ਆਨਲਾਈਨ ਡੈਸਕ, ਨਵੀਂ ਦਿੱਲੀ : ਵਿਸ਼ਵ ਕੱਪ 2023 ਹੁਣ ਤੱਕ ਸ਼ਾਨਦਾਰ ਢੰਗ ਨਾਲ ਲੰਘਿਆ ਹੈ। ਟੂਰਨਾਮੈਂਟ ‘ਚ ਕਈ ਵੱਡੇ ਉਲਟਫੇਰ ਹੋਏ ਹਨ ਜਦਕਿ ਅਫਗਾਨਿਸਤਾਨ ਤੇ ਨੀਦਰਲੈਂਡ ਵਰਗੀਆਂ ਟੀਮਾਂ ਨੇ ਆਪਣੇ ਖੇਡ ਨਾਲ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਇਸ ਮੈਗਾ ਈਵੈਂਟ ‘ਚ ਜਿੱਥੇ ਚੌਕਿਆਂ-ਛੱਕਿਆਂ ਦੀ ਭਰਮਾਰ ਹੋਈ ਉਥੇ ਹੀ ਗੇਂਦਬਾਜ਼ਾਂ ਨੇ ਵੀ ਆਪਣੀ ਕਾਤਿਲ ਗੇਂਦਬਾਜ਼ੀ ਨਾਲ ਦਰਸ਼ਕਾਂ ਨੂੰ ਲੁੱਟਿਆ।

12 ਸਾਲਾਂ ਬਾਅਦ ਭਾਰਤੀ ਧਰਤੀ ‘ਤੇ ਖੇਡੇ ਜਾ ਰਹੇ ਵਨਡੇ ਵਿਸ਼ਵ ਕੱਪ 2023 ਨੇ ਵੀ ਇਕ ਇਤਿਹਾਸਕ ਮੁਕਾਮ ਹਾਸਲ ਕੀਤਾ ਹੈ ਤੇ ਟੂਰਨਾਮੈਂਟ ਨੂੰ ਇਸ ਮਹਾਨ ਉਪਲੱਬਧੀ ਤੱਕ ਲਿਜਾਣ ‘ਚ ਦਰਸ਼ਕਾਂ ਨੇ ਵੱਡੀ ਭੂਮਿਕਾ ਨਿਭਾਈ ਹੈ।

ਵਿਸ਼ਵ ਕੱਪ 2023 ਨੇ ਹਾਸਲ ਕੀਤੀ ਵੱਡੀ ਉਪਲੱਬਧੀ

ਦਰਅਸਲ ਵਿਸ਼ਵ ਕੱਪ 2023 ਵਿੱਚ ਖੇਡੇ ਜਾਣ ਵਾਲੇ ਮੈਚਾਂ ਨੂੰ ਦੇਖਣ ਲਈ ਹੁਣ ਤੱਕ ਕੁੱਲ 10 ਲੱਖ ਫੈਨਜ਼ ਮੈਦਾਨ ਵਿੱਚ ਪਹੁੰਚ ਚੁੱਕੇ ਹਨ ਜੋ ਕਿ ਇੱਕ ਨਵਾਂ ਰਿਕਾਰਡ ਵੀ ਹੈ। ਆਈਸੀਸੀ ਨੇ ਆਪਣੇ ਐਕਸ ਅਕਾਊਂਟ ‘ਤੇ ਤਸਵੀਰ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਵੀ ਇਸ ਵੱਡੀ ਉਪਲਬਧੀ ‘ਤੇ ਟਵੀਟ ਕਰਕੇ ਖੁਸ਼ੀ ਜਤਾਈ ਹੈ।

ਜੈ ਸ਼ਾਹ ਨੇ ਆਪਣੇ ਐਕਸ ਅਕਾਉਂਟ ’ਤੇ ਲਿਖਿਆ, “ਸਾਡਾ ਉਦੇਸ਼ ਸੀ ਕਿ ਇਸ ਵਿਸ਼ਵ ਕੱਪ ਨੂੰ ਸਭ ਤੋਂ ਯਾਦਗਾਰ ਬਣਾਇਆ ਜਾਵੇ ਤੇ ਮੈਨੂੰ ਬਹੁਤ ਖ਼ੁਸੀ ਹੈ ਕਿ ਅਸੀਂ ਪਿਛਲੇ ਸਾਰੇ ਰਿਕਾਰਡਜ਼ ਨੂੰ ਚਕਨਾਚੂਰ ਕਰ ਦਿੱਤਾ ਹੈ। ਜਿਨ੍ਹਾਂ ਨੇ ਇਸ ਮੈਗਾ ਈਵੈਂਟ ਨੂੰ ਸਫ਼ਲ ਬਣਾਉਣ ਲਈ ਸਖ਼ਤ ਮਿਹਨਤ ਕੀਤੀ। ਹੁਣ ਜਦੋਂ ਅਸੀਂ ਮਹੱਤਵਪੂਰਨ ਮੈਚਾਂ ਵੱਲ ਵਧ ਰਹੇ ਹਾਂ ਅਸੀਂ ਟੂਰਨਾਮੈਂਟ ਨੂੰ ਹੋਰ ਯਾਦਗਾਰ ਬਣਾਉਣ ਲਈ ਆਈਸੀਸੀ ਨਾਲ ਕੰਮ ਕਰਾਂਗੇ। ਅਜੇ ਤਾਂ ਸਭ ਤੋਂ ਬੈੱਸਟ ਆਉਣਾ ਬਾਕੀ ਹੈ।”

ਸੈਮੀਫਾਈਨਲ ਟੀਮਾਂ ਦਾ ਫੈਸਲਾ ਹੋ ਚੁੱਕਾ ਹੈ

ਵਿਸ਼ਵ ਕੱਪ 2023 ਦੇ ਸੈਮੀਫਾਈਨਲ ‘ਚ ਭਿੜਨ ਵਾਲੀਆਂ ਚਾਰ ਟੀਮਾਂ ਦੇ ਨਾਂ ਲਗਭਗ ਤਹਿ ਹੋ ਚੁੱਕੇ ਹਨ। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਭਾਰਤੀ ਟੀਮ ਨੇ ਪਹਿਲਾਂ ਆਖਰੀ ਚਾਰ ‘ਚ ਜਗ੍ਹਾ ਬਣਾਈ। ਇਸ ਨਾਲ ਹੀ ਦੱਖਣੀ ਅਫਰੀਕਾ ਨੂੰ ਸੈਮੀਫਾਈਨਲ ਦੀ ਟਿਕਟ ਮਿਲ ਗਈ ਹੈ।

ਆਸਟ੍ਰੇਲੀਆ ਨੇ ਅਫਗਾਨਿਸਤਾਨ ਨੂੰ ਰੋਮਾਂਚਕ ਮੈਚ ‘ਚ ਹਰਾ ਕੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ। ਇਹ ਲਗਭਗ ਤਹਿ ਹੈ ਕਿ ਨਿਊਜ਼ੀਲੈਂਡ ਚੌਥੀ ਟੀਮ ਵਜੋਂ ਸੈਮੀਫਾਈਨਲ ਖੇਡੇਗੀ। ਪਾਕਿਸਤਾਨ ਵੀ ਨਿਊਜ਼ੀਲੈਂਡ ਨਾਲ ਦੌੜ ਵਿੱਚ ਹੈ। ਪਰ ਉਸ ਨੂੰ ਸੈਮੀਫਾਈਨਲ ਖੇਡਣ ਲਈ ਇੰਗਲੈਂਡ ਖ਼ਿਲਾਫ਼ ਚਮਤਕਾਰ ਕਰਨਾ ਹੋਵੇਗਾ।