ਪੰਜਾਬੀ ਸਿਨੇਮਾ ਦੇ ਵਰ੍ਹਾ 2023 ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਜ਼ਿਆਦਾਤਰ ਨਿਰਮਾਤਾਵਾਂ ਲਈ ਇਹ ਸਾਲ ਕੋਈ ਬਹੁਤਾ ਲਾਭਕਾਰੀ ਨਹੀਂ ਰਿਹਾ। ਇਸ ਸਾਲ ਕੁਝ ਚੋਣਵੀਆਂ ਫਿਲਮਾਂ ਹੀ ਆਪਣਾ ਵੱਕਾਰ ਤੇ ਕਾਰੋਬਾਰ ਕਾਇਮ ਰੱਖਣ ਵਿਚ ਸਫਲ ਰਹੀਆਂ। ਜ਼ਿਆਦਾਤਰ ਵੱਡੇ ਬਜਟ ਤੇ ਵੱਡੇ ਨਾਵਾਂ ਨਾਲ ਭਰਪੂਰ ਹੋਣ ਦੇ ਬਾਵਜੂਦ ਟਿਕਟ ਖਿੜਕੀ ’ਤੇ ਆਪਣਾ ਵਜੂਦ ਬਚਾਅ ਨਹੀਂ ਸਕੀਆਂ। ਪਹਿਲੀ ਛਿਮਾਹੀ ਜਿੱਥੇ ਆਸਾਂ-ਉਮੀਦਾਂ ਨਾਲ ਭਰਪੂਰ ਤੇ ਸੰਭਾਵਨਾਵਾਂ ਜਗਾਉਣ ਵਾਲਾ ਸਾਬਤ ਹੋਈ ਉੱਥੇ ਦੂਜੀ ਛਿਮਾਹੀ ਨੇ ਦਰਸ਼ਕਾਂ ਪੱਲੇ ਨਿਰਾਸ਼ਾ ਹੀ ਪਾਈ। ਇਸ ਵਰ੍ਹੇ ਪੰਜਾਬੀ ਦਰਸ਼ਕਾਂ ਨੇ ਇਕ ਗੱਲ ਸਾਬਤ ਕਰ ਦਿੱਤੀ ਕਿ ਵਧੀਆ ਤੇ ਗ਼ੈਰ-ਮਿਆਰੀ ਫਿਲਮਾਂ ਵਿਚਕਾਰ ਕੀ ਫਰਕ ਹੁੰਦਾ ਹੈ। ਸਿਨੇਮਾ ਪ੍ਰੇਮੀਆਂ ਨੇ ਅਜਿਹੀਆਂ ਫਿਲਮਾਂ ਨੂੰ ਨਕਾਰਦਿਆਂ ਇਹ ਅਹਿਸਾਸ ਵੀ ਕਰਵਾ ਦਿੱਤਾ ਕਿ ਬੇਸਿਰ ਪੈਰ ਦੀ ਬਣਾਈ ਕੋਈ ਵੀ ਫਿਲਮ ਬਹੁ-ਕਰੋੜੀ ਪ੍ਰਮੋਸ਼ਨਲ ਈਵੇਂਟਸ ਸਹਾਰੇ ਸਫਲ ਨਹੀਂ ਬਣਾਈ ਜਾ ਸਕਦੀ।

‘ਮਸਤਾਨੇ’ ਨੇ ਵਧਾਇਆ ਮਾਣ

ਪੰਜਾਬੀ ਸਿਨੇਮਾ ਲਈ ਵੱਖਰੇ ਵਿਸ਼ੇ ਅਧੀਨ ਇਸ ਸਾਲ ਬਣਾਈਆਂ ਗਈਆ ਫਿਲਮਾਂ ਵਿਚੋਂ ਜਿਸ ਨੇ ਸਭ ਤੋਂ ਵੱਧ ਚਰਚਾ ਤੇ ਸ਼ਲਾਘਾ ਬਟੋਰੀ ਉਹ ਸੀ ਸਿੱਖ ਇਤਿਹਾਸ ਦੀ ਸ਼ਾਨਾਮੱਤੀ ਤਰਜ਼ਮਾਨੀ ਕਰਦੀ ਫਿਲਮ ‘ਮਸਤਾਨੇ’। ਇਸ ਫਿਲਮ ਵਿਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਆਦਿ ਸਮੇਤ ਕਈ ਨਾਮਵਰ ਕਲਾਕਾਰਾਂ ਨੇ ਕੰਮ ਕੀਤਾ। ਫਿਲਮ ਨੇ ਕਾਮਯਾਬੀ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ, ਜੋ ‘ਕੈਰੀ ਆਨ ਜੱਟਾ 3’ ਤੋਂ ਬਾਅਦ ਇਸ ਵਰ੍ਹੇ ਦੀ ਵੱਧ ਕਾਰੋਬਾਰ ਕਰਨ ਵਾਲੀ ਫਿਲਮ ਬਣੀ।

ਸੋਨਮ ਬਾਜਵਾ ਦੀ ਅਦਾਕਾਰੀ ਦਾ ਜਾਦੂ

ਪੰਜਾਬੀ ਸਿਨੇਮਾ ਦੀ ਜਿਸ ਅਦਾਕਾਰਾ ਦੀ ਅਦਾਕਾਰੀ ਦਾ ਜਾਦੂ ਸਾਲ 2023 ਵਿਚ ਦਰਸ਼ਕਾਂ ਦੇ ਸਿਰ ਪੂਰੀ ਤਰ੍ਹਾਂ ਚੜ੍ਹ ਕੇ ਬੋਲਿਆ, ਉਹ ਸੀ ਸੋਨਮ ਬਾਜਵਾ, ਜਿਸ ਨੇ ‘ਕੈਰੀ ਆਨ ਜੱਟਾ 3’ ਦੇ ਨਾਲ ਨਾਲ ‘ਗੋਡੇ ਗੋਡੇ ਚਾਅ’ ਨੂੰ ਵੀ ਕਾਮਯਾਬੀ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਪਾਲੀਵੁੱਡ ਦੀ ਬੇਹਤਰੀਨ ਅਦਾਕਾਰਾ ਵੱਜੋਂ ਆਪਣੀ ਪਛਾਣ ਸਥਾਪਤ ਕਰ ਲੈਣ ਵਾਲੀ ਇਸ ਅਦਾਕਾਰਾ ਨੇ ਇਸ ਫਿਲਮ ਨਾਲ ਇਹ ਅਹਿਸਾਸ ਵੀ ਬਾਖ਼ੂਬੀ ਕਰਵਾਇਆ ਕਿ ਉਹ ਅਪਣੇ ਦਮ ’ਤੇ ਵੀ ਫਿਲਮ ਨੂੰ ਕਾਮਯਾਬ ਬਣਾਉਣ ਦੀ ਪੂਰਨ ਸਮਰੱਥਾ ਰੱਖਦੀ ਹੈ।

‘ਮੌੜ’ ਨੇ ਵੀ ਕੀਤਾ ਰੁਤਬਾ ਬੁਲੰਦ

ਪੰਜਾਬੀ ਸਿਨੇਮਾ ਨੂੰ ਕੰਟੈਂਟ ਤੇ ਫਿਲਮਾਂਕਣ ਪੱਖੋਂ ਨਵੇਂ ਆਯਾਮ ਦੇਣ ਵਿਚ ਜਿਸ ਫਿਲਮ ਨੇ ਇਸ ਸਾਲ ਸਭ ਤੋਂ ਵਧ ਤੇ ਅਹਿਮ ਯੋਗਦਾਨ ਪਾਇਆ, ਉਹ ਸੀ ਸਾਲ ਦੇ ਅੱਧ ’ਚ ਰਿਲੀਜ਼ ਹੋਈ ਫਿਲਮ ‘ਮੌੜ – ਲਹਿੰਦੀ ਰੁੱਤ ਦੇ ਹਾਣੀ’। ਇਸ ਦਾ ਨਿਰਦੇਸ਼ਨ ਫਿਲਮਕਾਰ ਜਤਿੰਦਰ ਮੌਹਰ ਨੇ ਕੀਤਾ, ਜੋ ਇਸ ਤੋਂ ਪਹਿਲਾਂ ਵੀ ਕਈ ਉਮਦਾ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ। ਅਮਰਿੰਦਰ ਗਿੱਲ ਵੱਲੋਂ ਬਣਾਈ ਗਈ ਇਸ ਫਿਲਮ ਨੇ ਟਿਕਟ ਖਿੜਕੀ ’ਤੇ ਜਿੱਥੇ ਆਪਣੀ ਸਰਦਾਰੀ ਕਾਇਮ ਕੀਤੀ, ਉੱਥੇ ਫਿਲਮ ਨਾਲ ਜੁੜੇ ਤਮਾਮ ਐਕਟਰਾਂ ਨੂੰ ਵੀ ਨਵੇਂ ਰੰਗ ਵਿਚ ਪੇਸ਼ ਕੀਤਾ।

‘ਕੈਰੀ ਆਨ ਜੱਟਾ 3’ ਨੇ ਸਿਰਜਿਆ ਇਤਿਹਾਸ

ਪੰਜਾਬੀ ਸਿਨੇਮਾ ਨੂੰ ਪੱਕੇ ਪੈਰੀਂ ਕਰਨ ਵਿਚ ਜਿਸ ਫਿਲਮ ਨੇ ਅਹਿਮ ਭੂਮਿਕਾ ਨਿਭਾਈ, ਉਹ ਸੀ ‘ਕੈਰੀ ਆਨ ਜੱਟਾ 3’, ਜਿਸ ਦਾ ਨਿਰਮਾਣ ਗਿੱਪੀ ਗਰੇਵਾਲ ਵੱਲੋਂ ਕੀਤਾ ਗਿਆ। ਸਮੀਪ ਕੰਗ ਨਿਰਦੇਸ਼ਿਤ ਇਹ ਫਿਲਮ ਪੰਜਾਬੀ ਸਿਨੇਮਾ ਇਤਿਹਾਸ ਦੀ ਪਹਿਲੀ ਅਜਿਹੀ ਫਿਲਮ ਬਣੀ ਜਿਹੜੀ 100 ਕਰੋੜ ਕਲੱਬ ਵਿਚ ਸ਼ਾਮਲ ਹੋਈ। ਇਹ ਫਿਲਮ ਗਿੱਪੀ ਗਰੇਵਾਲ ਵੱਲੋਂ ਬਣਾਈਆਂ ਤੇ ਹਿੱਟ ਫਿਲਮਾਂ ਵਿਚੋਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਵੀ ਬਣੀ। ਦੇਸ਼-ਵਿਦੇਸ਼ ਵਿਚ ਕਾਮਯਾਬੀ ਦੇ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲੀ ਇਸ ਫਿਲਮ ਦੀ ਚਰਚਾ ਬਾਲੀਵੁੱਡ ਗਲਿਆਰਿਆਂ ਵਿਚ ਵੀ ਖ਼ੂਬ ਰਹੀ।

ਦਿਲਜੀਤ ਦੋਸਾਂਝ ਨੇ ਜਮਾਈ ਰੱਖੀ ਧਾਂਕ

ਸਾਲ 2022 ਵਿਚ ਆਈ ਸੁਪਰਹਿੱਟ ਫਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਨਾਲ ਟਿਕਟ ਖਿੜਕੀ ’ਤੇ ਆਪਣੀ ਸਰਦਾਰੀ ਕਾਇਮ ਕਰਨ ਵਾਲੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਵਰ੍ਹੇ ਰਿਲੀਜ਼ ਹੋਈ ਆਪਣੀ ਇਕ ਹੋਰ ਬਹੁ-ਚਰਚਿਤ ਫਿਲਮ ‘ਜੋੜੀ’ ਨਾਲ ਸਫਲਤਾ ਦਾ ਸਿਲਸਿਲਾ ਬਰਕਰਾਰ ਰੱਖਣ ਵਿਚ ਕਾਮਯਾਬ ਰਹੇ। ਇਸ ਰੋਮਾਂਟਿਕ ਕਾਮੇਡੀ ਫਿਲਮ ਦਾ ਲੇਖਨ ਤੇ ਨਿਰਦੇਸ਼ਨ ਅੰਬਰਦੀਪ ਸਿੰਘ ਨੇ ਕੀਤਾ। ਇਸ ਫਿਲਮ ਨੇ ਦੁਨੀਆ ਭਰ ਵਿਚ ਸਫਲਤਾ ਤੇ ਕਾਰੋਬਾਰ ਪੱਖੋਂ ਨਵੇਂ ਰਿਕਾਰਡ ਬਣਾਏ।

ਨਾਮੀ ਕਲਾਕਾਰਾਂ ਤੋਂ ਬਿਨਾਂ ਵੀ ਕਾਮਯਾਬ ਹੋਈਆਂ ਫਿਲਮਾਂ

ਸਾਲ 2023 ਕਈ ਕਾਰਨਾਂ ਕਰ ਕੇ ਖ਼ਾਸ ਵੀ ਰਿਹਾ, ਜਿਨ੍ਹਾਂ ਵਿਚੋਂ ਸਭ ਤੋਂ ਅਹਿਮ ਪੱਖ ਇਹ ਵੀ ਰਿਹਾ ਕਿ ਰਿਲੀਜ਼ ਹੋਈਆਂ ਫਿਲਮਾਂ ਵਿਚੋਂ ਕੁਝ ਅਰਥ ਭਰਪੂਰ ਕਹਾਣੀ ਹੋਣ ਕਾਰਨ ਦਰਸ਼ਕਾਂ ਦੀ ਭਰਵੀਂ ਪ੍ਰਸੰਸਾ ਹਾਸਲ ਕਰ ਗਈਆਂ। ਇਨ੍ਹਾਂ ਵਿਚ ‘ਤੂੰ ਹੋਵੇਂ ਮੈਂ ਹੋਵਾਂ’, ‘ਮੈਡਲ’, ‘ਚਿੜੀਆਂ ਦਾ ਚੰਬਾ’, ‘ਜੂਨੀਅਰ’, ‘ਬੱਲੇ ਓ ਚਲਾਕ ਸੱਜਣਾਂ’, ‘ਪੌਣੇ 9’ ਆਦਿ ਸ਼ਾਮਲ ਹਨ।

ਸਟਾਰਜ਼ ਜੋ ਨਹੀਂ ਦਿਖਾ ਸਕੇ ਅਸਰ

ਪੰਜਾਬੀ ਸਿਨੇਮਾ ਦੇ ਕਈ ਵੱਡੇ ਸਟਾਰਜ਼ ਦਾ ਕ੍ਰੇਜ਼ ਇਸ ਸਾਲ ਦਰਸ਼ਕਾਂ ਦੇ ਮਨਾਂ ਵਿਚ ਕਾਇਮ ਨਹੀਂ ਰਹਿ ਸਕਿਆ। ਬਹੁਤ ਸਾਰੇ ਨਾਮੀ ਚਿਹਰੇ ਬਾਕਸ ਆਫਿਸ ’ਤੇ ਦਰਸ਼ਕਾਂ ਦੀ ਪ੍ਰਸ਼ੰਸਾ ਹਾਸਲ ਕਰਨ ਵਿਚ ਕਾਮਯਾਬ ਨਹੀਂ ਹੋਏ, ਜਿਨ੍ਹਾਂ ਵਿਚ ਜਿੰਮੀ ਸ਼ੇਰਗਿੱਲ, ਗੁਰਨਾਮ ਭੁੱਲਰ, ਰਣਜੀਤ ਬਾਵਾ, ਹਰੀਸ਼ ਵਰਮਾ, ਰੋਸ਼ਨ ਪਿ੍ਰੰਸ ਆਦਿ ਦੇ ਨਾਂ ਸ਼ੁਮਾਰ ਹਨ। ਕਈ ਵੱਡੇ ਨਾਂ ਅਜਿਹੇ ਵੀ ਹਨ ਜਿਨ੍ਹਾਂ ਦੀਆਂ ਫਿਲਮਾਂ ਨੂੰ ਦਰਸ਼ਕਾਂ ਦਾ ਹਾਂਪੱਖੀ ਹੁੰਗਾਰਾ ਨਹੀਂ ਮਿਲ ਸਕਿਆ।

– ਪਰਮਜੀਤ ਫਰੀਦਕੋਟ