ਵਿਕਾਸ ਸ਼ਰਮਾ, ਚੰਡੀਗੜ੍ਹ : ਕਾਸ਼ਵੀ ਗੌਤਮ (Kashvi Gautam) ਜੋ ਗਲੀ ਦੇ ਮੁੰਡਿਆਂ ਨਾਲ ਕ੍ਰਿਕਟ ਖੇਡਦੀ ਸੀ, ਅੱਜ ਕ੍ਰਿਕਟ ਜਗਤ ਦਾ ਉਭਰਦਾ ਸਿਤਾਰਾ ਹੈ। ਯੂਟੀ ਕ੍ਰਿਕਟ ਐਸੋਸੀਏਸ਼ਨ ਵਿਚ ਆਲ ਰਾਊਂਡਰ ਵਜੋਂ ਖੇਡਣ ਵਾਲੀ ਕਾਸ਼ਵੀ ਗੌਤਮ ਦੇ ਪਿਤਾ ਸੁਦੇਸ਼ ਸ਼ਰਮਾ ਦਾ ਕਹਿਣਾ ਹੈ ਕਿ ਕਾਸ਼ਵੀ ਨੂੰ ਕ੍ਰਿਕਟਰ ਬਣਾਉਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਸੀ, ਬੱਚੇ ਘਰ ਦੇ ਬਾਹਰ ਅਤੇ ਗਲੀਆਂ ਵਿਚ ਕ੍ਰਿਕਟ ਖੇਡਦੇ ਸੀ, ਕਾਸ਼ਵੀ ਵੀ ਉਨ੍ਹਾਂ ਨਾਲ ਖੇਡਦੀ ਸੀ। ਉਨ੍ਹਾਂ ਨਾਲ ਖੇਡਦਿਆਂ ਕਾਸ਼ਵੀ ਨੂੰ ਹੌਲੀ-ਹੌਲੀ ਖੇਡਾਂ ਵੱਲ ਰੁਚੀ ਪੈਦਾ ਹੋ ਗਈ ਅਤੇ ਉਹ ਲੜਕਿਆਂ ਦੀ ਟੀਮ ਵਿਚ ਖੇਡਣ ਲੱਗ ਪਈ। ਆਪਣੀ ਧੀ ਦੀ ਰੁਚੀ ਦੇਖ ਕੇ ਮੈਂ ਉਸ ਨੂੰ ਸੈਕਟਰ-26 ਕ੍ਰਿਕਟ ਅਕੈਡਮੀ ਦੇ ਕੋਚ ਨਾਗੇਸ਼ ਗੁਪਤਾ ਕੋਲ ਭੇਜਣਾ ਸ਼ੁਰੂ ਕਰ ਦਿੱਤਾ।

ਕੁੜੀਆਂ ਦੇ ਬਹੁਤੇ ਮੈਚ ਨਾ ਹੋਣ ਕਾਰਨ ਕੋਚ ਨਾਗੇਸ਼ ਗੁਪਤਾ ਨੇ ਵੀ ਕਾਸ਼ਵੀ ਨੂੰ ਕਈ ਸਥਾਨਕ ਪੱਧਰ ਦੇ ਟੂਰਨਾਮੈਂਟਾਂ ਵਿਚ ਲੜਕਿਆਂ ਦੀ ਟੀਮ ਵਿਚ ਸ਼ਾਮਲ ਕਰਕੇ ਉਸ ਦੀ ਖੇਡ ਵਿਚ ਸੁਧਾਰ ਲਿਆ। ਉਦੋਂ ਵੀ ਕਾਸ਼ਵੀ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕਰਦੀ ਸੀ। ਕੋਚ ਨਾਗੇਸ਼ ਗੁਪਤਾ ਨੇ ਦੱਸਿਆ ਕਿ ਸਾਲ 2016 ’ਚ ਕਾਸ਼ਵੀ ਉਨ੍ਹਾਂ ਕੋਲ ਕ੍ਰਿਕਟ ਸਿੱਖਣ ਆਈ ਸੀ। ਉਸ ਸਮੇਂ ਉਸ ਦੀ ਉਮਰ 14 ਸਾਲ ਸੀ। ਹਾਲਾਂਕਿ ਹਰ ਕ੍ਰਿਕਟਰ ਸ਼ੁਰੂ ’ਚ ਬੱਲੇਬਾਜ਼ ਬਣਨਾ ਚਾਹੁੰਦਾ ਹੈ ਪਰ ਉਸ ਦੇ ਗੁਣਾਂ ਨੂੰ ਕੋਚ ਹੀ ਪਛਾਣਦਾ ਹੈ। ਮੈਂ ਸ਼ੁਰੂ ਤੋਂ ਹੀ ਕਾਸ਼ਵੀ ਦੀ ਗੇਂਦਬਾਜ਼ੀ ਵਿਚ ਖੁਸ਼ੀ ਦੇਖੀ। ਫਿਰ ਅਸੀਂ ਉਸ ਦੀ ਗੇਂਦਬਾਜ਼ੀ ਦੀ ਸ਼ੁੱਧਤਾ ਅਤੇ ਗਤੀ ’ਤੇ ਕੰਮ ਕੀਤਾ ਅਤੇ ਕਾਸ਼ਵੀ ਨੂੰ ਆਲਰਾਊਂਡਰ ਬਣਾਉਣ ਲਈ ਉਸ ਦੀ ਬੱਲੇਬਾਜ਼ੀ ’ਤੇ ਵੀ ਕੰਮ ਕੀਤਾ। ਕਾਸ਼ਵੀ ਬਹੁਤ ਮਿਹਨਤੀ ਹੈ ਅਤੇ ਉਸ ਨੂੰ ਵਾਰ-ਵਾਰ ਕੁਝ ਨਹੀਂ ਸਮਝਾਉਣਾ ਪੈਂਦਾ। ਇਸ ਦਾ ਨਤੀਜਾ ਹੈ ਕਿ ਕਾਸ਼ਵੀ ਟੀਮ ਦੀਆਂ ਲੋੜਾਂ ਮੁਤਾਬਕ ਮੈਦਾਨ ਵਿਚ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ। ਕਾਸ਼ਵੀ ਨੇ ਸੀਨੀਅਰ ਸਟੇਟ, ਨਾਰਥ ਜ਼ੋਨ ਅਤੇ ਇੰਡੀਆ ਏ ਲਈ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ, ਦੂਜਾ ਉਹ ਆਲਰਾਊਂਡਰ ਹੈ, ਇਸੇ ਲਈ ਗੁਜਰਾਤ ਜਾਇੰਟਜ਼ ਨੇ ਉਸ ’ਤੇ ਭਰੋਸਾ ਜਤਾਇਆ ਹੈ।