ਸੁਖਦੇਵ ਗਰਗ, ਜਗਰਾਓਂ : ਜਗਰਾਓਂ ਦੇ ਐੱਸਡੀਐੱਮ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਿੱਧਵਾਂ ਬੇਟ ਦੇ ਜੰਡੀ ਰਸੂਲਪੁਰ, ਬੰਗਸੀਪੁਰਾ, ਗਿੱਦੜਵਿੰਡੀ, ਕੰਨੀਆਂ ਹੁਸੈਨੀ ਆਦਿ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਐੱਸਡੀਐੱਮ ਮਨਜੀਤ ਕੌਰ ਅਤੇ ਖੇਤੀਬਾੜੀ ਵਿਭਾਗ ਦੇ ਡਾ. ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨਾਂ੍ਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨਾਂ੍ਹ ਕਿਸਾਨਾਂ ਦਾ ਝੋਨਾ ਅਜੇ ਵੱਢਣ ਤੋਂ ਰਹਿੰਦਾ ਹੈ ਜਾਂ ਝੋਨਾ ਵੱਢਣ ਉਪਰੰਤ ਪਰਾਲੀ ਅਜੇ ਖੇਤਾਂ ਵਿਚ ਹੈ, ਉਹ ਕਿਸੇ ਵੀ ਹਾਲਤ ਵਿਚ ਅੱਗ ਨਾ ਲਾਉਣ। ਕਿਸਾਨ ਪ੍ਰਸ਼ਾਸਨ ਨਾਲ ਸੰਪਰਕ ਕਰਨ, ਉਨਾਂ੍ਹ ਨੂੰ ਹਰ ਤਰਾਂ੍ਹ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

ਇਸ ਮੌਕੇ ਪਿੰਡ ਜੰਡੀ ਦੇ ਕਿਸਾਨ ਅਜਮੇਰ ਸਿੰਘ ਜੋ ਆਪਣੇ ਖੇਤ ਵਿਚ ਝੋਨੇ ਦੀ ਕਟਾਈ ਕਰ ਰਿਹਾ ਸੀ ਤੋਂ ਲਿਖਤੀ ਵਾਅਦਾ ਲਿਆ ਕਿ ਉਹ ਆਪਣੇ ਖੇਤਾਂ ਵਿਚ ਕਦੇ ਵੀ ਫਸਲਾਂ ਦੀ ਰਹਿੰਦ-ਖੂੂੰਹਦ ਨੂੰ ਅੱਗ ਨਹੀਂ ਲਗਾਵੇਗਾ। ਇਸ ਤੋਂ ਇਲਾਵਾ ਉਨਾਂ੍ਹ ਵੱਲੋਂ ਪਿੰਡ ਰਸੂਲਪੁਰ ਦੀ ਦਾਣਾ ਮੰਡੀ ‘ਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਕਿਸਾਨਾਂ ਨੂੰ ਮੰਡੀ ਵਿਚ ਆ ਰਹੀਆਂ ਮੁਸ਼ਕਿਲਾਂ ਵੀ ਸੁਣੀਆਂ। ਉਨਾਂ੍ਹ ਦੱਸਿਆ ਕਿ ਹੁਣ ਤਕ ਕੁੱਲ 24 ਪਰੇ ਦਰਜ ਹੋ ਚੁੱਕੇ ਹਨ ਅਤੇ 219 ਕਿਸਾਨਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜੁਰਮਾਨਾ ਲਗਾਇਆ ਜਾ ਚੁੱਕਾ ਹੈ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਡਾ. ਗੁਰਦੀਪ ਸਿੰਘ ਵੀ ਹਾਜ਼ਰ ਸਨ।