ਕੁਲਵਿੰਦਰ ਬਿੱਲਾ ਅਤੇ 54•40 ਸਮੇਤ ਕਈ ਕਲਾਕਾਰਾਂ ਨੇ ਲੁੱਟਿਆ ਮੇਲਾ
ਸਰੀ, ਬੀ.ਸੀ. – ਕੋਸਟ ਕੈਪੀਟਲ (Coast Capital) ਦੁਆਰਾ ਪੇਸ਼ ਕੀਤੇ ਗਏ ਸਰੀ ਦੇ ਫਿਊਜ਼ਨ ਫ਼ੈਸਟੀਵਲ ( Surrey Fusion Festival) ਵਿੱਚ ਇਸ ਹਫ਼ਤੇ ਦੇ ਅੰਤ ‘ਤੇ ਹਾਲੈਂਡ ਪਾਰਕ ਵਿੱਚ 80,000ਤੋਂ ਵੱਧ ਲੋਕਾਂ ਨੇ ਭੋਜਨ, ਸੰਗੀਤ ਅਤੇ ਸੱਭਿਆਚਾਰ ਦੇ ਵਿਲੱਖਣ ਜਸ਼ਨ ਦਾ ਆਨੰਦ ਮਾਣਿਆ।
ਪੱਛਮੀ ਕੈਨੇਡਾ ਦੇ ਸਭ ਤੋਂ ਵੱਡੇ ਬਹੁ-ਸੱਭਿਆਚਾਰਕ ਮੇਲੇ ਵਜੋਂ ਜਾਣੇ ਜਾਂਦੇ ਸਰੀ ਫਿਊਜ਼ਨ ਫ਼ੈਸਟੀਵਲ ਨੇ ਦੁਨੀਆ ਭਰ ਦੀਆਂ ਪਰੰਪਰਾਵਾਂ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਵਿਭਿੰਨ ਸੁਆਦਾਂ ਨੂੰ ਦਰਸਾਉਂਦੀਆਂ 50 ਤੋਂ ਵੱਧ ਸੱਭਿਆਚਾਰਕ ਪੈਵਿਲੀਅਨਾਂ ਨੂੰ ਇਕੱਠਾ ਕੀਤਾ। ਇਸ ਸਾਲ ਦੀ ਥੀਮ “ਇੱਕ ਸੰਸਾਰ, ਇੱਕ ਖੇਡ” (One World, One Game) ਸੀ, ਜਿਸ ਨੇ ਫੁੱਟਬਾਲ ਦੀ ਉਸ ਤਾਕਤ ਦਾ ਜਸ਼ਨ ਮਨਾਇਆ ਜੋ ਵੱਖ-ਵੱਖ ਸੱਭਿਆਚਾਰਾਂ, ਭਾਈਚਾਰਿਆਂ ਅਤੇ ਦੇਸ਼ਾਂ ਦੇ ਲੋਕਾਂ ਨੂੰ ਇੱਕਜੁੱਟ ਕਰਦੀ ਹੈ।
ਸਰੀ ਦੇ ਮੇਅਰ ਬਰੈਂਡਾ ਲੌਕ ਨੇ ਕਿਹਾ, “ਇਸ ਸਾਲ ਦੀ ਥੀਮ ‘ਇੱਕ ਸੰਸਾਰ, ਇੱਕ ਖੇਡ’ ਨੇ ਸਰੀ ਫਿਊਜ਼ਨ ਫ਼ੈਸਟੀਵਲ ਦੀ ਅਸਲ ਰੂਹ ਨੂੰ ਦਰਸਾਇਆ ਹੈ – ਸਾਂਝੇ ਤਜਰਬਿਆਂ ਅਤੇ ਭਾਈਚਾਰੇ ਪ੍ਰਤੀ ਪਿਆਰ ਰਾਹੀਂ ਲੋਕਾਂ ਨੂੰ ਇਕੱਠਾ ਕਰਨਾ। ਮੈਂ ਕੋਸਟ ਕੈਪੀਟਲ, ਸਿਟੀ ਸਟਾਫ਼, ਵੋਲੰਟੀਅਰਾਂ, ਸੱਭਿਆਚਾਰਕ ਗਰੁੱਪਾਂ ਅਤੇ ਕਲਾਕਾਰਾਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇਸ ਸਾਲ ਦੇ ਮੇਲੇ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਤੁਹਾਡੇ ਯਤਨ ਸਰੀ ਨੂੰ ਇੱਕ ਅਜਿਹੀ ਸੁਆਗਤੀ ਥਾਂ ਬਣਾਈ ਰੱਖਦੇ ਹਨ, ਜਿੱਥੇ ਹਰ ਵਿਅਕਤੀ ਆਪਣੇ ਆਪ ਨੂੰ ਇਸ ਭਾਈਚਾਰੇ ਦਾ ਹਿੱਸਾ ਮਹਿਸੂਸ ਕਰਦਾ ਹੈ। “
ਫ਼ੈਸਟੀਵਲ ਵਿੱਚ ਕੈਨੇਡਾ ਦੇ ਪ੍ਰਸਿੱਧ ਰੌਕ ਬੈਂਡ 54-40 ਅਤੇ ਪੰਜਾਬੀ ਪੌਪ ਸਟਾਰ ਕੁਲਵਿੰਦਰ ਬਿੱਲਾ ਦੀਆਂ ਮੁੱਖ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਉਨ੍ਹਾਂ ਦੇ ਨਾਲ ਸਥਾਨਕ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਕਲਾਕਾਰਾਂ ਨੇ ਵੀ ਵਿਭਿੰਨ ਸੰਗੀਤਕ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ।
ਆਪਣੇ 19ਵੇਂ ਸਾਲ ਵਿੱਚ ਦਾਖ਼ਲ ਹੋ ਚੁੱਕਾ ਸਰੀ ਫਿਊਜ਼ਨ ਫ਼ੈਸਟੀਵਲ ਪੁਰਸਕਾਰ-ਵਿਜੇਤਾ ਸਮਾਗਮ ਹੈ ਅਤੇ ਪੱਛਮੀ ਕੈਨੇਡਾ ਦਾ ਸਭ ਤੋਂ ਵੱਡਾ ਮੁਫ਼ਤ ਬਹੁ-ਸੱਭਿਆਚਾਰਕ ਤਿਉਹਾਰ ਬਣਿਆ ਹੋਇਆ ਹੈ। ਇਸ ਸਾਲ ਮਈ ਮਹੀਨੇ ਵਿੱਚ ਇਸ ਨੂੰ ਕੈਨੇਡੀਅਨ ਸਪੈਸ਼ਲ ਈਵੈਂਟ ਐਵਾਰਡਜ਼ ਵਿੱਚ ਸ਼ਹਿਰ ਜਾਂ ਨਗਰਪਾਲਿਕਾ ਵੱਲੋਂ ਆਯੋਜਿਤ ਸਰਵੋਤਮ ਸਮਾਗਮ (Best Event for a City or Municipality) ਦਾ ਸਨਮਾਨ ਪ੍ਰਾਪਤ ਹੋਇਆ।
ਹਾਜ਼ਰੀਨ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਫੀਡਬੈਕ ਸਾਂਝਾ ਕਰਨ ਅਤੇ ਭਵਿੱਖ ਦੇ ਸਮਾਗਮਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਉਣ ਲਈ surreyfusionfestival.ca ‘ਤੇ ਉਪਲਬਧ ਆਨਲਾਈਨ ਸਰਵੇਖਣ ਵਿੱਚ ਹਿੱਸਾ ਲੈਣ। ਸਰਵੇਖਣ ਪੂਰਾ ਕਰਨ ਵਾਲਿਆਂ ਨੂੰ ਗਿਲਡਫੋਰਡ ਟਾਊਨ ਸੈਂਟਰ ( Guildford Town Centre ) ਦਾ $200 ਦਾ ਗਿਫ਼ਟ ਕਾਰਡ ਜਿੱਤਣ ਦਾ ਮੌਕਾ ਮਿਲੇਗਾ।
ਸਿਟੀ ਆਫ਼ ਸਰੀ, ਬੀਸੀ ਸਰਕਾਰ ਵੱਲੋਂ ਪ੍ਰਾਪਤ ਵਿੱਤੀ ਸਹਾਇਤਾ ਲਈ ਦਿਲੋਂ ਧੰਨਵਾਦ ਪ੍ਰਗਟ ਕਰਦੀ ਹੈ।



