ਪੁਨੀਤ ਬਾਵਾ, ਲੁਧਿਆਣਾ

ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ‘ਚ ਕਈ ਥਾਵਾਂ ‘ਤੇ ਮਨੀ ਐਕਸਚੇਂਜਰ ਦੇ ਟਿਕਾਣਿਆਂ ‘ਤੇ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇਮਾਰੀ ਕੀਤੀ ਗਈ। ਈਡੀ ਨੇ ਮਨੀ ਐਕਸਚੇਂਜਰ ਦੇ ਦਫ਼ਤਰਾਂ ਤੋਂ ਇਲਾਵਾ ਉਨ੍ਹਾਂ ਦੇ ਰਿਹਾਇਸ਼ੀ ਟਿਕਾਣਿਆਂ ‘ਤੇ ਇੱਕੋ ਸਮੇਂ ਦਸਤਕ ਦਿੱਤੀ। ਛਾਪੇਮਾਰੀ ਦੌਰਾਨ ਵਿਭਾਗ ਦੇ ਹੱਥ ਕਈ ਅਹਿਮ ਦਸਤਾਵੇਜ਼, ਇਲੈਕਟ੍ਰਾਨਿਕ ਡਿਵਾਈਸ ਤੇ ਹੋਰ ਕਾਗਜ਼ ਲੱਗੇ ਹਨ। ਈਡੀ ਦੀਆਂ ਟੀਮਾਂ ਨੇ ਲੁਧਿਆਣਾ ਸ਼ਹਿਰ ਦੇ ਦਾਲ ਬਾਜ਼ਾਰ ਤੇ ਗੁੜ ਮੰਡੀ ਵਿਚ ਸਥਿਤ ਮਨੀ ਐਕਸਚੇਂਜਰ ਦੇ ਦਫ਼ਤਰਾਂ ‘ਤੇ ਦਸਤਕ ਦਿੱਤੀ। ਛਾਪੇਮਾਰੀ ਸਮੇਂ ਈਡੀ ਦੇ ਅਧਿਕਾਰੀਆਂ ਤੋਂ ਇਲਾਵਾ ਕੇਂਦਰੀ ਸੁਰੱਖਿਆ ਬਲ ਵੀ ਮੌਜੂਦ ਸਨ। ਈਡੀ ਦੀਆਂ ਟੀਮਾਂ ਨੇ ਮਨੀ ਐਕਸਚੇਂਜਰ ਸੰਜੇ ਤਾਂਗੜੀ ਦੇ ਨੌਘਰਾ ਸਥਿਤ ਘਰ ‘ਤੇ ਦਸਤਕ ਦਿੱਤੀ, ਪਰ ਉਨ੍ਹਾਂ ਨੂੰ ਸੰਜੇ ਤਾਂਗੜੀ ਨਹੀਂ ਮਿਲਿਆ।

ਈਡੀ ਟੀਮ ਨੇ ਗੁੜ ਮੰਡੀ ਸਥਿਤ ਤਾਂਗੜੀ ਮਨੀ ਐਕਸਚੇਂਜਰ ਤੇ ਮੋਬਾਈਲ ਰਿਪੇਅਰ ਦੀ ਦੁਕਾਨ ‘ਤੇ ਦਸਤਕ ਦਿੱਤੀ। ਪਰ ਇਹ ਦੁਕਾਨ ਵੀ ਬੰਦ ਪਈ ਸੀ। ਸੰਜੇ ਤਾਂਗੜੀ ਦੀ ਗ਼ੈਰ ਹਾਜ਼ਰੀ ਵਿਚ ਉਨ੍ਹਾਂ ਦੇ ਰਿਸ਼ਤੇਦਾਰ ਤੇ ਗੁੜ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਤਾਂਗੜੀ ਨੇ ਈਡੀ ਟੀਮ ਨਾਲ ਗੱਲਬਾਤ ਕੀਤੀ ਤੇ ਛਾਪੇਮਾਰੀ ਵਾਰੰਟ ਦਿਖਾਉਣ ਦੇ ਬਾਅਦ ਦੁਕਾਨ ਨੂੰ ਖੁੱਲ੍ਹਵਾਇਆ। ਵਿਭਾਗ ਦੇ ਅਧਿਕਾਰੀਆਂ ਨੇ ਕਈ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵੰਬਰ ਮਹੀਨੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਟੀਮ ਨੇ ਵੀ ਡਰੱਗ ਮਨੀ ਦੇ ਸਿਲਸਿਲੇ ਵਿਚ ਗੁੜ ਮੰਡੀ ਵਿਚ ਇਸੇ ਮਨੀ ਐਕਸਚੇਂਜਰ ਦੇ ਦਫ਼ਤਰ ਵਿਚ ਦਸਤਕ ਦਿੱਤੀ ਸੀ। ਉਸ ਸਮੇਂ ਐੱਨਸੀਬੀ ਦੇ ਇਕ ਕਥਿਤ ਮੁਲਾਜ਼ਮ ਨੇ ਇਸੇ ਮਨੀ ਐਕਸਚੇਂਜਰ ਦੀ ਸ਼ਨਾਖ਼ਤ ਵੀ ਕਰਵਾਈ ਸੀ। ਇਹ ਵੀ ਪਤਾ ਲੱਗਿਆ ਹੈ ਕਿ ਅਕਸ਼ੈ ਛਾਬੜਾ ਡਰੱਗ ਮਾਮਲੇ ਵਿਚ ਵੀ ਪੜਤਾਲ ਨੂੰ ਅੱਗੇ ਵਧਾਉਣ ਲਈ ਵੀ ਈਡੀ ਵੱਲੋਂ ਅੱਜ ਲੁਧਿਆਣਾ ਵਿਖੇ ਦਸਤਕ ਦਿੱਤੀ ਗਈ ਹੈ। ਈਡੀ ਵੱਲੋਂ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਤੇ ਹੋਰ ਇਲੈਕਟ੍ਰਾਨਿਕ ਡਿਵਾਈਸਾਂ ਦੀ ਛਾਣਬੀਣ ਅਤੇ ਹੋਰ ਪੁੱਛਗਿੱਛ ਤੋਂ ਬਾਅਦ ਹੀ ਇਸ ਮਾਮਲੇ ਵਿਚ ਅਹਿਮ ਖ਼ੁਲਾਸੇ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲ ਦੀ ਘੜੀ ਈਡੀ ਦੇ ਕਿਸੇ ਵੀ ਅਧਿਕਾਰੀ ਨੇ ਛਾਪੇਮਾਰੀ ਦੇ ਮਾਮਲੇ ਵਿਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ।