ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਘਰਾਂ ਦੇ ਨੇੜੇ ਦੇਣ ਦੇ ਟੀਚੇ ਅਧੀਨ ਦਿਨ ਪ੍ਰਤੀ ਦਿਨ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਮਕਸਦ ਤਹਿਤ ਭਾਰਤ ਸਰਕਾਰ ਵੱਲੋਂ ਮਾਨਯੋਗ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਆਯੂਸ਼ਮਾਨ ਭਵ ਮੁਹਿੰਮ ਦੀ ਸ਼ੁਰੂਆਤ ਕੀਤੀ। ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਕਾਰਜ਼ਕਾਰੀ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਤੇ ਸੀਨੀਅਰ ਮੈਡੀਕਲ ਅਫਸਰ ਪਮਿਲ ਬਾਂਸਲ ਦੀ ਪ੍ਰਧਾਨਗੀ ਹੇਠ ਮੁਹਿੰਮ ਸਬੰਧੀ ਬਲਾਕ ਸੰਗਤ ਦੀਆਂ ਸਮੂਹ ਆਸ਼ਾ ਦੀ ਟੇ੍ਨਿੰਗ ਕਰਵਾਈ ਗਈ। ਇਸ ਸਮੇਂ ਡਾ ਬਾਂਸਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 17 ਸਤੰਬਰ ਤੋਂ 2 ਅਕਤੂਬਰ ਤਕ ਸੇਵਾ ਪਖਵਾੜਾ ਮਨਾਇਆ ਜਾ ਰਿਹਾ ਹੈ। ਇਸ ਪਖਵਾੜੇ ਵਿਚ ਆਯੂਸ਼ਮਾਨ ਮੁਹਿੰਮ, ਸਵੱਛਤਾ ਅਭਿਆਨ, ਅੰਗਦਾਨ ਪ੍ਰਤੀ ਪ੍ਰਣ, ਖੂਨਦਾਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਪਖਵਾੜੇ ਦੌਰਾਨ ਆਯੂਸ਼ਮਾਨ ਆਪ ਕੇ ਦੁਆਰ, ਆਯੂਸ਼ਮਾਨ ਮੇਲਾ ਅਤੇ ਆਯੂਸ਼ਮਾਨ ਸਭਾ ਮਨਾਈਆਂ ਜਾਣਗੀਆਂ। ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਦੱਸਿਆ ਕਿ ਇਸ ਸਮੇਂ ਪੀਪੀਟੀ ਰਾਹੀਂ ਵੀ ਆਸ਼ਾ ਨੂੰ ਜਾਗਰੂਕ ਕੀਤਾ ਗਿਆ। ਇਸ ਸਮੇਂ ਅੰਗ ਦਾਨ ਕਰਨ ਲਈ ਅਤੇ ਟੀਬੀ. ਦੇ ਮਰੀਜਾਂ ਦੀ ਸਹਾਇਤਾ ਕਰਨ ਦਾ ਪ੍ਰਣ ਵੀ ਕਰਵਾਇਆ ਗਿਆ। ਉਨਾਂ੍ਹ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡ ਪੱਧਰ ‘ਤੇ ਆਯੂਸ਼ਮਾਨ ਯੋਜਨਾ ਦੇ ਕਾਰਡ ਬਣਾਏ ਜਾਣਗੇ ਜੋ ਕਿ ਆਸ਼ਾ ਵੱਲੋਂ ਘਰ ਘਰ ਜਾ ਕੇ ਵੰਡੇ ਜਾਣਗੇ। ਇਸ ਦੇ ਨਾਲ ਹੀ ਆਭਾ ਆਈਡੀ ਵੀ ਬਣਾਈਆਂ ਜਾਣਗੀਆਂ ਤਾਂ ਜੋ ਸਿਹਤ ਸੇਵਾਵਾਂ ਨੂੰ ਡਿਜੀਟਲ ਕੀਤਾ ਜਾ ਸਕੇ। ਇਸ ਦੇ ਨਾਲ ਹੀ ਵੱਖ ਵੱਖ ਵਿਭਾਗਾਂ ਪੰਚਾਇਤਾਂ ਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਸਿਹਤ ਸਕੀਮਾਂ ਬਾਰੇ ਜਾਗਰੂਕ ਕਰਕੇ ਘਰ ਤੱਕ ਸਿਹਤ ਸਹੂਲਤਾਂ ਨੂੰ ਪਹੁੰਚਦਾ ਕੀਤਾ ਜਾਵੇਗਾ।