ਸਪੋਰਟਸ ਡੈਸਕ, ਨਵੀਂ ਦਿੱਲੀ : ਵਨਡੇ ਵਿਸ਼ਵ ਕੱਪ 2023 ਵਿਚ ਭਾਰਤੀ ਟੀਮ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ। ਟੀਮ ਇੰਡੀਆ ਨੇ ਸੈਮੀਫਾਈਨਲ ਤੱਕ ਸਾਰੇ 10 ਮੈਚ ਜਿੱਤੇ ਅਤੇ ਅੰਕ ਸੂਚੀ ‘ਚ ਸਿਖ਼ਰ ‘ਤੇ ਰਹਿ ਕੇ ਫਾਈਨਲ ਦੀ ਟਿਕਟ ਹਾਸਿਲ ਕੀਤੀ ਪਰ ਖਿਤਾਬੀ ਮੁਕਾਬਲੇ ‘ਚ ਭਾਰਤ ਨੂੰ ਆਸਟ੍ਰੇਲੀਆ ਤੋਂ ਡੂੰਘਾ ਜ਼ਖ਼ਮ ਮਿਲਿਆ।
ਆਸਟ੍ਰੇਲੀਆਈ ਟੀਮ ਨੇ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਹਰਾਇਆ ਤੇ ਇਸ ਹਾਰ ਤੋਂ ਬਾਅਦ ਭਾਰਤੀ ਡਰੈਸਿੰਗ ਰੂਮ ਦਾ ਮਾਹੌਲ ਕਾਫ਼ੀ ਭਾਵੁਕ ਹੋ ਗਿਆ। ਇਸ ਦੌਰਾਨ ਬੀਸੀਸੀਆਈ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਫਾਈਨਲ ਮੈਚ ਤੋਂ ਬਾਅਦ ਡਰੈਸਿੰਗ ਰੂਮ ਵਿਚ ਸਰਵੋਤਮ ਫੀਲਡਰ ਪੁਰਸਕਾਰ ਦੇ ਜੇਤੂ ਦਾ ਐਲਾਨ ਕੀਤਾ ਗਿਆ।
ਫਾਈਨਲ ਮੈਚ ਤੋਂ ਬਾਅਦ ਵਿਰਾਟ ਕੋਹਲੀ ਨੂੰ ਮਿਲਿਆ ਸਰਵੋਤਮ ਫੀਲਡਰ ਦਾ ਮੈਡਲ
ਦਰਅਸਲ ਭਾਰਤੀ ਟੀਮ ਦੇ ਫਾਈਨਲ ਮੈਚ ਹਾਰਨ ਤੋਂ ਬਾਅਦ ਡਰੈਸਿੰਗ ਰੂਮ ਵਿਚ ਸਾਰੇ ਖਿਡਾਰੀਆਂ ਦੇ ਚਿਹਰਿਆਂ ‘ਤੇ ਉਦਾਸੀ ਸੀ। ਇਸ ਦੌਰਾਨ ਇਕ ਮੈਡਲ ਸਮਾਰੋਹ ਕਰਵਾਇਆ ਗਿਆ,ਜਿਸ ਵਿਚ ਫੀਲਡਿੰਗ ਕੋਚ ਟੀ ਦਿਲੀਪ ਨੇ ਵਿਰਾਟ ਕੋਹਲੀ ਨੂੰ ਸਰਵੋਤਮ ਫੀਲਡਰ ਦਾ ਐਵਾਰਡ ਦਿੱਤਾ।
ਜ਼ਿਕਰਯੋਗ ਹੈ ਕਿ ਹਰ ਮੈਚ ਤੋਂ ਬਾਅਦ ਡ੍ਰੈਸਿੰਗ ਰੂਮ ‘ਚ ਆਯੋਜਿਤ ਸਮਾਰੋਹ ਦੌਰਾਨ ਖਿਡਾਰੀਆਂ ‘ਚ ਕਾਫੀ ਉਤਸ਼ਾਹ ਦਾ ਮਾਹੌਲ ਸੀ ਪਰ ਫਾਈਨਲ ‘ਚ ਮਿਲੀ ਹਾਰ ਕਾਰਨ ਡਰੈਸਿੰਗ ਰੂਮ ‘ਚ ਸੰਨਾਟਾ ਛਾ ਗਿਆ। ਕਿੰਗ ਕੋਹਲੀ ਦੇ ਐਵਾਰਡ ਤੋਂ ਬਾਅਦ ਸਾਰੇ ਖਿਡਾਰੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਜਡੇਜਾ ਨੇ ਕਿੰਗ ਕੋਹਲੀ ਦੇ ਗਲੇ ‘ਚ ਮੈਡਲ ਪਾਇਆ ਅਤੇ ਇਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


