ਮੁੰਬਈ (ਏਜੰਸੀ) : ਸ਼ਿਵ ਸੈਨਾ (ਊਧਵ ਧੜਾ) ਦੇ ਆਗੂ ਸੰਜੇ ਰਾਊਤ ਨੇ ਕਿਹਾ ਹੈ ਕਿ ਮੁਲਕ ਦਾ ਚੋਣ ਕਮਿਸ਼ਨ ‘ਪਿੰਜਰੇ ਵਿਚ ਬੰਦ ਤੋਤਾ’ ਬਣ ਕੇ ਰਹਿ ਗਿਆ ਹੈ। ਉਨ੍ਹਾਂ ਨੇ ਕਮਿਸ਼ਨ ’ਤੇ ਭਾਜਪਾ ਦੇ ਕੰਮਾਂ ਨੂੰ ਲੈ ਕੇ ਅੱਖਾਂ ਬੰਦ ਕਰਨ ਦਾ ਦੋਸ਼ ਲਗਾਇਆ ਹੈ। ਪਾਰਟੀ ਦੇ ਅਖ਼ਬਾਰ ‘ਸਾਮਨਾ’ ਵਿਚ ਆਪਣੇ ਹਫ਼ਤਾਵਾਰੀ ਕਾਲਮ ਵਿਚ ਰਾਊਤ ਨੇ ਲਿਖਿਆ ਹੈ ਕਿ ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਵੋਟਰਾਂ ਨੂੰ ਧਾਰਮਿਕ ਯਾਤਰਾਵਾਂ ਕਰਵਾਉਣ ਦੇ ਵਾਅਦੇ ਕਰ ਕੇ ਸਿਆਸੀ ਰਿਸ਼ਵਤ ਦੀ ਪੇਸ਼ਕਸ਼ ਕਰ ਰਹੀ ਹੈ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਿਛਲੇ ਹਫ਼ਤੇ ਮੱਧ ਪ੍ਰਦੇਸ਼ ਵਿਚ ਦਿੱਤੇ ਉਸ ਬਿਆਨ ਦੀ ਆਲੋਚਨਾ ਕੀਤੀ, ਜਿਸ ’ਚ ਉਨ੍ਹਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਭਾਜਪਾ ਸੱਤਾ ’ਚ ਰਹੀ ਤਾਂ ਉਹ ਲੋਕਾਂ ਨੂੰ ਅਯੁੱਧਿਆ ਦਾ ਮੁਫ਼ਤ ਸਫ਼ਰ ਕਰਵਾਉਣਗੇ।

ਰਾਊਤ ਨੇ ਅੱਗੇ ਲਿਖਿਆ ਕਿ ਇਹ ਸਪੱਸ਼ਟ ਤੌਰ ’ਤੇ ਧਾਰਮਿਕ ਅਧਾਰ ’ਤੇ ਕੀਤਾ ਚੋਣ ਪ੍ਰਚਾਰ ਹੈ। ਜਦਕਿ ਪਤਾ ਨਹੀਂ ਕਿਉਂ ਚੋਣ ਕਮਿਸ਼ਨ ਇਨ੍ਹਾਂ ਵਾਅਦਿਆਂ ਦਾ ਨੋਟਿਸ ਤੱਕ ਨਹੀਂ ਲੈ ਰਿਹਾ।