ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਹਿਲੀ ਬੱਸ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ-ਏ-ਦੀਦਾਰ ਲਈ ਸੰਗਤ ਨੂੰ ਲੈ ਕੇ ਰਵਾਨਾ ਹੋਈ। ਇਸ ਬੱਸ ਨੂੰ ਅੱਜ ਸਥਾਨਕ ਤਹਿਸੀਲ ਚੌਕ ਤੋਂ ਜੈਕਾਰਿਆਂ ਦੀ ਗੂੰਜ ‘ਚ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਐੱਸਡੀਐੱਮ ਗੁਰਵੀਰ ਸਿੰਘ ਕੋਹਲੀ, ਡੀਐੱਸਪੀ ਸਤਵਿੰਦਰ ਸਿੰਘ ਵਿਰਕ ਤੇ ਪੋ੍. ਸੁਖਵਿੰਦਰ ਸਿੰਘ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਯਾਤਰਾ ਦੇ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਸਫਰ ਕਿੱਟ ਵੀ ਵਿਧਾਇਕਾ ਵੱਲੋਂ ਭੇਟ ਕੀਤੀ ਗਈ। ਇਹ ਬੱਸ ਸ਼ਰਧਾਲੂਆਂ ਨੂੰ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਦਰਸ਼ਨ ਕਰਵਾਏਗੀ। ਉਪਰੰਤ ਸ੍ਰੀ ਅਨੰਦਪੁਰ ਸਾਹਿਬ ਪੁੱਜੇਗੀ, ਜਿਥੇ ਸ਼ਰਧਾਲੂ ਰਾਤ ਦਾ ਵਿਸ਼ਰਾਮ ਕਰਨਗੇ ਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਵਾਪਸ ਜਗਰਾਓਂ ਇਸੇ ਬੱਸ ਰਾਹੀਂ ਵਾਪਸ ਪਰਤਣਗੇ।
ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਥੇ ਪੰਜਾਬ ਦੇ ਪੁੱਤ ਹਨ, ਉਥੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਨੇਕ ਇਨਸਾਨ ਹਨ। ਉਨ੍ਹਾਂ ਸਮੂਹ ਧਰਮਾਂ ਦਾ ਸਤਿਕਾਰ ਕਰਦਿਆਂ ਸਾਰੇ ਧਾਰਮਿਕ ਤੀਰਥ ਅਸਥਾਨਾਂ ਲਈ ਇਸ ਸਕੀਮ ਤਹਿਤ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਦਾ ਬੀੜਾ ਚੁੱਕਿਆ। ਇਸ ਮੌਕੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ, ਪ੍ਰਧਾਨ ਡਾ. ਮਨਦੀਪ ਸਰਾਂ ਵੀ ਹਾਜ਼ਰ ਸਨ।


