ਬੈਂਗਲੁਰੂ (ਪੀਟੀਆਈ) : ਮੁਹਾਲੀ ਤੇ ਇੰਦੌਰ ’ਚ ਜਿੱਤਾਂ ਦਰਜ ਕਰਨ ਨਾਲ ਹੀ ਪਹਿਲਾਂ ਹੀ ਸੀਰੀਜ਼ ਆਪਣੇ ਨਾਂ ਕਰ ਚੁੱਕੀ ਭਾਰਤੀ ਟੀਮ ਅਫ਼ਗਾਨਿਸਤਾਨ ਖ਼ਿਲਾਫ਼ ਬੁੱਧਵਾਰ ਨੂੰ ਤੀਜੇ ਤੇ ਆਖ਼ਰੀ ਟੀ-20 ਮੈਚ ਵਿਚ ਇਸ ਲੈਅ ਨੂੰ ਕਾਇਮ ਰੱਖਦੇ ਹੋਏ ‘ਕਲੀਨ-ਸਵੀਪ’ ਕਰਨ ਦੇ ਇਰਾਦੇ ਨਾਲ ਉਤਰੇਗੀ ਤੇ ਕਪਤਾਨ ਰੋਹਿਤ ਸ਼ਰਮਾ ਦੇ ਲੈਅ ਵਿਚ ਮੁੜਨ ਦੀ ਵੀ ਉਮੀਦ ਕਰ ਰਹੀ ਹੋਵੇਗੀ। ਜੂਨ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਹ ਭਾਰਤੀ ਟੀਮ ਦਾ ਆਖ਼ਰੀ ਟੀ-20 ਮੁਕਾਬਲਾ ਹੋਵੇਗਾ। ਟੀਮ ਮੈਨੇਜਮੈਂਟ ਕੋਈ ਕੁਤਾਹੀ ਵਰਤਣਾ ਨਹੀਂ ਚਾਹੇਗੀ। ਦੋਵਾਂ ਮੈਚਾਂ ਵਿਚ ਛੇ ਵਿਕਟਾਂ ਨਾਲ ਮਿਲੀ ਜਿੱਤ ਵਿਚ ਪਹਿਲੀ ਹੀ ਗੇਂਦ ਤੋਂ ਹਮਲਾ ਕਰਨ ਦੀ ਭਾਰਤ ਦੀ ਰਣਨੀਤੀ ਅਹਿਮ ਰਹੀ। ਭਾਰਤ ਨੇ ਪਹਿਲੇ ਮੈਚ ਵਿਚ 159 ਦੌੜਾਂ ਦਾ ਟੀਚਾ 17.3 ਓਵਰਾਂ ਵਿਚ ਤੇ ਦੂਜੇ ਵਿਚ 173 ਦੌੜਾਂ ਦਾ ਟੀਚਾ 15.4 ਓਵਰਾਂ ਵਿਚ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਟੀ-20 ਵਿਚ ਭਾਰਤੀ ਟੀਮ ਸ਼ੁਰੂ ਵਿਚ ਸਾਵਧਾਨੀ ਨਾਲ ਖੇਡ ਕੇ ਆਖ਼ਰੀ ਓਵਰਾਂ ਵਿਚ ਹੱਥ ਖੋਲ੍ਹਣ ਦੀ ਰਣਨੀਤੀ ਅਪਣਾਉਂਦੀ ਆਈ ਹੈ ਪਰ ਹੁਣ ਬੱਲੇਬਾਜ਼ ਪਹਿਲੀ ਗੇਂਦ ਤੋਂ ਹੀ ਹਮਲਾਵਰ ਕ੍ਰਿਕਟ ਖੇਡ ਰਹੇ ਹਨ ਤੇ ਸ਼ਿਵਮ ਦੁਬੇ ਤੇ ਵਿਰਾਟ ਕੋਹਲੀ ਨੇ ਇਸ ਦੀ ਮਿਸਾਲ ਪੇਸ਼ ਕੀਤੀ ਹੈ।

ਕਪਤਾਨ ਰੋਹਿਤ ਦਾ ਬੱਲਾ ਅਜੇ ਤੱਕ ਨਹੀਂ ਚੱਲਿਆ ਹੈ। ਪਹਿਲੇ ਮੈਚ ਵਿਚ ਸ਼ੁਭਮਨ ਗਿੱਲ ਨਾਲ ਗ਼ਲਤਫਹਿਮੀ ਹੋਣ ’ਤੇ ਉਹ ਰਨ ਆਊਟ ਹੋ ਗਏ ਜਦਕਿ ਦੂਜੇ ਮੈਚ ਵਿਚ ਫਜਲਹਕ ਫ਼ਾਰੂਕੀ ਦੀ ਗੇਂਦ ਨੂੰ ਚੰਗੀ ਤਰ੍ਹਾਂ ਪੜ੍ਹ ਨਹੀਂ ਸਕੇ ਤੇ ਸਸਤੇ ਵਿਚ ਵਿਕਟ ਗੁਆ ਦਿੱਤੀ। ਦੋ ਮੈਚਾਂ ਵਿਚ ਦੋ ਹੀ ਦੌੜਾਂ ਬਣਾ ਸਕੇ ਰੋਹਿਤ ਦੀ ਲੈਅ ਨਾਲ ਟੀਮ ਮੈਨੇਜਮੈਂਟ ਚਿੰਤਤ ਨਹੀਂ ਹੋਵੇਗੀ ਪਰ ਆਖ਼ਰੀ ਮੈਚ ਵਿਚ ਉਨ੍ਹਾਂ ਤੋਂ ਵੱਡੀ ਪਾਰੀ ਦੀ ਉਮੀਦ ਜ਼ਰੂਰ ਹੋਵੇਗੀ। ਇਸ ਮੈਚ ਵਿਚ ਬੱਲੇਬਾਜ਼ੀ ਨੰਬਰ ਵਿਚ ਚਾਹੇ ਤਬਦੀਲੀ ਨਾ ਕੀਤੀ ਜਾਵੇ ਪਰ ਕੁਲਦੀਪ ਯਾਦਵ ਤੇ ਆਵੇਸ਼ ਖ਼ਾਨ ਨੂੰ ਮੌਕਾ ਮਿਲ ਸਕਦਾ ਹੈ। ਕੁਲਦੀਪ ਨੂੰ ਰਵੀ ਬਿਸ਼ਨੋਈ ਜਾਂ ਵਾਸ਼ਿੰਗਟਨ ਸੁੰਦਰ ਦੀ ਥਾਂ ਤੇ ਆਵੇਸ਼ ਨੂੰ ਮੁਕੇਸ਼ ਕੁਮਾਰ ਦੀ ਥਾਂ ’ਤੇ ਉਤਾਰਿਆ ਜਾ ਸਕਦਾ ਹੈ। ਵਿਕਟਕੀਪਰ ਜਿਤੇਸ਼ ਸ਼ਰਮਾ ਰਾਏਪੁਰ ਵਿਚ ਪਿਛਲੇ ਸਾਲ ਆਸਟ੍ਰੇਲੀਆ ਖ਼ਿਲਾਫ਼ ਚੌਥੇ ਮੈਚ ਤੋਂ ਬਾਅਦ ਤੋਂ ਟੀ-20 ਖੇਡ ਰਹੇ ਹਨ। ਉਨ੍ਹਾਂ ਨੂੰ ਆਰਾਮ ਦੇਣ ਦਾ ਵਿਚਾਰ ਹੋਣ ’ਤੇ ਸੰਜੂ ਸੈਮਸਨ ਨੂੰ ਉਤਾਰਿਆ ਜਾ ਸਕਦਾ ਹੈ। ਦੂਜੇ ਪਾਸੇ ਅਫ਼ਗਾਨਿਸਤਾਨ ਨੂੰ ਸਲਾਮੀ ਬੱਲੇਬਾਜ਼ਾਂ ਰਹਿਮਾਨੁੱਲ੍ਹਾ ਗੁਰਬਾਜ਼ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਜੋ ਦੋਵਾਂ ਮੈਚਾਂ ਵਿਚ ਨਾਕਾਮ ਰਹੇ ਹਨ।

ਦੋਵਾਂ ਟੀਮਾਂ ’ਚ ਸ਼ਾਮਲ ਖਿਡਾਰੀ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ, ਸੰਜੂ ਸੈਮਸਨ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਆਵੇਸ਼ ਖ਼ਾਨ, ਮੁਕੇਸ਼ ਕੁਮਾਰ।

ਅਫ਼ਗਾਨਿਸਤਾਨ : ਇਬ੍ਰਾਹਿਮ ਜ਼ਾਦਰਾਨ (ਕਪਤਾਨ), ਰਹਿਮਾਨੁੱਲ੍ਹਾ ਗੁਰਬਾਜ਼, ਇਕਰਾਮ ਅਲੀਖਿਲ, ਹਜ਼ਰਤੁੱਲ੍ਹਾ ਜਜਈ, ਰਹਿਮਤ ਸ਼ਾਹ, ਨਜੀਬੁੱਲ੍ਹਾ ਜ਼ਾਦਰਾਨ, ਮੁਹੰਮਦ ਨਬੀ, ਕਰੀਮ ਜੰਨਤ, ਅਜ਼ਮਤੁੱਲ੍ਹਾ ਓਮਰਜਈ, ਸ਼ਰਾਫੂਦੀਨ ਅਸ਼ਰਫ਼, ਮੁਜੀਬ ਉਰ ਰਹਿਮਾਨ, ਫਜਲਹਕ ਫ਼ਾਰੂਕੀ, ਫਰੀਦ ਅਹਿਮਦ, ਨਵੀਨ ਉਲ ਹੱਕ, ਨੂਰ ਅਹਿਮਦ, ਮੁਹੰਮਦ ਸਲੀਮ, ਕੈਸ ਅਹਿਮਦ, ਗੁਲਬਦੀਨ ਨਾਇਬ।