ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਸੂਬਿਆਂ ’ਚ ਜਿੱਤ ਦੀ ਹੈਟ੍ਰਿਕ ਨੂੰ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਦੀ ਹੈਟ੍ਰਿਕ (ਲਗਾਤਾਰ ਤੀਜੀ ਵਾਰ ਜਿੱਤ) ਦੀ ਗਾਰੰਟੀ ਕਰਾਰ ਦਿੱਤਾ ਹੈ। ਭਾਜਪਾ ਹੈੱਡਕੁਆਰਟਰ ’ਚ ‘ਅਬਕੀ ਬਾਰ 400 ਪਾਰ’ ਦੇ ਨਾਅਰਿਆਂ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਜਪਾ ਦੀ ਜਿੱਤ ਨੂੰ ਗ਼ਰੀਬਾਂ, ਲੋੜਵੰਦਾਂ, ਕਿਸਾਨਾਂ, ਮਹਿਲਾਵਾਂ, ਨੌਜਵਾਨਾਂ ਦੀ ਜਿੱਤ ਦੱਸਦੇ ਹੋਏ ਇਸ ਨੂੰ ਜਨਤਾ ਨੂੰ ਵੰਡਣ ਤੇ ਲੋਕ ਭਲਾਈ ਯੋਜਨਾਵਾਂ ਦਾ ਵਿਰੋਧ ਕਰਨ ਵਾਲੀ ਕਾਂਗਰਸ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਲਈ ਚਿਤਾਵਨੀ ਦੱਸਿਆ। ਕਾਂਗਰਸ ਵੱਲੋਂ ਕੀਤੇ ਗਏ ਹਵਾ-ਹਵਾਈ ਵਾਅਦਿਆਂ ਨੂੰ ਜਨਤਾ ਵੱਲੋਂ ਨਕਾਰਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਜਿੱਥੋਂ ਦੂਜਿਆਂ ਤੋਂ ਉਮੀਦ ਖ਼ਤਮ ਹੁੰਦੀ ਹੈ, ਉੱਥੋਂ ਮੋਦੀ ਦੀ ਗਾਰੰਟੀ ਸ਼ੁਰੂ ਹੁੰਦੀ ਹੈ।’

ਪ੍ਰਧਾਨ ਮੰਤਰੀ ਨੇ ਕਾਂਗਰਸ ਵੱਲੋਂ ਜਾਤ ਅਧਾਰਤ ਗਿਣਤੀ ਦੇ ਵਾਅਦੇ ਤੇ ਓਬੀਸੀ ਦੀ ਸਿਆਸਤ ਨੂੰ ਸਮਾਜ ਨੂੰ ਜਾਤਾਂ ’ਚ ਵੰਡਣ ਦੀ ਸਿਆਸਤ ਕਰਾਰ ਦਿੱਤਾ। ਉਨ੍ਹਾਂ ਦੁਹਰਾਇਆ ਕਿ ਮਹਿਲਾ, ਨੌਜਵਾਨ, ਕਿਸਾਨ ਤੇ ਗ਼ਰੀਬ ਹੀ ਉਨ੍ਹਾਂ ਲਈ ਸਭ ਤੋਂ ਵੱਡੀਆਂ ਜਾਤਾਂ ਹਨ ਤੇ ਵੱਡੀ ਗਿਣਤੀ ’ਚ ਓਬੀਸੀ ਤੇ ਆਦਿਵਾਸੀ ਇਨ੍ਹਾਂ ਹੀ ਵਰਗਾਂ ਤੋਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜਾਤਾਂ ’ਚ ਵੰਡਣ ਦੀ ਸਿਆਸਤ ਨੂੰ ਨਕਾਰਦਿਆਂ ਮਹਿਲਾਵਾਂ, ਨੌਜਵਾਨਾਂ, ਕਿਸਾਨਾਂ ਦੇ ਗ਼ਰੀਬਾਂ ਨੇ ਵਿਕਾਸ ਲਈ ਭਾਜਪਾ ਦੇ ਰੋਡਮੈਪ ’ਤੇ ਉਤਸ਼ਾਹ ਦਿਖਾਇਆ ਹੈ। ਇਸ ਸਿਲਸਿਲੇ ’ਚ ਖ਼ਾਸ ਤੌਰ ’ਤੇ ਮਹਿਲਾਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਕ ਸਭਾ ਤੇ ਵਿਧਾਨ ਸਭਾਵਾਂ ’ਚ 33 ਫ਼ੀਸਦੀ ਰਾਖਵਾਂਕਰਨ ਤੈਅ ਕਰਨ ਵਾਲੀ ਨਾਰੀ ਸ਼ਕਤੀ ਵੰਦਨ ਐਕਟ ਨੇ ਉਨ੍ਹਾਂ ’ਚ ਨਵਾਂ ਭਰੋਸਾ ਪ੍ਰਗਟਾਇਆ ਹੈ ਤੇ ਇਨ੍ਹਾਂ ਚੋਣਾਂ ’ਚ ਉਨ੍ਹਾਂ ਦੀ ਭਾਈਵਾਲੀ ਨੂੰ ਨਵੀਆਂ ਸਿਖਰਾਂ ਤੱਕ ਪਹੁੰਚਾਇਆ ਹੈ।

ਉਨ੍ਹਾਂ ਨੇ ਪਿਛਲੇ 10 ਸਾਲਾਂ ’ਚ ਮਹਿਲਾਵਾਂ ਦੇ ਸਨਮਾਨ ਲਈ ਸ਼ੁਰੂ ਕੀਤੀ ਗਈ ਸ਼ੌਚਾਲਿਆ, ਬਿਜਲੀ, ਗੈਸ, ਟੂਟੀ ਰਾਹੀਂ ਜਲ ਸਪਲਾਈ ਤੇ ਬੈਂਕ ਖ਼ਾਤੇ ਖੁਲ੍ਹਵਾਉਣ ਵਰਗੀਆਂ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਵਿਧਾਨ ਸਭਾ ਚੋਣਾਂ ’ਚ ਭਾਜਪਾ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਗਾਰੰਟੀ ਦਿੱਤੀ। ਚੋਣਾਂ ਦੌਰਾਨ ਕਾਂਗਰਸ ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ’ਤੇ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ ਕਿ ਮੋਦੀ ਦੀ ਗਾਰੰਟੀ ਯਾਨੀ ਗਾਰੰਟੀ ਦਾ ਪੂਰਾ ਹੋਣ ਦੀ ਗਾਰੰਟੀ ਹੈ। ਮੋਦੀ ਦੇ ਸਵਾਗਤ ਲਈ ਤਿਆਰ ਬੈਨਰ, ‘ਸੁਪਨੇ ਨਹੀਂ ਹਕੀਕਤ ਬੁਣਦੇ ਹਨ, ਤਾਂ ਹੀ ਤਾਂ ਸੱਭ ਮੋਦੀ ਨੂੰ ਚੁਣਦੇ ਹਨ’ ਵੀ ਮੋਦੀ ਦੀ ਗਾਰੰਟੀ ਨੂੰ ਮਿਲ ਰਹੇ ਸਮਰਥਨ ਨੂੰ ਦਿਖਾਉਂਦਾ ਹੈ।

ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ’ਚ ਆਦਿਵਾਸੀ ਬਹੁਗਿਣਤੀ ਸੀਟਾਂ ’ਤੇ ਭਾਜਪਾ ਨੂੰ ਮਿਲੀ ਭਾਰੀ ਜਿੱਤ ਵੱਲ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਕਾਰਨ 10 ਕਰੋੜ ਆਦਿਵਾਸੀ ਵਿਕਾਸ ’ਚ ਪਿੱਛੇ ਰਹੇ। ਆਦਿਵਾਸੀ ਸਮਾਜ ਹੁਣ ਭਰੋਸਾ ਪ੍ਰਗਟਾਅ ਰਿਹਾ ਹੈ ਕਿ ਉਨ੍ਹਾਂ ਦੀਆਂ ਖ਼ਾਹਸ਼ਾਂ ਨੂੰ ਭਾਜਪਾ ਸਰਕਾਰ ਪੂਰਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਹਵਾ-ਹਵਾਈ ਵਾਅਦਿਆਂ ਨਾਲ ਜਨਤਾ ਨੂੰ ਹੁਣ ਵਰਗਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੂੰ ਹੁਣ ਸਪਸ਼ਟ ਰੋਡਮੈਪ ਤੇ ਭਰੋਸਾ ਚਾਹੀਦਾ ਹੈ ਤੇ ਇਹ ਰੋਡਮੈਪ ਸਿਰਫ਼ ਭਾਜਪਾ ਦੇ ਰਹੀ ਹੈ। ਭਾਜਪਾ ਨੇ ਸੇਵਾ ਤੇ ਸੁਸ਼ਾਸਨ ਦੀ ਸਿਆਸਤ ਦਾ ਨਵਾਂ ਮਾਡਲ ਦੇਸ਼ ਦੇ ਸਾਹਮਣੇ ਰੱਖਿਆ ਹੈ, ਜਿਸ ’ਚ ਸਿਰਫ਼ ਨੀਤੀਆਂ ਹੀ ਨਹੀਂ ਬਣਾਈਆਂ ਜਾਂਦੀਆਂ, ਬਲਕਿ ਉਨ੍ਹਾਂ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣਾ ਯਕੀਨੀ ਵੀ ਬਣਾਇਆ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਨਕਾਰਾਤਮਕ ਸਿਆਸਤ ਕਰਨ ਤੇ ਲੋਕ ਭਲਾਈ ਦੀਆਂ ਯੋਜਨਾਵਾਂ ’ਚ ਅੜਿੱਕਾ ਪਾਉਣ ਲਈ ਕਾਂਗਰਸ ਤੇ ਵਿਰੋਧੀ ਪਾਰਟੀਆਂ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਨੇ ਚੋਣ ਨਤੀਜਿਆਂ ਨੂੰ ਕਾਂਗਰਸ ਤੇ ਘਮੰਡੀਆ ਗਠਜੋੜ ਲਈ ਸਬਕ ਦੱਸਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ, ਤੁਸ਼ਟੀਕਰਨ, ਪਰਿਵਾਰਵਾਦ ਬਾਰੇ ਦੇਸ਼ ਦੇ ਹਰ ਨਾਗਰਿਕ ਦੇ ਦਿਲ ’ਚ ਜ਼ੀਰੋ ਟਾਲਰੈਂਸ ਦੀ ਨੀਤੀ ਬਣ ਰਹੀ ਹੈ। ਕੁਝ ਪਰਿਵਾਰਵਾਦੀਆਂ ਦੇ ਇਕੱਠੇ ਹੋਣ ਨਾਲ ਫੋਟੋ ਕਿੰਨੀ ਵੀ ਚੰਗੀ ਆਵੇ, ਜਨਤਾ ਦਾ ਦਿਲ ਨਹੀਂ ਜਿੱਤਿਆ ਜਾ ਸਕਦਾ। ਚੋਣਾਂ ਦੌਰਾਨ ਵਿਰੋਧੀ ਨੇਤਾਵਾਂ ਵੱਲੋਂ ਬੋਲੇ ਗਏ ਅਪਸ਼ਬਦਾਂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਗਾਲੀ-ਗਲੌਜ, ਨਿਰਾਸ਼ਾ, ਨਕਾਰਤਮਕਤ ਗੱਲਾਂ ਮੀਡੀਆ ਦੀਆਂ ਹੈੱਡਲਾਈਨਸ ਬੇਸ਼ੱਕ ਬਣ ਜਾਣ, ਜਨਤਾ ਦੇ ਦਿਲਾਂ ’ਚ ਥਾਂ ਨਹੀਂ ਬਣਾ ਸਕਦੀਆਂ। ਵਿਰੋਧੀ ਪਾਰਟੀਆਂ ਨੂੰ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ, ‘ਸੁਧਰ ਜਾਓ, ਨਹੀਂ ਤਾਂ ਜਨਤਾ ਚੁਣ-ਚੁਣ ਕੇ ਸਾਫ਼ ਕਰ ਦੇਵੇਗੀ।’ ਉਨ੍ਹਾਂ ਨੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੂੰ ਦੇਸ਼ ਵਿਰੋਧੀ ਤਾਕਤਾਂ ਨੂੰ ਬਲ ਦੇਣ ਵਾਲੀ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਤਿੰਨ ਸੂਬਿਆਂ ’ਚ ਭਾਜਪਾ ਦੀ ਜਿੱਤ ਦੇ ਦੂਰਗਾਮੀ ਅਸਰਾਂ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਇਸ ਦੀ ਗੂੰਜ ਸਿਰਫ਼ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਤੱਕ ਸੀਮਤ ਨਹੀਂ ਰਹੇਗੀ, ਬਲਕਿ ਪੂਰੀ ਦੁਨੀਆ ਨੂੰ ਸੁਣਾਈ ਦੇਵੇਗੀ। ਇਸ ਨਾਲ ਦੁਨੀਆ ਦੇ ਦੇਸ਼ਾਂ ਦਾ ਭਾਰਤ ਦੇ ਵਿਕਾਸ ’ਤੇ ਭਰੋਸਾ ਹੋਰ ਮਜ਼ਬੂਤ ਹੋਵੇਗਾ ਤੇ ਨਿਵੇਸ਼ਕਾਂ ਨੂੰ ਨਵਾਂ ਭਰੋਸਾ ਮਿਲੇਗਾ। ਉਨ੍ਹਾਂ ਨੇ ਇਸ ਨੂੰ ਵਿਕਸਤ ਭਾਰਤ ਦੇ ਸੰਕਲਪ ਨੂੰ ਜਨਤਾ ਦਾ ਅਸ਼ੀਰਵਾਦ ਦੱਸਿਆ। ਮੋਦੀ ਮੁਤਾਬਕ ਇਹ ਚੋਣ ਨਤੀਜੇ ਭਾਰਤ ਦੇ ਮਜ਼ਬੂਤ ਲੋਕਤੰਤਰ ਨੂੰ ਵੀ ਦਿਖਾਉਂਦੇ ਹਨ ਕਿ ਇਕ ਸਥਿਰ ਸਰਕਾਰ ਲਈ ਜਨਤਾ ਕਿਵੇਂ ਸੋਚ-ਸਮਝ ਕੇ ਵੋਟਾਂ ਪਾ ਰਹੀ ਹੈ।