ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਭਾਰਤ ’ਚ ਯੁੱਗਾਂ ਤੋਂ ਮਨਾਇਆ ਜਾ ਰਿਹਾ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਹੁਣ ਦੋ ਦਹਾਕਿਆਂ ਤੋਂ ਵਿਗਿਆਨਕ ਸਮੇਂ ਦੇ ਪ੍ਰਭਾਵ ਹੇਠ ਆ ਕੇ ਜਿੱਥੇ ਨਵੀਆਂ ਰਾਹਾਂ ’ਤੇ ਚੱਲਣਾ ਸ਼ੁਰੂ ਹੋ ਗਿਆ ਹੈ, ਉੱਥੇ ਇਸ ਤਿਉਹਾਰ ਨਾਲ ਸਬੰਧਤ ਕੁਝ ਕਿੱਤੇਕਾਰਾਂ ਵਾਲੇ ਵਿਅਕਤੀਆਂ ਨੂੰ ਮੰਦੇ ਦੀ ਮਾਰ ਝੱਲਣੀ ਪੈ ਰਹੀ ਹੈ। ਦੀਵਾਲੀ ਦਾ ਸਿੱਧਾ ਅਰਥ ‘ਦੀਵਿਆਂ ਵਾਲੀ’ ਬਣਦਾ ਹੈ। ਇਸ ਦਿਨ ਲੋਕ ਆਪੋ-ਆਪਣੇ ਘਰਾਂ ਤੇ ਸਾਂਝੀਆਂ ਥਾਵਾਂ ’ਤੇ ਮਿੱਟੀ ਦੇ ਦੀਵਿਆਂ ’ਚ ਤੇਲ ਪਾ ਕੇ ਬਾਲਦੇ ਸਨ ਤੇ ਦੀਵਾਲੀ ਦੀ ਰਾਤ ਜਗਦੇ ਦੀਵੇ ਚਾਰ-ਚੁਫ਼ੇਰੇ ਜਗਮਗ-ਜਮਮਗ ਕਰਦੇ ਕਿਸੇ ਅਗੰਮੀ ਕੁਦਰਤੀ ਕਰਾਮਾਤ ਦੇ ਵਰਤਾਰੇ ਦਾ ਝਲਕਾਰਾ ਪਾਉਂਦੇ ਸਨ ਪਰ ਹੁਣ ਲੋਕ ਇਹ ਦੀਵਿਆਂ ਨੂੰ ਛੱਡ ਇਲੈਕਟ੍ਰੋਨਿਕ ਨਾਲ ਸਬੰਧਤ ਲਾਈਟਾਂ ਲਗਾ ਕੇ ਆਪਣੀ ਦੀਵਾਲੀ ਮਨਾਉਂਦੇ ਹਨ। ਜਿੱਥੇ ਹੁਣ ਇਲੈਕਟ੍ਰੋਨਿਕ ਸਾਮਾਨ ਵੇਚਣ ਵਾਲਿਆਂ ਦੀ ਇਨ੍ਹਾਂ ਦਿਨਾਂ ’ਚ ਚਾਂਦੀ ਬਣੀ ਹੋਈ ਹੈ, ਉੱਥੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਪਰਜਾਪਤ ਭਾਈਚਾਰੇ ਦੇ ਲੋਕਾਂ ਦਾ ਕਿੱਤਾ ਠੱਪ ਹੋ ਕੇ ਰਹਿ ਗਿਆ ਹੈ। ਦੀਵੇ ਬਣਾਉਣ ਵਾਲਾ ਘੁਮਿਆਰ ਭਾਈਚਾਰਾ ਇਨ੍ਹਾਂ ਖੇੜਿਆਂ ਭਰੇ ਤਿਉਹਾਰਾਂ ਦੇ ਦਿਨਾਂ ’ਚ ਉਦਾਸ ਨਜ਼ਰ ਆ ਰਿਹਾ ਹੈ। ਕੋਈ ਸਮਾਂ ਸੀ ਜਦੋਂ ਦੀਵਾਲੀ ਦੇ ਦਿਨ ਤੋਂ ਕਈ-ਕਈ ਦਿਨ ਪਹਿਲਾਂ ਹੀ ਇਨ੍ਹਾਂ ਦੇ ਘਰਾਂ ’ਚ ਦੀਵੇ, ਕੁੱਜੇ, ਚੁਮੁਖੀਏ ਦੀਵੇ ਤੇ ਹੋਰ ਮਿੱਟੀ ਦੇ ਬਰਤਨ ਲਿਜਾਣ ਵਾਲਿਆਂ ਦੀ ਹੋੜ ਲੱਗੀ ਰਹਿੰਦੀ ਸੀ ਪਰ ਵਿਗਿਆਨਕ ਯੁੱਗ ’ਚ ਬਿਜਲਈ ਉਪਕਰਨਾਂ ਦੇ ਆਉਣ ਨਾਲ ਇਨ੍ਹਾਂ ਦਾ ਜੱਦੀ ਪੇਸ਼ਾ ਰੁਜ਼ਗਾਰ ਠੁੱਸ ਹੋ ਕੇ ਰਹਿ ਗਿਆ ਹੈ।
ਭਾਰਤ ’ਚ ਜਿੱਥੇ ਹਿੰਦੂਆਂ ਵੱਲੋਂ ਦੀਵਾਲੀ ਤੇ ਸਿੱਖਾਂ ਵੱਲੋਂ ਬੰਦੀ ਛੋੜ ਦਿਵਸ ਦੇ ਨਾਂ ਨਾਲ ਇਹ ਦਿਨ ਦੀਵੇ ਬਾਲ ਕੇ ਮਨਾਇਆ ਜਾਂਦਾ ਹੈ, ਉੱਥੇ ਮੁਸਲਮਾਨ ਪੀਰਾਂ-ਫਕੀਰਾਂ ਦੀਆਂ ਮਜ਼ਾਰਾਂ ’ਤੇ ਵੀ ਦਿਨ-ਦਿਹਾੜਿਆਂ ’ਤੇ ਮਿੱਟੀ ਦੇ ਦੀਵੇ ਅਜੇ ਤੱਕ ਵੀ ਜਲਾਏ ਜਾਂਦੇ ਹਨ ਪਰ ਬਿਜਲਈ ਉਪਕਰਨਾਂ ਦੀ ਚਕਾਚੌਂਧ ’ਚ ਵਿਚਾਰੇ ਮਿੱਟੀ ਦੇ ਦੀਵਿਆਂ ਦੀ ਹੁਣ ਕੋਈ ਬਹੁਤੀ ਪੁੱਛ-ਪ੍ਰਤੀਤ ਨਹੀਂ ਰਹੀ।
ਇਤਿਹਾਸਿਕ ਸ਼ਹਿਰ ਮਾਛੀਵਾੜਾ ਸਾਹਿਬ ਵਿਖੇ ਲੰਮੇ ਸਮੇਂ ਤੋਂ ਆਪਣਾ ਜੱਦੀ ਪੇਸ਼ਾ ਕੰਮ ਕਰਨ ਵਾਲੇ ਪਰਜਾਪਤ ਮਹਿੰਦਰ ਸਿੰਘ ਨੇ ਦੱਸਿਆ ਕਿ ਸਮੇਂ ਦੇ ਦੌਰ ਕਾਰਨ ਹੁਣ ਕਿਸੇ ਵੀ ਕਿੱਤੇ ਦੇ ਲੋਕ ਆਪਣੇ ਜੱਦੀ ਪੇਸ਼ਾ ਕਿੱਤਿਆਂ ਨਾਲ ਨਹੀਂ ਜੁੜ ਕੇ ਰਹਿ ਰਹੇ ਸਗੋਂ ਇਕ-ਦੂਜੇ ਦੇ ਕਿੱਤਿਆਂ ’ਚ ਦਖ਼ਲ-ਅੰਦਾਜ਼ੀ ਕਰ ਕੇ ਵਰਣ ਵੰਡ ਦਾ ਭੋਗ ਪਾ ਦਿੱਤਾ ਹੈ। ਅੱਜ ਛੀਂਬਿਆਂ ਵਾਲਾ ਦਰਜੀ ਦਾ ਕਿੱਤਾ ਕੋਈ ਹੋਰ ਭਾਈਚਾਰੇ ਦੇ ਨੌਜਵਾਨ ਕਰ ਰਹੇ ਹਨ। ਨਾਈਆਂ ਵਾਲਾ ਕਿੱਤਾ ਵੀ ਹੋਰ ਜਾਤਾਂ ਨਾਲ ਸਬੰਧ ਰੱਖਣ ਵਾਲੇ ਨੌਜਵਾਨਾਂ ਨੇ ਅਪਣਾ ਲਿਆ ਹੈ। ਬਹੁਤ ਸਾਰੇ ਜੁਲਾਹੇ ਕਿੱਤੇ ਨਾਲ ਸਬੰਧਤ ਨੌਜਵਾਨ ਖੇਤੀਬਾੜੀ ਕਰ ਕੇ ਜ਼ਿਮੀਦਾਰ ਕਹਾਉਣ ਲੱਗ ਪਏ ਹਨ ਪਰ ਘੁਮਿਆਰ ਭਾਈਚਾਰੇ ਦਾ ਕਿੱਤਾ ਅਜੇ ਤੱਕ ਹੋਰ ਕਿਸੇ ਵੀ ਜਾਤੀ ਦੇ ਬੰਦੇ ਨੇ ਨਹੀਂ ਅਪਣਾਇਆ। ਉਨ੍ਹਾਂ ਕਿਹਾ ਕਿ ਭਾਂਡੇ ਬਣਾਉਣਾ ਬਹੁਤ ਹੀ ਧਿਆਨ ਯੋਗ ਤੇ ਤਕਨੀਕ ਨਾਲ ਕਰਨ ਵਾਲਾ ਕੰਮ ਹੈ। ਇਸ ਕੰਮ ਬਾਰੇ ਦੱਸਦਿਆਂ ਉਸ ਨੇ ਦੱਸਿਆ ਕਿ ਭਾਂਡੇ ਬਣਾਉਣ ਲਈ ਵਧੀਆ ਚੀਕਣੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਮਿੱਟੀ ਕਿਤੋਂ-ਕਿਤੋਂ ਹੀ ਮਿਲਦੀ ਹੈ ਜਿਸ ਨੂੰ ਕੁੱਟ ਕੇ ਘਰੇ ਲਿਆ ਕੇ ਸੁਕਾਇਆ ਜਾਂਦਾ ਹੈ ਤੇ ਫਿਰ ਕੱਪੜ-ਛਾਣ ਕਰ ਕੇ ਇਸ ਨੂੰ ਕਈ ਵਾਰ ਆਟੇ ਵਾਂਗ ਗੁੰਨਿਆ ਜਾਂਦਾ ਹੈ। ਫਿਰ ਇਸ ਨੂੰ ਚੱਕ ’ਤੇ ਰੱਖ ਕੇ ਵੱਖ-ਵੱਖ ਤਰ੍ਹਾਂ ਦੇ ਦੀਵੇ ਜਾਂ ਭਾਂਡੇ ਆਦਿ ਘੜੇ ਜਾਂਦੇ ਹਨ। ਫਿਰ ਇਨ੍ਹਾਂ ਨੂੰ ਕਈ ਦਿਨ ਮੀਂਹ-ਕਣੀ ਤੋਂ ਬਚਾਅ ਕੇ ਧੁੱਪੇ ਸੁਕਾਇਆ ਜਾਂਦਾ ਹੈ। ਇਸ ਤੋਂ ਬਾਅਦ ਸਾਰੇ ਛੋਟੇ-ਵੱਡੇ ਭਾਂਡਿਆਂ ਨੂੰ ਇਕ ਵੱਡੇ ਟੋਏ ’ਚ ਤਰਤੀਬ ਨਾਲ ਰੱਖ ਕੇ ਇਨ੍ਹਾਂ ਨੂੰ ਇੱਟਾਂ ਦੇ ਭੱਠਿਆਂ ਵਾਂਗ ਅੱਗ ਨਾਲ ਪਕਾਇਆ ਜਾਂਦਾ ਹੈ। ਜਿਵੇਂ ਇੱਟਾਂ ਪਕਾਉਣ ਵਾਲੇ ਵੱਡੇ ਭੱਠੇ ਹੁੰਦੇ ਹਨ, ਇਸੇ ਤਰ੍ਹਾਂ ਹੀ ਇਹ ਛੋਟੀਆਂ ਭੱਠੀਆਂ ਨੂੰ ਆਵੇ ਕਿਹਾ ਜਾਂਦਾ ਹੈ। ਕਈ ਤਰ੍ਹਾਂ ਦੀ ਅਗਨ ਪ੍ਰੀਖਿਆ ਤੋਂ ਬਾਅਦ ਭਾਂਡਿਆਂ ਨੂੰ ਠੰਢਾ ਕਰ ਕੇ ਬਾਹਰ ਕੱਢਿਆ ਜਾਂਦਾ ਹੈ। ਇਸ ਤੋਂ ਬਾਅਦ ਇਨ੍ਹਾਂ ਦੀ ਸਾਫ-ਸਫਾਈ ਕਰ ਕੇ ਵੇਚਣ ਲਈ ਲੈ ਕੇ ਜਾਣਾ ਪੈਂਦਾ ਹੈ।
ਮਹਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਸਮੇਂ ਇਨ੍ਹਾਂ ਦਿਨਾਂ ’ਚ ਦੀਵੇ ਵੇਚ ਕੇ ਸਾਡਾ ਘਰ ਦਾਣਿਆਂ ਨਾਲ ਭਰ ਜਾਂਦਾ ਸੀ ਕਿਉਂਕਿ ਪਹਿਲਾਂ ਪਹਿਲ ਲੋਕ ਭਾਂਡਿਆਂ ਵੱਟੇ ਪੈਸਿਆਂ ਦੀ ਥਾਂ ’ਤੇ ਦਾਣੇ ਹੀ ਦਿੰਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ, ਇਸ ਵਾਰ ਕਰਵਾ ਚੌਥ ਲਈ ਵਧੀਆ ਰੰਗ ਕਰ ਕੇ ਕੁੱਜੇ ਵੀ ਤਿਆਰ ਕੀਤੇ ਸਨ ਪਰ ਉਨ੍ਹਾਂ ਦੀ ਵਿਕਰੀ ਵੀ ਆਸ ਨਾਲੋਂ ਕਿਤੇ ਘੱਟ ਹੋਈ ਹੈ। ਦੀਵਾਲੀ ’ਤੇ ਲੋਕ ਦੀਵੇ ਬਾਲਣ ਦੀ ਵੀ ਖਾਨਾਪੂਰਤੀ ਹੀ ਕਰਦੇ ਹਨ ਜਾਂ ਫਿਰ ਤਿਉਹਾਰ ਦੇ ਦਿਨ ਸ਼ਗਨ ਵਜੋਂ ਪੰਜ, ਸੱਤ ਜਾਂ ਗਿਆਰਾਂ ਦੀਵੇ ਤੇਲ ਦੇ ਬਾਲ ਕੇ ਬਾਕੀ ਮੋਮਬੱਤੀਆਂ ਤੇ ਹੋਰ ਬਿਜਲੀ ਨਾਲ ਚੱਲਣ ਵਾਲੀਆਂ ਲਾਈਟਾਂ ਲਗਾ ਕੇ ਲੋਕ ਆਪਣੇ ਘਰਾਂ ਨੂੰ ਰੁਸ਼ਨਾਉਂਦੇ ਹਨ। ਹੁਣ ਸਾਨੂੰ ਕੋਈ ਨਹੀਂ ਪੁੱਛਦਾ, ਜਿਸ ਤਰ੍ਹਾਂ ਹੋਰ ਭਾਈਚਾਰੇ ਦੇ ਲੋਕਾਂ ਦੀ ਨਵੀਂ ਪੀੜ੍ਹੀ ਹੋਰ ਕਿੱਤਿਆਂ ਨੂੰ ਅਪਣਾ ਰਹੀ ਹੈ ਜਾਂ ਫਿਰ ਪੜ੍ਹ-ਲਿਖ ਕੇ ਸਰਕਾਰੀ ਨੌਕਰੀਆਂ ਕਰ ਰਹੀ ਹੈ ਤੇ ਫਿਰ ਜਾਂ ਵਿਦੇਸ਼ਾਂ ਵੱਲ ਨੂੰ ਦੌੜ ਰਹੀ ਹੈ, ਉਸ ਤਰ੍ਹਾਂ ਹੀ ਸਾਡੇ ਭਾਈਚਾਰੇ ਦੇ ਲੋਕ ਵੀ ਇਸ ਦੌੜ ’ਚ ਸ਼ਾਮਲ ਹਨ। ਉਸ ਨੇ ਕਿਹਾ ਕਿ ਜਿਵੇਂ ਕਿਸੇ ਬੀਜ ਦਾ ਨਾਸ਼ ਨਹੀਂ ਹੁੰਦਾ, ਉਸ ਤਰ੍ਹਾਂ ਹੀ ਇਹ ਕਿੱਤਾ ਵੀ ਕਿਸੇ ਨਾ ਕਿਸੇ ਰੂਪ ’ਚ ਆਪਣੀ ਹੋਂਦ ਦਾ ਪ੍ਰਗਟਾਵਾ ਕਰਦਾ ਰਹੇਗਾ ਪਰ ਤਿਉਹਾਰਾਂ ਦੇ ਦਿਨਾਂ ’ਚ ਖ਼ੁਦ ਉਦਾਸ ਨੇ ਮਿੱਟੀ ਦੇ ਦੀਵੇ। ਮਹਿੰਦਰ ਸਿੰਘ ਨੇ ਦੱਸਿਆ ਕਿ ਹੁਣ ਉਸ ਨੇ ਹੱਥੀਂ ਕੰਮ ਕਰਨਾ ਬਹੁਤ ਘੱਟ ਕਰ ਦਿੱਤਾ ਹੈ। ਉਹ ਹੁਣ ਮਿੱਟੀ ਨਾਲ ਬਣੀਆਂ ਰੈਡੀਮੇਡ ਵਸਤਾਂ ਜਿਨ੍ਹਾਂ ’ਚ ਦੀਵੇ, ਕੁੱਜੇ, ਝੱਕਰੀਆਂ, ਤਵੇ, ਤਾਉੜੀਆਂ, ਗੱਲ੍ਹੇ, ਛਾਬੇ, ਕੌਲੀਆਂ, ਗਲਾਸ, ਬੋਤਲਾਂ, ਧਨ ਕੁਬੇਰ, ਅੰਗੀਠੀਆਂ ਤੇ ਹੋਰ ਕਈ ਤਰ੍ਹਾਂ ਦੀਆਂ ਰੰਗਦਾਰ ਚੀਜ਼ਾਂ ਰਾਜਸਥਾਨ, ਮੋਗਾ, ਬਨੂੜ, ਜ਼ੀਰਕਪੁਰ, ਅੰਬਾਲਾ ਆਦਿ ਸ਼ਹਿਰਾਂ ਤੋਂ ਲਿਆ ਕੇ ਵੇਚਦੇ ਹਨ। ਉਸ ਨੇ ਦੱਸਿਆ ਕਿ ਉਸ ਨਾਲ ਉਸ ਦਾ ਪੁੱਤਰ ਬੌਬੀ ਤੇ ਪੋਤਾ ਰਾਹੁਲ ਵੀ ਉਸ ਨਾਲ ਹੱਥ ਵਟਾਉਂਦੇ ਹਨ। ਉਸ ਨੇ ਦੱਸਿਆ ਕਿ ਅੱਜ ਵੀ ਮਿੱਟੀ ਦੇ ਬਰਤਨਾਂ ’ਚ ਬਣੀਆਂ ਦਾਲਾਂ, ਸਬਜ਼ੀਆਂ ਦੂਸਰੇ ਧਾਤਾਂ ਦੇ ਭਾਂਡਿਆਂ ਨਾਲੋਂ ਵੱਧ ਗੁਣਕਾਰੀ ਸਾਬਤ ਹੁੰਦੀਆਂ ਹਨ। ਇਸ ਤਰ੍ਹਾਂ ਮਿੱਟੀ ਦੇ ਤਵੇ ’ਤੇ ਬਣੀਆਂ ਰੋਟੀਆਂ ਵੀ ਸਰੀਰ ਲਈ ਲਾਭਦਾਇਕ ਸਿੱਧ ਹੁੰਦੀਆਂ ਹਨ। ਇਸ ਤੋਂ ਇਲਾਵਾ ਜਦੋਂ ਦੀਵਾਲੀ ਨੂੰ ਮਿੱਟੀ ਦੇ ਦੀਵਿਆਂ ’ਚ ਸਰ੍ਹੋਂ ਦਾ ਤੇਲ ਪਾ ਕੇ ਜਗਾਇਆ ਜਾਂਦਾ ਸੀ ਤਾਂ ਮੌਸਮ ਦੇ ਬਦਲਾਅ ਅਨੁਸਾਰ ਜ਼ਹਿਰੀਲੇ ਕੀੜੇ, ਮਕੌੜੇ ਦੀਵਿਆਂ ਦੀ ਲਪੇਟ ’ਚ ਆ ਕੇ ਮਰ ਜਾਂਦੇ ਸਨ ਤੇ ਵਾਤਾਵਰਨ ਵੀ ਸ਼ੁੱਧ ਹੁੰਦਾ ਸੀ। ਇਸ ਤੋਂ ਇਲਾਵਾ ਮਿੱਟੀ ਦੀਆਂ ਬੋਤਲਾਂ ’ਚ ਰੱਖਿਆ ਪਾਣੀ ਠੰਢਾ ਰਹਿੰਦਾ ਹੈ ਜਦਕਿ ਮਿੱਟੀ ਦੇ ਬਰਤਨਾਂ ’ਚ ਖਾਇਆ ਜਾਣ ਵਾਲਾ ਖਾਣਾ ਵੀ ਸਰੀਰ ਲਈ ਲਾਹੇਵੰਦ ਸਾਬਤ ਹੁੰਦਾ ਹੈ ਪਰ ਅਸੀਂ ਮਾਡਰਨ ਜ਼ਮਾਨੇ ਦੇ ਪਿੱਛੇ ਲੱਗ ਆਪਣੀ ਸਿਹਤ ਨੂੰ ਖ਼ਰਾਬ ਕਰਨ ਲਈ ਖ਼ੁਦ ਜ਼ਿੰਮੇਵਾਰ ਹਾਂ।


