ਹਰਜੀਤ ਗਿੱਲ, ਵਿੰਨੀਪੌਂਗ : ਕੈਨੇਡਾ ਦੇ ਸ਼ਹਿਰ ਵਿੰਨੀਪੌਂਗ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਤੇ ਉਨ੍ਹਾਂ ਵਲੋਂ ਕੀਤੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਵੱਖ-ਵੱਖ ਗੁਰੂ ਘਰਾਂ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਏ ਗਏ। ਗੁਰਦੁਆਰਾ ਸਾਊਥ ਸਿੱਖ ਸੈਂਟਰਲ ਤੇ ਗੁਰਦੁਆਰਾ ਕਲਗੀਧਰ ਦਰਬਾਰ ਵਿੱਚ ਸਭ ਤੋਂ ਪਹਿਲਾਂ ਧੁਰ ਕੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਸ ਉਪਰੰਤ ਗੁਰੂ ਘਰ ਕਲਗੀਧਰ ਦਰਬਾਰ ਦੇ ਮੁੱਖ ਸੇਵਾਦਾਰ ਭਾਈ ਸੁੱਖਵਿੰਦਰ ਸਿੰਘ ਜੀ ਵਲੋਂ ਵਿਰਾਗ ਮਈ ਕੀਰਤਨ ਰਾਹੀਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਤੇ ਇਸੇ ਤਰ੍ਹਾਂ ਗੁਰਦੁਆਰਾ ਸਾਊਥ ਸਿੱਖ ਸੈਂਟਰ ਵਿੱਚ ਸਰਗਮ ਮਿਊਜ਼ਿਕ ਅਕੈਡਮੀ ਭਾਈ ਨਰਿੰਦਰ ਸਿੰਘ ਜੀ ਤੇ ਉਨ੍ਹਾਂ ਦੇ ਵਿਦਿਆਰਥੀਆਂ ਵਲੋਂ ਕਾਫੀ ਲੰਬਾ ਸਮਾਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਘਰ ਦੇ ਸੇਵਾਦਾਰ ਭਾਈ ਹਰਜਿੰਦਰ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਵੱਲੋਂ ਦੇਸ਼ ਕੌਮ ਤੇ ਧਰਮ ਦੀ ਰੱਖਿਆ ਕਰਨ ਲਈ ਕੀਤੀਆਂ ਕੁਰਬਾਨੀਆਂ ਤੇ ਸਹਾਦਤਾਂ ਬਾਰੇ ਵਿਸਥਾਰ ਰੂਪ ਦੱਸਦਿਆਂ ਸੱਚ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ।

ਇਸੇ ਤਰ੍ਹਾਂ ਕਲਗੀਧਰ ਦਰਬਾਰ ਦੇ ਗੁਰੂ ਘਰ ਪ੍ਰੇਮੀਆਂ ਵਲੋਂ ਆਪਣੀ ਕਿਰਤ ਕਮਾਈ ’ਚੋਂ ਗਰਮ ਕੱਪੜੇ ਜਿਵੇਂ ਕਿ ਕੰਬਲ ਆਦਿ ਦੀ ਸੇਵਾ ਕੀਤੀ। ਉਹ ਸਾਰੇ ਬਸਤਰ ਗੁਰੂ ਘਰ ਵਲੋਂ ਖਾਲਸਾ-ਏਡ ਪ੍ਰਬੰਧਾਂ ਨੂੰ ਸੇਵਾ ਸੌਂਪ ਦਿੱਤੀ। ਖਾਲਸਾ-ਏਡ ਦੇ ਪ੍ਰਬੰਧਕਾਂ ਬਾਰੇ ਦੱਸਿਆ ਗਿਆ। ਇਹ ਸਾਰੀ ਸੇਵਾ ਖਾਲਸਾ-ਏਡ ਦਫ਼ਤਰ ਜਮ੍ਹਾਂ ਕਰ ਦਿੱਤੀ ਜਾਂਦੀ ਹੈ ਤੇ ਬਾਅਦ ਵਿੱਚ ਸਲਾਹ ਮਸ਼ਵਰਾ ਕਰ ਕੇ ਇਹ ਸੇਵਾ ਲੋੜਵੰਦ ਪਰਿਵਾਰਾਂ ਤੱਕ ਪਹੁੰਚਾ ਦਿੱਤੀ ਜਾਂਦੀ ਹੈ। ਖਾਲਸਾ-ਏਡ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਦਾਨੀਂ ਸੱਜਣਾ ਦਾ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦੀ ਅਪੀਲ ਕੀਤੀ। ਗੁਰੂ ਘਰਾਂ ’ਚ ਸੰਗਤਾਂ ਦੀ ਬਹੁਤ ਆਮਦ ਸੀ ਪਰ ਦਸਮ ਪਿਤਾ ਜੀ ਦੇ ਪਰਿਵਾਰ ਦੀਆਂ ਧਰਮ ਪ੍ਰਤੀ ਕੁਰਬਾਨੀਆਂ ਤੇ ਸ਼ਹਾਦਤ ਨੂੰ ਲੈ ਕੇ ਸੰਗਤਾਂ ਦੇ ਚਿਹਰੇ ਵਿਰਾਗ ਸਨ। ਗੁਰੂ ਦਾ ਲੰਗਰ ਵੀ ਅਟੁੱਟ ਵਰਤਿਆਂ ਸੰਗਤਾਂ ਨੇ ਬੜੀ ਨਿਮਰਤਾ ਨਾਲ ਗੁਰੂ ਦਾ ਲੰਗਰ ਛੱਕਿਆ।