ਜੇਐੱਨਐੱਨ, ਨਵੀਂ ਦਿੱਲੀ : ਟਰਾਂਸਪੋਰਟ ਸੈਕਟਰ ਦੀਆਂ ਵੱਖ-ਵੱਖ ਜਥੇਬੰਦੀਆਂ 1 ਨਵੰਬਰ ਤੋਂ ਦਿੱਲੀ ‘ਚ ਬੀ.ਐੱਸ.-4 ਕਲਾਸ ਦੀਆਂ ਬੱਸਾਂ ਦੇ ਦਾਖਲੇ ‘ਤੇ ਪਾਬੰਦੀ ਦੇ ਵਿਰੋਧ ‘ਚ ਉਤਰ ਆਈਆਂ ਹਨ। ਇਨ੍ਹਾਂ ਸੰਗਠਨਾਂ ਨੇ ਇਸ ਸਬੰਧ ਵਿਚ ਟਰਾਂਸਪੋਰਟ ਵਿਭਾਗ ਦੇ ਹੁਕਮਾਂ ਨੂੰ ਤੁਗਲਕੀ ਫ਼ਰਮਾਨ ਦੱਸਿਆ ਹੈ।ਇਸ ਦੇ ਨਾਲ ਹੀ ਉਨ੍ਹਾਂ ਹੁਕਮਾਂ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਦਿੱਲੀ ਕੰਟਰੈਕਟ ਬੱਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰੀਸ਼ ਸੱਭਰਵਾਲ ਨੇ ਕਿਹਾ ਹੈ ਕਿ ਟੂਰਿਸਟ ਬੱਸਾਂ ਐਨਸੀਆਰ ਪਰਮਿਟ ਦੇ ਅਧੀਨ ਨਹੀਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨਾਲ ਗੱਲ ਕੀਤੀ ਹੈ।
ਇਸ ਮਾਮਲੇ ਨੂੰ ਲੈ ਕੇ ਉਹ ਅੱਜ ਟਰਾਂਸਪੋਰਟ ਕਮਿਸ਼ਨਰ ਆਸ਼ੀਸ਼ ਕੁੰਦਰਾ ਨੂੰ ਮਿਲਣਗੇ, ਇਸ ਦੇ ਲਈ ਉਨ੍ਹਾਂ ਤੋਂ ਸਮਾਂ ਲਿਆ ਹੈ।ਉਨ੍ਹਾਂ ਕਿਹਾ ਕਿ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਹੁਕਮਾਂ ਵਿੱਚ ਕਿਤੇ ਵੀ ਟੂਰਿਸਟ ਬੱਸਾਂ ਦਾ ਜ਼ਿਕਰ ਨਹੀਂ ਹੈ। ਪਰ ਟਰਾਂਸਪੋਰਟ ਵਿਭਾਗ ਸਥਿਤੀ ਸਪੱਸ਼ਟ ਨਹੀਂ ਕਰ ਰਿਹਾ।
ਦੂਜੇ ਪਾਸੇ ਐਸਟੀਏ ਸੰਚਾਲਕ ਏਕਤਾ ਮੰਚ ਦੇ ਜਨਰਲ ਸਕੱਤਰ ਸ਼ਿਆਮਲ ਗੇਲਾ ਨੇ ਵੀ ਆਲ ਇੰਡੀਆ ਟੂਰਿਸਟ ਪਰਮਿਟ ਵਾਲੀਆਂ ਬੱਸਾਂ ਨੂੰ ਨਾ ਚੱਲਣ ਦੇਣ ’ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਬੱਸਾਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਜਾਵੇ, ਅਜਿਹਾ ਨਾ ਕਰਨ ਨਾਲ ਬੱਸ ਮਾਲਕਾਂ ਲਈ ਵੱਡੀ ਆਰਥਿਕ ਸਮੱਸਿਆ ਪੈਦਾ ਹੋ ਜਾਵੇਗੀ।
ਐਸੋਸੀਏਸ਼ਨ ਨੇ ਦੱਸਿਆ ਤੁਗਲਕੀ ਦਾ ਫ਼ਰਮਾਨ
ਦੂਜੇ ਪਾਸੇ ਦਿੱਲੀ ਟੈਕਸੀ ਐਂਡ ਟੂਰਿਸਟ ਟਰਾਂਸਪੋਰਟਰਜ਼ ਐਸੋਸੀਏਸ਼ਨ ਨੇ ਕਿਹਾ ਹੈ ਕਿ ਦਿੱਲੀ ਸਰਕਾਰ, ਦਿੱਲੀ ਟਰਾਂਸਪੋਰਟ ਵਿਭਾਗ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਪ੍ਰਦੂਸ਼ਣ ਦੇ ਨਾਂ ‘ਤੇ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ ਬੀ.ਐੱਸ.-4 ਡੀਜ਼ਲ ਬੱਸਾਂ ਨੂੰ 1 ਨਵੰਬਰ ਤੋਂ ਦਿੱਲੀ ‘ਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨੂੰ ਰੋਕਣ ਦਾ ਤੁਗਲਕੀ ਹੁਕਮ ਜਾਰੀ ਕੀਤਾ ਗਿਆ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਸਮਰਾਟ ਨੇ ਕਿਹਾ ਹੈ ਕਿ ਸਾਡੀਆਂ ਬੀਐਸ-4 ਡੀਜ਼ਲ ਬੱਸਾਂ ਵੀ ਆਲ ਇੰਡੀਆ ਟੂਰਿਸਟ ਪਰਮਿਟ ਅਧੀਨ ਹਨ। ਦਿੱਲੀ ਟਰਾਂਸਪੋਰਟ ਵਿਭਾਗ ਨੇ ਇਸ ਦਾ ਵੱਖਰੇ ਤੌਰ ‘ਤੇ ਜ਼ਿਕਰ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਐਨਸੀਆਰ ਦਿੱਲੀ ਦੀ ਕਿਸੇ ਵੀ ਟਰਾਂਸਪੋਰਟਰ ਐਸੋਸੀਏਸ਼ਨ ਨੂੰ ਨਾ ਤਾਂ ਇਸ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਨਾ ਹੀ ਕਮਿਸ਼ਨ ਜਾਂ ਦਿੱਲੀ ਸਰਕਾਰ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਬੁਲਾਇਆ ਗਿਆ ਸੀ।
ਕੀ ਬਣੇਗਾ ਹੁਣ ਇਨ੍ਹਾਂ ਗੱਡੀਆਂ
ਇਹ ਬੱਸਾਂ ਜ਼ਿਆਦਾਤਰ ਸੈਲਾਨੀਆਂ ਨੂੰ ਦਿੱਲੀ ਦੀ ਬਜਾਏ ਦੂਜੇ ਰਾਜਾਂ ਵਿੱਚ ਲੈ ਜਾਂਦੀਆਂ ਹਨ ਪਰ ਡੀਜ਼ਲ ਦੇ ਟਰੱਕਾਂ ਨੂੰ ਖੁੱਲ੍ਹੇ ਵਿੱਚ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਕਈ ਟਰਾਂਸਪੋਰਟਰਾਂ ਨੇ 2019 ਦੇ ਆਖ਼ਰੀ ਮਹੀਨੇ ਬਹੁਤ ਸਾਰੀਆਂ ਡੀਜ਼ਲ ਵਾਲੀਆਂ ਬੀ.ਐੱਸ.-4 ਬੱਸਾਂ ਖਰੀਦੀਆਂ ਸਨ, ਹੁਣ ਤਿੰਨ ਸਾਲਾਂ ‘ਚੋਂ ਉਹ ਕੋਰੋਨਾ ਕਾਰਨ ਦੋ ਸਾਲ ਪਾਰਕਿੰਗ ‘ਚ ਖੜ੍ਹੀਆਂ ਹਨ, ਹੁਣ ਇਨ੍ਹਾਂ ਵਾਹਨਾਂ ਦਾ ਕੀ ਹੋਵੇਗਾ? ਉਨ੍ਹਾਂ ਦੀਆਂ ਕਿਸ਼ਤਾਂ ਕਿੱਥੋਂ ਅਦਾ ਕੀਤੀਆਂ ਜਾਣਗੀਆਂ? ਉਨ੍ਹਾਂ ਕਿਹਾ ਹੈ ਕਿ ਇਸ ਦੇ ਵਿਰੋਧ ‘ਚ ਅੱਜ ਜੰਤਰ-ਮੰਤਰ ‘ਤੇ ਧਰਨਾ ਦਿੱਤਾ ਜਾਵੇਗਾ।


