੱਲੀ : ਜਿਸ ਪਰਾਲੀ ਦੇ ਧੂੰਏਂ ਨਾਲ ਇਕ ਵਾਰ ਫਿਰ ਦਿੱਲੀ ਵਾਸੀਆਂ ਦੇ ਸਾਹ ਫੁੱਲਣ ਲੱਗੇ ਹਨ, ਉਸ ਤੋਂ ਅਗਲੇ ਤਿੰਨ-ਚਾਰ ਸਾਲਾਂ ’ਚ ਪੂਰੀ ਤਰ੍ਹਾਂ ਮੁਕਤੀ ਮਿਲ ਸਕਦੀ ਹੈ। ਕੇਂਦਰ ਸਰਕਾਰ ਦੇ ਯਤਨਾਂ ਨਾਲ ਪਰਾਲੀ ਖੇਤਾਂ ’ਚੋਂ ਚੁੱਕ ਕੇ ਇਸ ਦਾ ਭੰਡਾਰਨ ਕਰਨ ਤੇ ਫਿਰ ਇਸ ਨੂੰ ਬਾਲਣ ਵਜੋਂ ਵਰਤਣ ਦਾ ਪੁਖ਼ਤਾ ਪ੍ਰਬੰਧ ਕੀਤਾ ਜਾ ਰਿਹਾ ਹੈ। ਯੋਜਨਾ ਲਾਗੂ ਕਰਨ ਲਈ ਸਿੱਧਾ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਵੀ ਗੰਭੀਰ ਹੈ ਤੇ ਇਸ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ। ਛੇਤੀ ਹੀ ਇਸ ਦੇ ਹਾਂ-ਪੱਖੀ ਨਤੀਜੇ ਮਿਲਣ ਦੀ ਉਮੀਦ ਵੀ ਨਜ਼ਰ ਆ ਰਹੀ ਹੈ।
ਪਰਾਲੀ ਦੇ ਹੱਲ ਲਈ ਪੰਜਾਬ ’ਚ 200 ਜਦਕਿ ਹਰਿਆਣੇ ’ਚ ਤਕਰੀਬਨ 120 ਕੰਪ੍ਰੈਸਡ ਬਾਇਓ ਗੈਸ ਪਲਾਂਟ ਲਾਏ ਜਾਣੇ ਹਨ। ਇਹ ਪਲਾਂਟ ਆਪਣੇ ਆਸਪਾਸ ਦੇ 10 ਕਿਲੋਮੀਟਰ ਦਾ ਏਰੀਆ ਕਵਰ ਕਰਨਗੇ। ਇੱਥੇ ਉਸ ਏਰੀਏ ਦੀ ਸਾਰੀ ਪਰਾਲੀ ਇਕੱਠੀ ਕਰ ਕੇ ਲਿਆਂਦੀ ਜਾਵੇਗੀ। ਹਰ ਰੋਜ਼ ਤਕਰੀਬਨ 300 ਟਨ ਪਰਾਲੀ ਦੀ ਖਪਤ ਕਰਨ ਦੀ ਯੋਜਨਾ ਹੈ। ਇਸ ਦੇ ਨਾਲ ਏਨੀ ਹੀ ਮਾਤਰਾ ’ਚ ਹੋਰ ਮਟੀਰੀਅਲ ਵੀ ਪ੍ਰੋਸੈਸ ਕੀਤਾ ਜਾਣਾ ਹੈ। ਇਸ ਨਾਲ 200 ਟਨ ਕੋਲਾ ਤੇ 250 ਟਨ ਕੈਟਲ ਫੀਡ ਬਣੇਗੀ। ਪਲਾਂਟ ਦੇ ਕਵਰ ਏਰੀਏ ਦੀ ਸਾਰੀ ਪਰਾਲੀ ਗੱਠਾਂ ’ਚ ਤਬਦੀਲ ਕਰ ਕੇ ਇੱਥੇ ਲਿਆਂਦੀ ਜਾਵੇਗੀ। ਇਨ੍ਹਾਂ ਗੱਠਾਂ ਨਾਲ ਬਾਇਓਗੈਸ ਬਣਾਈ ਜਾਵੇਗੀ। ਕਿਸਾਨਾਂ ਨੂੰ ਇਸ ਪਰਾਲੀ ਬਦਲੇ ਨਕਦ ਰਾਸ਼ੀ ਦਿੱਤੀ ਜਾਵੇਗੀ। ਕਿਸਾਨਾਂ ਨੂੰ ਵੀ ਜਦੋਂ ਸਾੜਨ ਦੀ ਬਜਾਏ ਇਸ ’ਚ ਫ਼ਾਇਦੇ ਨਜ਼ਰ ਆਉਣਗੇ ਤਾਂ ਉਹ ਖ਼ੁਦ ਹੀ ਇਸ ਪ੍ਰਤੀ ਜਾਗਰੂਕ ਹੋਣਗੇ।
ਹਰ ਪੱਧਰ ’ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ
ਬੇਲਰ ਮਸ਼ੀਨ ਨਾਲ ਪਰਾਲੀ ਨੂੰ ਲੱਕੜੀ ਦੀਆਂ ਗੱਠਾਂ ’ਚ ਤਬਦੀਲ ਕਰ ਕੇ ਅਤੇ ਫਿਰ ਇਸ ਨੂੰ ਗੱਠਰ ’ਚ ਬੰਨ੍ਹ ਕੇ ਇਸ ਦਾ ਭੰਡਾਰਨ ਕਰਨ ਅਤੇ ਇਸ ਨੂੰ ਪਲਾਂਟ ਤੱਕ ਲਿਜਾਣ ਦਾ ਕਾਰਗਰ ਪ੍ਰਬੰਧ ਨਹੀਂ ਬਣ ਸਕਿਆ ਪਰ ਇਸ ਦਿਸ਼ਾ ’ਚ ਹਾਲ ਹੀ ’ਚ ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ’ਚ ਕੇਂਦਰ ਸਰਕਾਰ ਦੇ ਨਾਲ-ਨਾਲ ਪੀਐੱਮਓ ਦੇ ਵੀ ਕੁਝ ਅਧਿਕਾਰੀਆਂ ਨੇ ਬੈਠਕ ਲਈ ਹੈ। ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਤੇ ਕੰਪ੍ਰੈਸਡ ਬਾਇਓਗੈਸ ਪਲਾਂਟ ਸਥਾਪਤ ਕਰਨ ਦੀ ਪ੍ਰਕਿਰਿਆ ਨੂੰ ਰਫ਼ਤਾਰ ਦੇਣ ਲਈ ਹਰ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਲਾਏ ਜਾਣਗੇ ਕੰਪ੍ਰੈਸਡ ਬਾਇਓਗੈਸ ਪਲਾਂਟ
ਕੇਂਦਰ ਸਰਕਾਰ ਅਤੇ ਪੀਐੱਮਓ ਦੇ ਅਧਿਕਾਰੀ ਦੱਸਦੇ ਹਨ ਕਿ ਅਗਲੇ ਦੋ-ਤਿੰਨ ਸਾਲਾਂ ’ਚ ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ’ਚ ਕੰਪ੍ਰੈਸਡ ਬਾਇਓਗੈਸ ਪਲਾਂਟ ਲਾ ਦਿੱਤੇ ਜਾਣਗੇ। ਬੇਲਰ ਮਸ਼ੀਨਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਇਸ ਤੋਂ ਬਾਅਦ ਉਮੀਦ ਹੈ ਕਿ ਅਗਲੇ ਇਕ-ਦੋ ਸਾਲਾਂ ’ਚ ਸਾਰੀ ਪਰਾਲੀ ਸੜਨ ਦੀ ਬਜਾਏ ਇਨ੍ਹਾਂ ਪਲਾਂਟਾਂ ’ਚ ਆਉਣ ਲੱਗੇਗੀ। ਇੱਥੇ ਪੈਦਾ ਬਾਇਓਗੈਸ ਤੇ ਕੋਲਾ ਮੌਜੂਦਾ ਕੋਲੇ ਤੋਂ ਵੀ ਸਸਤਾ ਪਵੇਗਾ। ਕੰਪੈ੍ਰਸਡ ਬਾਇਓਗੈਸ ਪਲਾਂਟ ਲਾਉਣ ਦੇ ਨਾਲ-ਨਾਲ ਪਰਾਲੀ ਖਪਾਉਣ ਲਈ ਸਾਰੇ ਥਰਮਲ ਪਾਵਰ ਪਲਾਂਟਾਂ ’ਚ ਵੀ ਪੰਜ ਤੋਂ ਦਸ ਫ਼ੀਸਦੀ ਤੱਕ ਇਨ੍ਹਾਂ ਦੀ ਲਾਜ਼ਮੀ ਵਰਤੋਂ ਕਰਨ ਦਾ ਹੁਕਮ ਵੀ ਛੇਤੀ ਹੀ ਜਾਰੀ ਕਰ ਦਿੱਤਾ ਜਾਵੇਗਾ।
ਪੰਜਾਬ ਦਾ ਪੁਰਾਣਾ ਅਨੁਭਵ
2018 ’ਚ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਰਜਾ ’ਚ ਇਸ ਦੀ ਸ਼ੁਰੂਆਤ ਹੋਈ ਸੀ। ਸੂਬੇ ਦੇ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨੀਂਹ ਪੱਥਰ ਰੱਖਿਆ ਸੀ ਪਰ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ। ਇਸ ਪਲਾਂਟ ’ਚ ਪਰਾਲੀ ਨਾਲ ਸਲਫਰ ਮੁਕਤ ਕੋਲਾ ਤੇ ਕੈਟਲ ਫੀਡ ਬਣਾਈ ਜਾਣੀ ਸੀ। ਬਾਇਓਗੈਸ ਪਲਾਂਟ ਚਲਾਉਣ ਲਈ ਪੰਜਾਬ ਸਰਕਾਰ ਨੇ ਚੇਨਈ ਦੀ ਨੈਵੇ ਰਿਨਿਊਏਬਲ ਐਨਰਜੀ ਪ੍ਰਾਈਵੇਟ ਲਿਮਟਿਡ ਨਾਲ ਟਾਈਅਪ ਕੀਤਾ ਸੀ। ਕੰਪਨੀ ਨੇ ਪੂਰੇ ਸੂਬੇ ਨਾਲ ਪਲਾਂਟ ਲਈ 10 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰਨਾ ਸੀ। ਨੀਂਹ ਪੱਥਰ ਰੱਖਣ ਤੋਂ ਬਾਅਦ ਪੰਜਾਬ ਸਰਕਾਰ ਦੀ ਦਿਲਚਸਪੀ ਨਾ ਹੋਣ ਕਾਰਨ ਇਹ ਪ੍ਰਾਜੈਕਟ ਫੇਲ੍ਹ ਰਿਹਾ।


