ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਸਮੇਂ ਦੇ ਨਾਲ-ਨਾਲ ਜਿੱਥੇ ਸਾਡੇ ਸਮਾਜ ‘ਚ ਨਵੀਂ ਤਬਦੀਲੀ ਆਉਂਦੀ ਜਾ ਰਹੀ ਹੈ ਉੱਥੇ ਠੱਗਾਂ ਵਲੋਂ ਠੱਗੀ ਮਾਰਨ ਲਈ ਹੁਣ ਨਵਾਂ ਪੈਂਤਰਾ ਵਰਤਿਆ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਇਨ੍ਹਾਂ ਠੱਗਾਂ ਨੇ ਪੁਲਿਸ ਦਾ ਡੀਐੱਸਪੀ ਬਣ ਕੇ ਇੱਕ ਦੁਕਾਨਦਾਰ ਤੋਂ 50 ਹਜ਼ਾਰ ਰੁਪਏ ਠੱਗ ਲਏ।

ਜਾਣਕਾਰੀ ਮੁਤਾਬਕ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੜਿਆਣਾ ਕਲਾਂ ਦੇ ਦੁਕਾਨਦਾਰ ਨਾਲ ਵਾਪਰਿਆ, ਜਿਸ ਨੂੰ ਕਿ ਇਕ ਵਿਅਕਤੀ ਨੇ ਪੁਲਿਸ ਦਾ ਡੀਐੱਸਪੀ ਬਣ ਕੇ 50 ਹਜ਼ਾਰ ਰੁਪਏ ਠੱਗ ਲਏ। ਕੜਿਆਣਾ ਕਲਾਂ ਵਿਖੇ ਕਰਿਆਨੇ ਦੀ ਦੁਕਾਨ ਕਰਦੇ ਗਰੀਬ ਦਾਸ ਨੇ ਸਾਈਬਰ ਕਰਾਈਮ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਦੁਕਾਨ ‘ਚ ਕੰਮ ਕਰ ਰਿਹਾ ਸੀ ਕਿ ਉਸ ਨੂੰ ਇੱਕ ਫੋਨ ਆਇਆ ਜਿਸ ਨੇ ਕਿਹਾ ਕਿ ਉਹ ਡੀਐੱਸਪੀ ਬੋਲ ਰਿਹਾ ਹੈ ਤੇ ਉਸ ਦਾ ਲੜਕਾ ਹਰਚਰਨ ਸਿੰਘ ਜਿਸ ਨੇ ਇੱਕ ਅਪਰਾਧਿਕ ਵਿਅਕਤੀ ਨੂੰ ਲਿਫਟ ਦਿੱਤੀ ਹੈ ਜਿਸ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਡੀਐੱਸਪੀ ਨੇ ਕਿਹਾ ਕਿ ਜੇਕਰ ਉਸ ਨੂੰ ਛੁਡਵਾਉਣਾ ਹੈ ਤਾਂ ਡੇਢ ਲੱਖ ਰੁਪਏ ਲੱਗਣਗੇ, ਇਨ੍ਹਾਂ ਠੱਗਾਂ ਨੇ ਨਾਲ ਹੀ ਫੋਨ ‘ਤੇ ਰੌਂਦੇ ਵਿਅਕਤੀ ਦੀ ਅਵਾਜ਼ ਸੁਣਾਈ ਤੇ ਕਿਹਾ ਕਿ ਉਸ ਦਾ ਲੜਕਾ ਰੋ ਰਿਹਾ ਹੈ ਤੇ ਜੇਕਰ ਇਸ ਨੂੰ ਛੁਡਵਾਉਣਾ ਹੈ ਤਾਂ ਪੈਸੇ ਦਾ ਇੰਤਜ਼ਾਮ ਕਰੇ। ਗਰੀਬ ਦਾਸ ਨੇ ਦੱਸਿਆ ਕਿ ਉਹ ਪੈਸੇ ਇਕੱਠੇ ਕਰਨ ਲੱਗ ਪਿਆ ਹੈ ਤੇ ਉਸ ਨੇ ਠੱਗਾਂ ਵਲੋਂ ਦੱਸੇ ਨੰਬਰ ‘ਤੇ 50 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਫਿਰ ਇਨ੍ਹਾਂ ਠੱਗਾਂ ਨੇ ਫੋਨ ਕਰਕੇ ਕਿਹਾ ਕਿ ਪੈਸੇ ਘੱਟ ਹਨ, ਹੋਰ ਪੈਸੇ ਟਰਾਂਸਫ਼ਰ ਕਰ। ਜਦੋਂ ਉਸ ਨੇ ਇਹ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਤਾਂ ਉਨ੍ਹਾਂ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਹਰਚਰਨ ਸਿੰਘ ਨੂੰ ਫੋਨ ਲਗਾਇਆ ਤੇ ਉਸ ਨੇ ਫੋਨ ਚੁੱਕ ਕੇ ਕਿਹਾ ਕਿ ਉਹ ਫੈਕਟਰੀ ‘ਚ ਕੰਮ ਕਰ ਰਿਹਾ ਹੈ, ਉਸ ਨੂੰ ਕਿਸੇ ਪੁਲਿਸ ਨੇ ਗਿ੍ਫ਼ਤਾਰ ਨਹੀਂ ਕੀਤਾ। ਇਸ ਤਰ੍ਹਾਂ ਠੱਗਾਂ ਵੱਲੋਂ ਇਹ ਨਵਾਂ ਪੈਂਤਰਾ ਵਰਤ ਕੇ ਉਨ੍ਹਾਂ ਦੇ 50 ਹਜ਼ਾਰ ਰੁਪਏ ਠੱਗ ਲਏ ਹਨ।

ਉਸ ਨੇ ਫ਼ਰਿਆਦ ਕੀਤੀ ਕਿ ਉਸ ਨਾਲ ਠੱਗੀ ਮਾਰਨ ਵਾਲੇ ਠੱਗਾਂ ਦੀ ਜਲਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇ ਤੇ ਉਸ ਦੇ ਪੈਸੇ ਵਾਪਸ ਕਰਵਾਏ ਜਾਣ।